ਹੋਲਾ ਮਹੱਲਾ ਅਤੇ ਡੇਰਾ ਪਠਲਾਵਾ ਤੋਂ ਪਰਤੇ ਸ਼ਰਧਾਲੂਆਂ ਤੇ ਹੁਣ ਪ੍ਰਸ਼ਾਸ਼ਨ ਦੀ ਪੈਣੀ ਨਜ਼ਰ

Spread the love

ਸਮਾਗਮਾਂ ਚ, ਹਿੱਸਾ ਲੈ ਕੇ ਆਏ ਸ਼ਰਧਾਲੂ ਜ਼ਿਲ੍ਹਾ ਪ੍ਰਸ਼ਾਸਨ ਨਾਲ ਸੰਪਰਕ ਕਰਨ: ਡਿਪਟੀ ਕਮਿਸ਼ਨਰ
-ਇਹਤਿਆਤ ਵਜੋਂ ਸਿਹਤ ਜਾਂਚ ਜ਼ਰੂਰ ਕਰਵਾਉਣ ਸ਼ਰਧਾਲੂ
-ਕਿਸੇ ਵੀ ਤਰ੍ਹਾਂ ਦੀ ਲੋੜ ਪੈਣ ‘ਤੇ ਕੰਟਰੋਲ ਰੂਮ ਨੰਬਰ 01679-234777 ‘ਤੇ ਕੀਤਾ ਜਾਵੇ ਸੰਪਰਕ

ਬਰਨਾਲਾ 22 ਮਾਰਚ 2020 
ਲੋਕਾਂ ਨੂੰ ਕੋਰੋਨਾ ਵਾਇਰਸ ਦੇ ਕਹਿਰ ਤੋਂ ਬਚਾਉਣ ਲਈ ਪੱਬਾਂ ਭਾਰ ਹੋ ਕੇ ਦਿਨ ਰਾਤ ਬਚਾਉ ਕੰਮਾਂ ਵਿੱਚ ਲੱਗੇ ਹੋਏ ਪ੍ਰਸ਼ਾਸ਼ਨ ਦੀ ਪੈਣੀ ਨਜ਼ਰ ਹੁਣ ਹੋਲਾ ਮਹੱਲਾ ਦੇ ਸਮਾਗਮਾਂ ਅਤੇ ਡੇਰਾ ਪਠਲਾਵਾ ਦੇ ਪ੍ਰੋਗਰਾਮਾਂ ਵਿੱਚ ਹਿੱਸਾ ਲੈ ਕੇ ਵਾਪਿਸ ਆਪਣੇ ਘਰੋ-ਘਰੀਂ ਪਰਤੇ ਸ਼ਰਧਾਲੂਆਂ ਤੇ ਟਿਕ ਗਈ ਹੈ। ਜਦੋਂ ਕਿ ਪ੍ਰਸ਼ਾਸ਼ਨ ਦੀਆਂ ਨਜ਼ਰ ਪਹਿਲਾਂ ਵਿਦੇਸ਼ੀ ਧਰਤੀ ਤੋਂ ਦੇਸ਼ ਪਰਤੇ ਲੋਕਾਂ ਤੇ ਹੀ ਕੇਂਦਰਿਤ ਰਹੀ ਹੈ। ਪ੍ਰਸ਼ਾਸ਼ਨ ਨੇ ਖੁਫੀਆਂ ਤੰਤਰ ਦੇ ਸਹਿਯੋਗ ਨਾਲ ਇੱਨ੍ਹਾਂ ਦੋਵਾਂ ਧਾਰਮਿਕ ਸਮਾਗਮਾਂ ਚ, ਸ਼ਾਮਿਲ ਹੋਣ ਵਾਲੇ ਸ਼ਰਧਾਲੂਆਂ ਦੇ ਅੰਕੜੇ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ ਹਨ। ਉੱਥੇ ਹੀ ਪ੍ਰਸ਼ਾਸ਼ਨ ਨੇ ਲੋਕਾਂ ਨੂੰ ਖੁਦ ਵੀ ਇਸ ਤਰਾਂ ਦੀ ਜਾਣਕਾਰੀ ਪ੍ਰਸ਼ਾਸ਼ਨ ਤੱਕ ਅੱਪੜਦੀ ਕਰਨ ਲਈ ਅਪੀਲ ਵੀ ਕੀਤੀ ਹੈ। ਪ੍ਰਸ਼ਾਸ਼ਨਿਕ ਸੂਤਰਾਂ ਅਨੁਸਾਰ ਪ੍ਰਸ਼ਾਸ਼ਨ ਪੇਂਡੂ ਖੇਤਰਾਂ ਦੀਆਂ ਪੰਚਾਇਤਾਂ ਤੇ ਸ਼ਹਿਰੀ ਖੇਤਰਾਂ ਦੀਆਂ ਨਗਰ ਕੌਸਲਾਂ ਅਤੇ ਨਗਰ ਪੰਚਾਇਤ ਦੇ ਨੁਮਾਇੰਦਿਆਂ ਨੂੰ ਵੀ ਅਜ਼ਿਹੀ ਸੂਚਨਾ ਦੇਣ ਲਈ ਹੁਕਮ ਚਾੜ੍ਹ ਦਿੱਤੇ ਹਨ। ਡਿਪਟੀ ਕਮਿਸ਼ਨਰ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਨੇ ਖੁਦ ਵੀ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਜਿਹੜੇ ਸ਼ਰਧਾਲੂ ਪਿਛਲੇ ਦਿਨੀਂ 7 ਤੋਂ 9 ਮਾਰਚ ਤੱਕ ਸ੍ਰੀ ਆਨੰਦਪੁਰ ਸਾਹਿਬ ਵਿਖੇ ਹੋਲਾ ਮਹੱਲਾ ਸਮਾਗਮਾਂ ਵਿੱਚ ਸ਼ਾਮਲ ਹੋ ਕੇ ਪਰਤੇ ਹਨ, ਉਹ ਸ਼ਰਧਾਲੂ ਜ਼ਿਲ੍ਹਾ ਪ੍ਰਸ਼ਾਸਨ ਨਾਲ ਜ਼ਰੂਰ ਰਾਬਤਾ ਕਰਨ। ਇਸ ਤਰਾਂ ਹਾਲ ਹੀ ਵਿੱਚ ਡੇਰਾ ਨਿਰਮਲ ਬੰਗਾ ਕੁਟੀਆ ਪਠਲਾਵਾ ਤੋਂ ਪਰਤੇ ਜਾਂ ਉਥੇ ਲੰਗਰ ਅਤੇ ਕੀਰਤਨ ਵਿੱਚ ਸ਼ਾਮਲ ਹੋਣ ਵਾਲੇ ਸ਼ਰਧਾਲੂ ਵੀ ਤੁਰੰਤ ਜ਼ਿਲ੍ਹਾ ਪ੍ਰਸ਼ਾਸਨ/ ਸਿਹਤ ਵਿਭਾਗ ਨਾਲ ਸੰਪਰਕ ਕਰਨ ਤਾਂ ਜੋ ਉਨ੍ਹਾਂ ਦੀ ਸਿਹਤ ਜਾਂਚ ਕੀਤੀ ਜਾ ਸਕੇ। ਅਜਿਹੇ ਵਿਅਕਤੀ ਸਵੈ ਇੱਛਾ ਨਾਲ ਸਿਹਤ ਵਿਭਾਗ ਬਰਨਾਲਾ ਦੇ ਕੰਟਰੋਲ ਰੂਮ ਨੰਬਰ 01679-234777 ਜਾਂ ਟੋਲ ਫ੍ਰੀ ਹੈਲਪਲਾਈਨ ਨੰਬਰ 104 ‘ਤੇ ਤੁਰੰਤ ਸੰਪਰਕ ਕਰਨ। ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਵਿੱਚ ਵਿਦੇਸ਼ੋਂ ਪਰਤੇ ਸਮੂਹ ਵਿਅਕਤੀਆਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਦਿਆਂ 2 ਹਫ਼ਤਿਆਂ ਲਈ ਹੋਰਨਾਂ ਲੋਕਾਂ ਤੋਂ ਦੂਰੀ ਬਣਾ ਕੇ ਰੱਖਣ ਤੇ ਇਕੱਲਿਆਂ ਹੀ ਰਹਿਣ। ਉਨ੍ਹਾਂ ਆਮ ਲੋਕਾਂ ਨੂੰ ਵੀ ਵਿਦੇਸ਼ੋਂ ਅਤੇ ਹੋਲਾ ਮੁਹੱਲਾ ਸਮਾਗਮ ਤੋਂ ਅਤੇ ਡੇਰਾ ਨਿਰਮਲ ਬੰਗਾ ਕੁਟੀਆ ਪਠਲਾਵਾ ਤੋਂ ਪਰਤਣ ਵਾਲਿਆਂ ਤੋਂ 14 ਦਿਨਾਂ ਲਈ ਦੂਰੀ ਬਣਾ ਕੇ ਰੱਖਣ ਦੀ ਨਸੀਹਤ ਦਿੱਤੀ ਹੈ। ਉਨ੍ਹਾਂ ਆਖਿਆ ਕਿ ਕਰੋਨਾ ਵਾਇਰਸ ਤੋੋਂ ਬਚਾਅ ਲਈ ਬਾਕੀ ਲੋਕ ਆਪਣੇ ਘਰਾਂ ਵਿੱਚ ਹੀ ਰਹਿਣ ਅਤੇ ਗੰਭੀਰਤਾ ਨਾਲ ਇਸ ਸਬੰਧੀ ਇਹਤਿਆਤ ਵਰਤਣ ਤਾਂ ਜੋ ਅਸੀਂ ਖੁਦ ਸੁਰੱਖਿਅਤ ਰਹੀਏ ਅਤੇ ਦੂਜਿਆਂ ਨੂੰ ਵੀ ਸੁਰੱਖਿਅਤ ਕਰ ਸਕੀਏ।


Spread the love
Scroll to Top