ਹੜ੍ਹ ਕਾਰਨ ਨੁਕਸਾਨੇ ਮਕਾਨਾਂ ਦਾ ਮੁਆਜਵਾ ਵੰਡਣ ਦੀ ਪ੍ਰਕ੍ਰਿਆ ਸ਼ੁਰੂ

ਬਿੱਟੂ ਜਲਾਲਾਬਾਦੀ, ਫਾਜਿ਼ਲਕਾ, 20 ਅਗਸਤ 2023


      ਪੰਜਾਬ ਦੇ ਮੁੱਖ ਮੰਤਰੀ ਸ: ਭਗਵੰਤ ਮਾਨ ਵੱਲੋਂ ਹੜ੍ਹ ਕਾਰਨ ਹੋਏ ਨੁਕਸਾਨ ਦੀ ਭਰਪਾਈ ਸਬੰਧੀ ਦਿੱਤੇ ਹੁਕਮਾਂ ਅਨੁਸਾਰ ਫਾਜਿ਼ਲਕਾ ਜਿ਼ਲ੍ਹਾ ਪ੍ਰਸ਼ਾਸਨ ਵੱਲੋਂ ਪਿੱਛਲੇ ਦਿਨੀ੍ਹ ਹੜ੍ਹਾਂ ਕਾਰਨ ਮਕਾਨਾਂ ਦੇ ਹੋਏ ਨੁਕਸਾਨ ਦੇ ਮੁਆਵਜੇ ਦੀ ਵੰਡ ਸ਼ੁਰੂ ਕਰ ਦਿੱਤੀ ਗਈ ਹੈ।         

      ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਨੇ ਦੱਸਿਆ ਕਿ 16 ਲਾਭਪਾਤਰੀਆਂ ਨੂੰ 10 ਲੱਖ 13 ਹਜਾਰ 500 ਰੁਪਏ ਦਾ ਮੁਆਵਜਾ ਉਨ੍ਹਾਂ ਦੇ ਬੈਂਕ ਖਾਤਿਆਂ ਵਿਚ ਭੇਜਿਆ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਜਿਵੇਂ ਜਿਵੇਂ ਫੀਲਡ ਤੋਂ ਰਿਪੋਰਟਾਂ ਆ ਰਹੀਆਂ ਹਨ ਤੇਜੀ ਨਾਲ ਪ੍ਰਭਾਵਿਤ ਲੋਕਾਂ ਨੂੰ ਮੁਆਵਜਾ ਜਾਰੀ ਕਰਨ ਨੂੰ ਜਿ਼ਲ੍ਹਾ ਪ੍ਰਸ਼ਾਸਨ ਵੱਲੋਂ ਤਰਜੀਹ ਦਿੱਤੀ ਜਾ ਰਹੀ ਹੈ।         

       ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇੰਨ੍ਹਾਂ ਵਿਚ ਪਿੰਡ ਦੋਨਾ ਨਾਨਕਾਂ ਦੇ 5, ਵੱਲ੍ਹੇ ਸ਼ਾਹ ਉਤਾੜ ਦੇ 5, ਢਾਣੀ ਸੱਦਾ ਸਿੰਘ ਦਾ ਇਕ, ਤੇਜਾ ਰੁਹੇਲਾ ਦੇ ਤਿੰਨ, ਮਹਾਤਮ ਨਗਰ ਦਾ ਇਕ  ਅਤੇ ਰਾਮ ਸਿੰਘ ਵਾਲੀ ਭੈਣੀ ਦਾ ਇਕ ਪਰਿਵਾਰ ਸ਼ਾਮਿਲ ਹੈ, ਜਿੰਨ੍ਹਾਂ ਨੂੰ ਮੁਆਵਜਾ ਰਕਮ ਜਾਰੀ ਕੀਤੀ ਗਈ ਹੈ।

     ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮੁੱਖ ਮੰਤਰੀ ਸ: ਭਗਵੰਤ ਮਾਨ ਵੱਲੋਂ ਕੀਤੇ ਨਿਰਦੇਸ਼ਾਂ ਅਨੁਸਾਰ ਜਿ਼ਲ੍ਹਾ ਪ੍ਰਸ਼ਾਸਨ ਹਰ ਪ੍ਰਭਾਵਿਤ ਤੱਕ ਗਿਰਦਾਵਰੀ ਕਰਵਾ ਕੇ ਨੁਕਸਾਨ ਦੀ ਭਰਪਾਈ ਲਈ ਮੁਆਵਜਾ ਜਾਰੀ ਕਰੇਗਾ। ਉਨ੍ਹਾਂ ਨੇ ਕਿਹਾ ਕਿ ਇਹ ਮੁਆਵਜਾ ਮਕਾਨ ਦੇ ਕਿੰਨੇ ਹਿੱਸੇ ਦਾ ਨੁਕਸਾਨ ਹੋਇਆ ਸੀ ਉਸੇ ਅਨੁਸਾਰ ਜਾਰੀ ਕੀਤਾ ਗਿਆ ਹੈ।

DPRO Fazilka Facebook page

Scroll to Top