Skip to content
–– ਆਜ਼ਾਦੀ ਕਾ ਅੰਮ੍ਰਿਤ ਮਹਾ ੳਤਸਵ —-–
ਗਗਨ ਹਰਗੁਣ , ਬਰਨਾਲਾ, 7 ਅਗਸਤ 2023
ਭਾਰਤ ਸਰਕਾਰ ਵਲੋਂ ਦੇਸ਼ ਦੀ ਆਜ਼ਾਦੀ ਦੇ 75 ਸਾਲਾਂ ਨੂੰ ਸਮਰਪਿਤ ਮੁਹਿੰਮ ‘ਆਜ਼ਾਦੀ ਕਾ ਅੰਮ੍ਰਿਤ ਮਹੋਤਸਵ’ ਦੀ ਸਮਾਪਤੀ ‘ਤੇ 15 ਅਗਸਤ ਤੱਕ ਜ਼ਿਲ੍ਹਾ ਬਰਨਾਲਾ ਦੇ 175 ਪਿੰਡਾਂ ਵਿੱਚ ਸ਼ਹੀਦਾਂ ਨੂੰ ਸਮਰਪਿਤ ਤਖਤੀਆਂ ਲਾਈਆਂ ਜਾਣਗੀਆਂ। ਇਸ ਮੁਹਿੰਮ ਤਹਿਤ ਦੇਸ਼ ਖਾਤਰ ਜਾਨਾਂ ਕੁਰਬਾਨ ਕਰਨ ਵਾਲੇ ਅਮਰ ਸ਼ਹੀਦਾਂ ਦੀ ਯਾਦ ਪਿਰੋਈ ਜਾਵੇਗੀ।
ਇਹ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀਮਤੀ ਪੁਨਮਦੀਪ ਕੌਰ ਆਈ.ਏ.ਐਸ ਨੇ ਦੱਸਿਆ ਕਿ ਤਖ਼ਤੀਆਂ ਲਾਉਣ ਦਾ ਇਹ ਕੰਮ 15 ਅਗਸਤ ਤੱਕ ਮੁਕੰਮਲ ਕਰ ਦਿੱਤਾ ਜਾਵੇਗਾ ਤੇ ਉਸ ਦਿਨ 5X3 ਫੁੱਟ ਆਕਾਰ ਦੀਆਂ ਇਹ ਤਖਤੀਆਂ ਸਬੰਧਤ ਇਲਾਕਿਆਂ ਨੂੰ ਸਮਰਪਿਤ ਕੀਤੀਆਂ ਜਾਣਗੀਆਂ।
ਉਨ੍ਹਾਂ ਦੱਸਿਆ ਕਿ ਹਰੇਕ ਪਿੰਡ ਵਿੱਚ ਸੁਤੰਤਰਤਾ ਸੈਨਾਨੀਆਂ, ਨੀਮ ਫੌਜੀ ਬਲਾਂ ਦੇ ਸ਼ਹੀਦਾਂ ਅਤੇ ਫੌਜ ਅਤੇ ਪੰਜਾਬ ਪੁਲਿਸ ਦੇ ਸ਼ਹੀਦਾਂ ਦੇ ਨਾਂ ਦੀ ਤਖ਼ਤੀ ਹੋਵੇਗੀ। ਇਸ ਪ੍ਰੋਜੈਕਟ ਨੂੰ ਸੁਤੰਤਰਤਾ ਸੈਨਾਨੀ ਐਸੋਸੀਏਸ਼ਨ, ਹਥਿਆਰਬੰਦ ਬਲਾਂ, ਪੁਲਿਸ ਤੇ ਹੋਰ ਸਬੰਧਤ ਐਸੋਸੀਏਸ਼ਨਾਂ ਨਾਲ ਤਾਲਮੇਲ ਕਰਕੇ ਲਾਗੂ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਜ਼ਿਲ੍ਹਾ ਬਰਨਾਲਾ ਨੂੰ ਫੌਜ ਦੇ 68 ਸ਼ਹੀਦਾਂ, ਪੁਲਿਸ ਦੇ 27 ਸ਼ਹੀਦਾਂ ਅਤੇ ਕਰੀਬ 86 ਆਜ਼ਾਦੀ ਘੁਲਾਟੀਆਂ ਦੀ ਜਨਮ ਭੂਮੀ ਹੋਣ ਦਾ ਮਾਣ ਹੈ। ਉਨ੍ਹਾਂ ਦੱਸਿਆ ਕਿ ਇਹ ਪਹਿਲਕਦਮੀ ‘ਆਜ਼ਾਦੀ ਕਾ ਅੰਮ੍ਰਿਤ ਮਹਾੳਤਸਵ’ ਦੇ ਜਸ਼ਨਾਂ ਦੀ ਸਮਾਪਤੀ ਵਜੋਂ ‘ਮੇਰੀ ਮਿੱਟੀ ਮੇਰਾ ਦੇਸ਼’ ਤਹਿਤ ਕੀਤੀ ਗਈ ਹੈ।