ਹੱਥ ਖੜ੍ਹੇ ਕਰ ਗਿਆ ਤਹਿਸੀਲਦਾਰ ! ਕਹਿੰਦਾ ਨਾ ਕਿਸੇ ਮੰਗਿਆ ਨਾ ਅਸੀਂ ਜਾਰੀ ਕੀਤਾ ” ਭਾਰ ਮੁਕਤ ਸਰਟੀਫਿਕੇਟ ”

Spread the love

ਬਰਨਾਲਾ ਜ਼ਿਲ੍ਹੇ ‘ਚ ਹੋਏ ਵੱਡੇ ‘ ਈ.ਸੀ ‘ ਘੁਟਾਲੇ ਦੀਆਂ ਪਰਤਾਂ ਉੱਧੜਣ ਲੱਗੀਆਂ

ਜੇ.ਐਸ. ਚਹਿਲ ,ਬਰਨਾਲਾ 6 ਜਨਵਰੀ 2023

    ‘ਮਾਲ ਵਿਭਾਗ ਦੇ ਰਿਕਾਰਡ ਵਿੱਚ ਲੰਘੇ ਕਾਫੀ ਸਮੇਂ ਦੌਰਾਨ ਬਰਨਾਲਾ ਜ਼ਿਲ੍ਹੇ ਅੰਦਰ ਕੁੱਝ ਬੈਂਕਾਂ ਦੀਆਂ ਲੋਨ -ਲਿਮਟ ਫਾਇਲਾਂ ਵਿੱਚ ਲੱਗੇ ਭਾਰ ਮੁਕਤ ਸਰਟੀਫਿਕੇਟ (ਈਸੀ) ਵਿੱਚ ਬਰਨਾਲਾ ਕਚਿਹਰੀਆਂ ਅੰਦਰ ਕੰਮ ਕਰਦੇ ਕੁੱਝ ਵਿਅਕਤੀਆਂ ਵਲੋਂ ਵੱਡੀ ਗਿਣਤੀ ਵਿੱਚ ਕਥਿਤ ਜਾਅਲ੍ਹੀ ਸਰਟੀਫਿਕੇਟ ਤਿਆਰ ਕਰਕੇ ਬੈਂਕਾਂ ਨੂੰ ਦਿੱਤੇ ਗਏ ਹਨ ਅਤੇ ਸਰਟੀਫਿਕੇਟ ਦੀਆਂ ਸਰਕਾਰੀ ਖਜ਼ਾਨੇ ਵਿੱਚ ਜਮ੍ਹਾਂ ਹੋਣ ਵਾਲੀ ਲੱਖਾਂ ਰੁਪਏ ਦੀ ਰਕਮ ਵੀ ਇਸ ਜਾਲ੍ਹਸਾਜੀ ਦੇ ਗੈਰਕਾਨੂੰਨੀ ਧੰਦੇ ‘ਚ ਸ਼ਾਮਿਲ ਵਿਅਕਤੀਆਂ ਨੇ ਬੈਂਕ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਡਕ੍ਹਾਰ ਲਈ ਹੈ। ਭਾਂਵੇਂ ਕਿ ਜ਼ਿਲੇ ਅੰਦਰਲੀਆਂ ਕੁਝ ਬੈਂਕ ਬ੍ਰਾਂਚਾਂ ਅੰਦਰ ਹਜ਼ਾਰਾਂ ਦੀ ਗਿਣਤੀ ਵਿੱਚ ਕਥਿਤ ਜਾਅਲ੍ਹੀ ਭਾਰ ਮੁਕਤ ਸਰਟੀਫਿਕੇਟ ਲੱਗੇ ਹੋਣ ਦਾ ਮਾਮਲਾ ਉੱਭਰ ਕੇ ਸਾਹਮਣੇ ਆਇਆ ਹੈ। ਪਰ ਸਬ ਰਜਿਸਟਰਾਰ ਤਪਾ ਨੇ ਤਾਂ ਉਨ੍ਹਾਂ ਕੋਲ ਵੈਰੀਫਿਕੇਸ਼ਨ ਲਈ ਪਹੁੰਚੇ ਭਾਰ ਮੁਕਤ ਸਰਟੀਫਿਕੇਟ ਉੱਪਰ ਆਪਣੀ ਮੋਹਰ ਅਤੇ ਦਸਤਖ਼ਤਾਂ ਅਧੀਨ ਜਾਰੀ ਕੀਤੇ ਭਾਰ ਮੁਕਤ ਸਰਟੀਫਿਕੇਟ ਤੇ ਇਹ ਰਿਪੋਰਟ ਵੀ ਕਰਕੇ,ਹੱਥ ਖੜ੍ਹੇ ਕਰ ਦਿੱਤੇ  ਕਿ ਪੇਸ਼ ਕੀਤਾ ਗਿਆ ਸਰਟੀਫਿਕੇਟ ਨਾ ਤਾਂ ਕਦੇ ਸਬ ਰਜਿਸਟਰਾਰ ਦਫ਼ਤਰ ਵਿੱਚ ਅਪਲਾਈ ਕੀਤਾ ਗਿਆ ਅਤੇ ਨਾ ਹੀ ਇਹ ਸਬ ਰਜਿਸਟਰਾਰ ਦਫ਼ਤਰ ਵਲੋਂ ਜਾਰੀ ਕੀਤਾ ਗਿਆ ਹੈ।.             

ਕੀ ਹੈ ਪੂਰਾ ਮਾਮਲਾ
   ਹੋਇਆ ਇਉਂ ਕਿ ਮਈ 2019 ਵਿੱਚ ਬਰਨਾਲਾ ਕਚਿਹਰੀ ਕੰਪਲੈਕਸ “ਚ ਬੈਠੇ ਇੱਕ ਵਿਅਕਤੀ ਤੋਂ ਪ੍ਰਾਪਤ 2006 ਤੋਂ 2019 ਤੱਕ ਦਾ ਖੇਵਟ ਨੰਬਰ 511/ 723 ਖੇਵਟ ਦੇ 34 ਕਨਾਲ 3 ਮਰਲੇ ਦਾ ਭਾਰ ਮੁਕਤ ਸਰਟੀਫਿਕੇਟ ਤਿਆਰ ਕਰਕੇ ਬੈਂਕ ਨੂੰ ਜਾਰੀ ਕੀਤਾ ਗਿਆ ਸੀ। ਜਦਕਿ ਜਿਸ ਵਿਅਕਤੀ ਦਾ ਸਰਟੀਫਿਕੇਟ ਜਾਰੀ ਕੀਤਾ ਗਿਆ ਸੀ ,ਉਸ ਵਿਅਕਤੀ ਦੀ 2018 ਚ ਮੌਤ ਹੋ ਚੁੱਕੀ ਸੀ। ਜਦੋਂ ਇਸ ਸੰਬੰਧੀ ਖਾਤਾਧਾਰਕ ਦੇ ਪਰਿਵਾਰ ਨੂੰ ਪਤਾ ਲੱਗਾ ਤਾਂ ਉਹਨਾ ਉਕਤ ਸਰਟੀਫਿਕੇਟ ਸਬ ਰਜਿਸਟਰਾਰ ਤਪਾ ਦੇ ਦਫ਼ਤਰ ਵੈਰੀਫਿਕੇਸ਼ਨ ਲਈ ਪੇਸ਼ ਕਰ ਦਿੱਤਾ । ਜੁਲਾਈ 2020 ਨੂੰ ਸਬ ਰਜਿਸਟਰਾਰ ਤਪਾ ਵਲੋਂ ਉਕਤ ਭਾਰ ਮੁਕਤ ਸਰਟੀਫਿਕੇਟ ਨੂੰ ਕਥਿਤ ਜਾਅਲ੍ਹੀ ਸਰਟੀਫਿਕੇਟ ਕਰਾਰ ਦਿੰਦਿਆਂ ਇਹ ਰਿਪੋਰਟ ਕਰ ਦਿੱਤੀ ਕਿ ਇਹ ਸਰਟੀਫਿਕੇਟ ਨਾ ਤਾਂ ਕਦੇ ਉਹਨਾ ਦੇ ਦਫ਼ਤਰ ਵਿੱਚ ਅਪਲਾਈ ਕੀਤਾ ਗਿਆ ਹੈ ਅਤੇ ਨਾ ਹੀ ਉਹਨਾ ਦੇ ਦਫ਼ਤਰ ਵਲੋਂ ਕਦੇ ਜਾਰੀ ਹੋਇਆ ਹੈ। ਬੀਤੇ ਦਿਨਾ ਦੌਰਾਨ ਇਸ ਪੂਰੇ ਘਪਲੇ ਦੀਆਂ ਪਰਤਾਂ ਖੁੱਲਣ ਤੋਂ ਬਾਅਦ ਭਾਵੇਂ ਕਿ ਅੰਦਰੋਂ -ਅੰਦਰ ਜਿਲੇ ਦੇ ਤਹਿਸੀਲ ਦਫ਼ਤਰ ਅੰਦਰ ਹਫ਼ੜਾ ਦਫੜੀ ਦਾ ਮਹੌਲ ਹੈ ਅਤੇ ਅਧਿਕਾਰੀਆਂ ਵਲੋਂ ਕਥਿਤ ਜਾਅਲ੍ਹੀ ਸਰਟੀਫਿਕੇਟ ਤਿਆਰ ਕਰਕੇ ਦੇਣ ਵਾਲੇ ਵਿਅਕਤੀਆਂ ਤੇ ਕਾਰਵਾਈ ਕਰਨ ਦੀ ਬਿਜਾਏ ਦਫ਼ਤਰ ਅੰਦਰ ਕੰਮ ਕਰਦੇ ਕੁੱਝ ਛੋਟੇ ਵਰਕਰਾਂ ਉੱਪਰ ਇਹ ਗਾਜ ਸੁੱਟ ਕੇ ਮਾਮਲੇ ਨੂੰ ਦਬਾਉਣ ਦੀਆਂ ਕੋਸਿਸਾਂ ਕੀਤੀਆਂ ਜਾ ਰਹੀਆਂ ਹਨ। 


Spread the love
Scroll to Top