–ਐਸਐਸਪੀ ਗੋਇਲ ਨੇ ਲੋਕਾਂ ਨੂੰ ਸੁਚੇਤ ਤੇ ਸਾਵਧਾਨ ਰਹਿਣ ਦੀ ਲੋੜ ਤੇ ਦਿੱਤਾ ਜ਼ੋਰ-
-ਕਿਸੇ ਵੀ ਸ਼ੱਕੀ ਵਿਅਕਤੀ ਜਾਂ ਸੰਗਠਨ ਦੀ ਸੂਚਨਾ ਤੁਰੰਤ ਹੈਲਪਲਾਈਨ ਨੰਬਰ 112 ਜਾਂ ਨਜ਼ਦੀਕੀ ਥਾਣੇ ‘ਚ ਦਿਉ
ਬਰਨਾਲਾ ਟੂਡੇ ਬਿਊਰੋ
ਇੱਕ ਪਾਸੇ ਲੋਕ ਕੋਰੋਨਾ ਵਾਇਰਸ ਦੇ ਖਤਰੇ ਤੋਂ ਭੈਅ-ਭੀਤ ਹੋ ਕੇ ਕੋਰੋਨਾ ਤੋਂ ਬਚਾਅ ਦੇ ਢੰਗ ਤਰੀਕੇ ਲੱਭ ਰਹੇ ਹਨ। ਪਰੰਤੂ ਦੂਸਰੇ ਪਾਸੇ ਕੁੱਝ ਸ਼ਰਾਰਤੀ ਅਨਸਰ ਕੋਰੋਨਾ ਵਾਇਰਸ ਤੋਂ ਬਚਾਅ ਲਈ ਲੋਕਾਂ ਦੇ ਘਰਾਂ ਅੰਦਰ ਦਾਖਿਲ ਹੋ ਕੇ ਧੋਖਾਧੜੀ ਜਾਂ ਔਰਤਾਂ ਨਾਲ ਛੇੜਛਾੜ ਦੀਆਂ ਘਟਨਾਵਾਂ ਕਰਨ ਦੇ ਬੁਰੇ ਇਰਾਦੇ ਵੀ ਬਣਾ ਰਹੇ ਹਨ। ਅਜ਼ਿਹੀਆਂ ਸੂਚਨਾਵਾਂ ਖੁਫੀਆਂ ਤੌਰ ਤੇ ਪੁਲਿਸ ਕੋਲ ਪਹੁੰਚ ਵੀ ਰਹੀਆਂ ਹਨ। ਇਸ ਸਬੰਧੀ ਜ਼ਿਲ੍ਹਾ ਪੁਲੀਸ ਮੁਖੀ ਸ੍ਰੀ ਸੰਦੀਪ ਗੋਇਲ ਪੀਪੀਐਸ ਨੇ ਲੋਕਾਂ ਨੂੰ ਸਪਸ਼ਟ ਕੀਤਾ ਹੈ ਕਿ ਸਰਕਾਰ ਵੱਲੋਂ ਕਿਸੇ ਵੀ ਸਰਕਾਰੀ ਏਜੰਸੀ ਜਾਂ ਸੰਗਠਨ ਦੇ ਕਿਸੇ ਵੀ ਅਧਿਕਾਰੀ ਜਾਂ ਕਿਸੇ ਵੀ ਗਰੁੁੱਪ ਨੂੰ ਹਾਲੇ ਤੱਕ ਸੈਨੇਟਾਈਜੇਸ਼ਨ ਕਰਨ ਲਈ ਕਿਸੇ ਵੀ ਘਰ ਜਾਂ ਪਿੰਡ/ਸ਼ਹਿਰ ਵਿੱਚ ਨਹੀਂ ਭੇਜਿਆ ਜਾ ਰਿਹਾ,ਸਿਰਫ ਲੋਕਾਂ ਨੂੰ ਜਾਗਰੂਕ ਜ਼ਰੂਰ ਕੀਤਾ ਜਾ ਰਿਹਾ ਹੈ। ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਆਪਣੇ ਘਰ ਦੇ ਮੈਂਬਰਾਂ ਤੇ ਰਿਸ਼ਤੇਦਾਰਾਂ ਨੂੰ ਇਸ ਗੱਲੋਂ ਸਾਵਧਾਨ ਕੀਤਾ ਜਾਵੇ ਕਿ ਜੇਕਰ ਕੋਈ ਵੀ ਵਿਅਕਤੀ ਜਾਂ ਸੰਗਠਨ ਕਿਸੇ ਦੇ ਵੀ ਘਰ ਆ ਕੇ ਸੈਨੇਟਾਈਜੇਸ਼ਨ ਕਰਨ ਲਈ ਆਉਣ ਦੀ ਗੱਲ ਆਖਦਾ ਹੈ ਤਾਂ ਚੰਗੀ ਤਰ੍ਹਾਂ ਪੁੱਛ-ਪੜਤਾਲ ਤੋਂ ਬਿਨਾਂ ਘਰ ਦਾ ਦਰਵਾਜ਼ਾ ਨਾ ਖੋਲ੍ਹਿਆ ਜਾਵੇ। ਜੇਕਰ ਕੋਈ ਅਜਿਹਾ ਮਸ਼ਕੂਕ ਵਿਅਕਤੀ ਜਾਂ ਸੰਗਠਨ ਆਉਂਦਾ ਹੈ ਤਾਂ ਇਸ ਸਬੰਧੀ ਫੌਰੀ ਪੁਲੀਸ ਹੈਲਪਲਾਈਨ ਨੰਬਰ 112 ਜਾਂ ਨਜ਼ਦੀਕੀ ਪੁਲੀਸ ਸਟੇਸ਼ਨ ਸੂਚਿਤ ਕੀਤਾ ਜਾਵੇ। ਐਸਐੈਸਪੀ ਗੋਇਲ ਨੇ ਆਖਿਆ ਕਿ ਸੂਤਰਾਂ ਕੋਲੋਂ ਸ਼ਰਾਰਤੀ ਅਨਸਰਾਂ ਵੱਲੋ ਸੈਨੇਟਾਈਜੇਸ਼ਨ ਦੀ ਆੜ ਹੇਠ ਧੋਖਾਧੜੀ/ਛੇੜਛਾੜ ਆਦਿ ਦੀਆਂ ਘਟਨਾਵਾਂ ਨੂੰ ਅੰਜ਼ਾਮ ਦਿੱਤੇ ਜਾਣ ਦਾ ਖਦਸ਼ਾ ਜਤਾਇਆ ਗਿਆ ਹੈ,ਜਿਸ ਤੋਂ ਸਾਵਧਾਨ ਰਹਿਣ ਦੀ ਵਧੇਰੇ ਲੋੜ ਹੈ। ਉਨ੍ਹਾਂ ਗਲਤ ਅਨਸਰਾਂ ਨੂੰ ਤਾੜਨਾ ਕਰਦਿਆਂ ਕਿਹਾ ਕਿ ਅਗਰ ਕੋਈ ਵਿਅਕਤੀ ਜਾਂ ਸੰਗਠਨ ਸਰਕਾਰ ਜਾਂ ਪ੍ਰਸ਼ਾਸਨ ਦੀ ਮੰਜੂਰੀ ਤੋਂ ਬਿਨਾਂ ਅਜਿਹਾ ਕਰਦਾ ਮਿਲਿਆ ਤਾਂ ਉਸਦੇ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।