ਮਾਰਕੀਟ ਕਮੇਟੀਆਂ ਦੀਆਂ ਚੇਅਰਮੈਨੀਆਂ ਤੋਂ ਛਿੜਿਆ ਕਾਂਗਰਸ ਚ, ਰੱਫੜ
ਬਰਨਾਲਾ ਟੂਡੇ ਬਿਊਰੋ ,
ਜਿਲ੍ਹੇ ਦੀਆਂ ਕੁੱਲ ਚਾਰ ਮਾਰਕੀਟ ਕਮੇਟੀਆਂ ਵਿੱਚੋਂ ਤਿੰਨ ਦੇ ਚੇਅਰਮੈਨ ਤੇ ਵਾਈਸ ਚੇਅਰਮੈਨ ਨਿਯੁਕਤ ਕਰਨ ਤੋਂ ਬਾਅਦ ਕਾਂਗਰਸ ਪਾਰਟੀ ਚ, ਨਵਾਂ ਰੱਫੜ ਖੜ੍ਹਾ ਹੋ ਗਿਆ। ਕਨਸੋਅ ਮਿਲੀ ਹੈ ਕਿ ਤਿੰਨ ਵਾਈਸ ਚੇਅਰਮੈਨਾਂ ਦੀਆਂ ਨਿਯੁਕਤੀਆਂ ਚੋਂ, 2 ਨੇ ਆਪਣੇ ਅਹੁਦੇ ਠੁਕਰਾਉਂਦੇ ਹੋਏ, ਪਾਰਟੀ ਦੇ ਹਲਕਾ ਇੰਚਾਰਜ ਕੋਲ ਆਪਣੀ ਨਰਾਜ਼ਗੀ ਪ੍ਰਗਟ ਵੀ ਕਰ ਦਿੱਤੀ ਹੈ। ਪਤਾ ਇਹ ਵੀ ਲੱਗਿਆ ਹੈ ਕਿ ਛੋਟੀ ਚੇਅਰਮੈਨੀ ਤੋਂ ਨਰਾਜ਼ ਕਾਂਗਰਸ ਦੇ ਆਗੂਆਂ ਨੇ ਅਹੁਦਿਆਂ ਨੂੰ ਠੁਕਰਾਉਣ ਦਾ ਐਲਾਨ ਅੱਜ ਰੈਸਟ ਹਾਊਸ ਬਰਨਾਲਾ ਵਿਖੇ ਬਾਅਦ ਦੁਪਿਹਰ ਕਰੀਬ ਢਾਈ ਵਜੇ ਕੀਤੀ ਜਾ ਰਹੀ ਪ੍ਰੈਸ ਕਾਨਫਰੰਸ ਵਿੱਚ ਕਰਨ ਦਾ ਫੈਸਲਾ ਵੀ ਕਰ ਲਿਆ ਹੈ। ਵਰਨਣਯੋਗ ਹੈ ਕਿ ਮੰਗਲਵਾਰ ਦੀ ਸ਼ਾਮ ਨੂੰ ਸਰਕਾਰ ਨੇ ਬਰਨਾਲਾ ਮਾਰਕੀਟ ਕਮੇਟੀ ਦਾ ਚੇਅਰਮੈਨ ਅਸ਼ੋਕ ਕੁਮਾਰ ਨੂੰ ਤੇ ਵਾਈਸ ਚੇਅਰਮੈਨ ਬਲਦੇਵ ਦਾਸ ਮਹੰਤ ਸੰਘੇੜਾ ਨੂੰ , ਧਨੌਲਾ ਮਾਰਕੀਟ ਕਮੇਟੀ ਦਾ ਚੇਅਰਮੈਨ ਜੀਵਨ ਬਾਂਸਲ ਤੇ ਵਾਈਸ ਚੇਅਰਮੈਨ ਸੀਨੀਅਰ ਕਾਂਗਰਸੀ ਆਗੂ ਮੋਹਿੰਦਰ ਸਿੰਘ ਭੂਰੇ ਨੂੰ ਅਤੇ ਮਹਿਲ ਕਲਾਂ ਮਾਰਕੀਟ ਕਮੇਟੀ ਦਾ ਚੇਅਰਮੈਨ ਜਸਵੰਤ ਸਿੰਘ ਤੇ ਵਾਈਸ ਚੇਅਰਮੈਨ ਹਰਵਿੰਦਰ ਜਿੰਦਲ ਨੂੰ ਨਿਯੁਕਤ ਕੀਤਾ ਸੀ। ਪਰੰਤੂ ਪਾਰਟੀ ਦੀ ਧੜੇਬੰਦੀ ਦੇ ਕਾਰਣ ਸਰਕਾਰ ਨੇ ਭਦੌੜ ਮਾਰਕੀਟ ਕਮੇਟੀ ਦੇ ਚੇਅਰਮੈਨ ਤੇ ਵਾਈਸ ਚੇਅਰਮੈਨ ਦੀ ਨਿਯੁਕਤੀ ਹੀ ਨਹੀ ਕੀਤੀ ਸੀ। ਸੂਚੀ ਜਾਰੀ ਹੋਣ ਤੋਂ ਪਹਿਲਾਂ ਤੱਕ 2 ਨਰਾਜ਼ ਹੋ ਰਹੇ ਵਾਈਸ ਚੇਅਰਮੈਨਾਂ ਨੂੰ ਚੇਅਰਮੈਨ ਬਣਨ ਦੀ ਪੂਰੀ ਉਮੀਦ ਸੀ। ਪਰੰਤੂ ਨਿਯੁਕਤੀਆਂ ਦੇ ਐਲਾਨ ਨੇ ਉੱਨ੍ਹਾਂ ਦੇ ਸੁਪਨਿਆਂ ਤੇ ਪਾਣੀ ਫੇਰ ਦਿੱਤਾ।