Police ਦੇ ਹੱਥੇ ਚੜ੍ਹਿਆ ATM ਰਾਹੀਂ ਠੱਗੀਆਂ ਮਾਰਨ ਵਾਲਾ ਗਿਰੋਹ

Spread the love

ਰਘਵੀਰ ਹੈਪੀ , ਬਰਨਾਲਾ 30 ਜੂਨ 2023

    ਧੋਖੇ ਨਾਲ ਬਦਲ ਕੇ ਭੋਲੇ-ਭਾਲੇ ਲੋਕਾਂ ਨਾਲ ਠੱਗੀਆਂ ਮਾਰਨ ਵਾਲਾ ਚਾਰ ਮੈਂਬਰੀ ਗੈਂਗ ਫੜ੍ਹਕੇ ਪੁਲਿਸ ਨੇ ਵੱਡੇ ਗਿਰੋਹ ਨੂੰ ਨੱਥ ਪਾਈ ਹੈ। ਇਸ ਗਿਰੋਹ ਦੀ ਗਿਰਫਤਾਰੀ ਨਾਲ ਜਿਲ੍ਹੇ ਅੰਦਰ ਵਾਪਰੀਆਂ ਅਜਿਹੀਆਂ ਹੀ ਹੋਰ ਘਟਨਾਵਾਂ ਦਾ ਸੁਰਾਗ ਮਿਲਣ ਦੀਆਂ ਭਰਪੂਰ ਸੰਭਾਵਨਾਵਾਂ ਬਣ ਗਈਆਂ ਹਨ। ਇਹ ਜਾਣਕਾਰੀ ਕਾਹਲੀ ਨਾਲ ਸੱਦੀ ਪ੍ਰੈਸ ਕਾਨਫਰੰਸ ਵਿੱਚ ਸੰਦੀਪ ਕੁਮਾਰ ਮਲਿਕ IPS, ਸੀਨੀਅਰ ਕਪਤਾਨ ਪੁਲਿਸ, ਬਰਨਾਲਾ ਨੇ ਦਿੱਤੀ। ਸ੍ਰੀ ਮਲਿਕ ਨੇ ਦੱਸਿਆ ਕਿ ਪਿਛਲੇ ਕੁਝ ਸਮੇਂ ਤੋਂ ਏ.ਟੀ.ਐੱਮ. ਰਾਹੀਂ ਭੋਲੇ-ਭਾਲੇ ਲੋਕਾਂ ਨਾਲ ਠੱਗੀਆਂ ਮਾਰਨ ਵਾਲਾ ਗਿਰੋਹ ਕਾਫ਼ੀ ਸਰਗਰਮ ਸੀ। ਇਸ ਗਿਰੋਹ ਨੂੰ ਕਾਬੂ ਕਰਨ ਲਈ ਸ੍ਰੀ ਰਮਨੀਸ਼ ਕੁਮਾਰ ਚੌਧਰੀ PPS, ਕਪਤਾਨ ਪੁਲਿਸ (ਡੀ) ਬਰਨਾਲਾ ਅਤੇ ਸ੍ਰੀ ਮਾਨਵਜੀਤ ਸਿੰਘ PPS, ਉਪ ਕਪਤਾਨ ਪੁਲਿਸ (ਇੰਨ.) ਬਰਨਾਲਾ ਦੀ ਯੋਗ ਅਗਵਾਈ ਹੇਠ ਵੱਖ-ਵੱਖ ਟੀਮਾਂ ਬਣਾ ਕੇ ਅਭਿਆਨ ਸ਼ੁਰੂ ਕੀਤਾ ਗਿਆ ਸੀ। ਇੰਸਪੈਕਟਰ ਬਲਜੀਤ ਸਿੰਘ, ਇੰਚਾਰਜ ਸੀ.ਆਈ.ਏ. ਸਟਾਫ਼, ਬਰਨਾਲਾ ਦੀ ਨਿਗਰਾਨੀ ਹੇਠ ਬਰਨਾਲਾ ਪੁਲਿਸ ਨੂੰ ਉਸ ਸਮੇਂ ਵੱਡੀ ਸਫ਼ਲਤਾ ਹਾਸਲ ਹੋਈ ਜਦੋਂ ਇੱਕ ਠੱਗੀਆਂ ਮਾਰਨ ਵਾਲੇ ਗਿਰੋਹ ਨੂੰ ਕਾਬੂ ਕੀਤਾ ਗਿਆ।

ਡੇਢ ਮਹੀਨਾਂ ਪਹਿਲਾਂ ਵਾਪਰੀ ਸੀ ਘਟਨਾ ‘ਤੇ,,, 

   ਐਸ.ਐਸ.ਪੀ. ਮਲਿਕ ਨੇ ਦੱਸਿਆ ਕਿ ਮਿਤੀ 15.05.23 ਨੂੰ ਵਕਤ ਕਰੀਬ 10:15 ਵਜੇ ਸਵੇਰੇ ਜਦੋਂ ਇੱਕ ਮਹਿਲਾ ਨਵਾਂ ਬੱਸ ਸਟੈਂਡ, ਬਰਨਾਲਾ ਦੇ ਸਾਹਮਣੇ ਬਣੇ SBI ਬੈਂਕ ਦੇ ਏ.ਟੀ.ਐਮ. ਵਿੱਚੋ ਪੈਸੇ ਕਢਵਾਉਣ ਗਈ ਤਾਂ ਉੱਥੇ ਖੜ੍ਹੇ ਦੋ ਨਾ-ਮਾਲੂਮ ਲੜਕਿਆਂ ਨੇ ਏ.ਟੀ.ਐਮ ਰਾਹੀਂ ਧੋਖੇ ਨਾਲ ਉਸ ਦੇ ਖਾਤੇ ਵਿੱਚੋ ਉਸੇ ਦਿਨ 85,000/- ਹਜ਼ਾਰ ਰੁਪਏ ਅਤੇ ਫਿਰ ਇੱਕ ਮਹੀਨੇ ਬਾਅਦ 16.05.23 ਨੂੰ 70,000/- ਰੁਪਏ (ਕੁੱਲ 1 ਲੱਖ 55 ਹਜ਼ਾਰ ਰੁਪਏ) ਕੱਢਵਾ ਲਏ । ਇਸ ਘਟਨਾ ਦੇ ਸਬੰਧ ਵਿੱਚ ਪੁਲਿਸ ਨੇ ਮੁਕੱਦਮਾ ਨੰਬਰ 228 ਮਿਤੀ 25-06-2023 ਅ/ਧ 420, 120ਬੀ, ਹਿੰ:ਦੰ: ਥਾਣਾ ਸਿਟੀ ਬਰਨਾਲਾ ਦਰਜ ਕੀਤਾ ਗਿਆ ਸੀ ।

     ਉਨ੍ਹਾਂ ਦੱਸਿਆ ਕਿ ਦੌਰਾਨੇ ਤਫ਼ਤੀਸ਼ ਸੀ.ਆਈ.ਏ. ਸਟਾਫ਼ ਵੱਲੋਂ ਮੁਕੱਦਮਾ ਦੀ ਤਫਤੀਸ਼ ਸੁਚਾਰੂ ਅਤੇ ਤਕਨੀਕੀ ਢੰਗਾਂ ਨਾਲ ਅਮਲ ਵਿੱਚ ਲਿਆਉਂਦੇ ਹੋਏ ਮਿਤੀ 26.06.23 ਨੂੰ ਸ.ਥ. ਨਾਇਬ ਸਿੰਘ ਸੀ.ਆਈ.ਏ. ਸਟਾਫ਼, ਬਰਨਾਲਾ ਵੱਲੋਂ ਸਮੇਤ ਪੁਲਿਸ ਪਾਰਟੀ ਨੇ ਨਿਮਨਲਿਖਤ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ:-

  1. ਜੋਨੀ ਪਵਾਰ ਪੁੱਤਰ ਹਰਚੰਦਾ ਵਾਸੀ ਗਾਗੋਟ, ਜ਼ਿਲ੍ਹਾ ਪਲਵਲ (ਹਰਿਆਣਾ) ਹਾਲ ਆਬਾਦ ਬਟਕ ਫਾਰਮ, ਦਵਾਰਿਕਾ, ਦਿੱਲੀ।
  2. ਸਾਗਰ ਪੁੱਤਰ ਰਾਜਿੰਦਰ ਵਾਸੀ ਗਾਗੋਟ, ਜ਼ਿਲ੍ਹਾ ਪਲਵਲ (ਹਰਿਆਣਾ) ਹਾਲ ਆਬਾਦ ਬਟਕ ਫਾਰਮ, ਦਵਾਰਿਕਾ, ਦਿੱਲੀ।
  3. ਸੋਨੂੰ ਪੁੱਤਰ ਜਗਦੀਸ ਵਾਸੀ ਗਾਗੋਟ, ਜ਼ਿਲ੍ਹਾ ਪਲਵਲ (ਹਰਿਆਣਾ) ਹਾਲ ਆਬਾਦ ਨੇੜੇ ਬਾਂਸਲ ਹਸਪਤਾਲ, ਸਕਤਪੁਰ, ਨਜ਼ਫਗੜ੍ਹ, ਦਿੱਲੀ।
  4. ਮੋਨਿਕਾ ਪਤਨੀ ਜੋਨੀ ਪਵਾਰ ਵਾਸੀ ਗਾਗੋਟ, ਜ਼ਿਲ੍ਹਾ ਪਲਵਲ (ਹਰਿਆਣਾ)
  5. ਆਹ ਕੁੱਝ ਹੋਇਆ ਬਰਾਮਦਗ :-

ਵੱਖ-ਵੱਖ ਬੈਂਕਾਂ ਦੇ 108 ਏ.ਟੀ.ਐਮ ਕਾਰਡ

02 ਲੱਖ 05 ਹਜ਼ਾਰ ਰੁਪਏ

ਇੱਕ ਗਰੈਡ ਵਿਟਾਰਾ ਕਾਰ

ਐਸ.ਐਸ.ਪੀ. ਸੰਦੀਪ ਮਲਿਕ ਨੇ ਦੱਸਿਆ ਕਿ ਗਿਰੋਹ ਦੇ ਕਾਬੂ ਕਰਨ ਨਾਲ ਇੱਕ ਹੋਰ ਮੁਕੱਦਮਾ ਨੰਬਰ 286 ਮਿਤੀ 26/06/2023 ਅ/ਧ 420, 120-ਬੀ ਥਾਣਾ ਸਿਟੀ 1 ਬਰਨਾਲਾ ਵੀ ਟਰੇਸ ਹੋਇਆ ਹੈ ਜੋ ਬਰਬਿਆਨ ਬਹਾਦਰ ਸਿੰਘ ਪੁੱਤਰ ਗੁਰਤੇਜ਼ ਸਿੰਘ ਵਾਸੀ ਸਿੰਧੂ ਕਲਾਂ ਦੇ ਦਰਜ ਰਜਿਸਟਰ ਹੋਇਆ ਸੀ ਕਿ ਜਦੋਂ ਮਿਤੀ 09/06/2023 ਨੂੰ HDFC ਬੈਂਕ, ਪੱਕਾ ਕਾਲਜ਼ ਰੋਡ, ਬਰਨਾਲਾ ਤੋਂ ਪੈਸੇ ਕਢਵਾ ਰਿਹਾ ਸੀ ਦੋਸ਼ੀਆਂ ਨੇ ਉਸ ਨਾਲ 1,50,000/- ਰੁਪਏ ਦੀ ਠੱਗੀ ਮਾਰੀ। ਸ੍ਰੀ ਮਲਿਕ ਨੇ ਦੱਸਿਆ ਕਿ ਦੋਸ਼ੀਆਂ ਦੀ ਪੁੱਛ-ਗਿੱਛ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਜਦੋਂ ਉਹ ਪੰਜਾਬ ਵਿੱਚ ਵਾਰਦਾਤ ਕਰਨ ਆਉਂਦੇ ਸਨ ਤਾਂ ਉਹ ਦੋ-ਤਿੰਨ ਦਿਨ ਇੱਧਰ ਹੀ ਰਹਿੰਦੇ ਸਨ । ਹੋਟਲਾਂ ਵਿੱਚ ਰੁਕਦੇ ਸਨ। ਉਹ ਇੱਕ ਸ਼ਹਿਰ ਵਿੱਚ 2 ਜਾਂ 3 ਵਾਰਦਾਤਾਂ ਕਰਦੇ ਸਨ।

ਦੋਸ਼ੀਆਂ ਦਾ ਰਿਕਾਰਡ ਬੋਲਦੈ :-

ਦੋਸ਼ੀ ਜੋਨੀ ਪਵਾਰ ਖ਼ਿਲਾਫ਼ ਪਹਿਲਾਂ ਵੀ ਇਸੇ ਤਰਾਂ ਦੀਆਂ ਵਾਰਦਾਤਾਂ ਦੇ ਕੁੱਲ 06 ਮੁਕੱਦਮੇਂ ਦਰਜ ਹਨ। ਇਹ ਦੋਸ਼ੀ ਪੰਜਾਬ, ਹਰਿਆਣਾ, ਰਾਜਸਥਾਨ, ਮੱਧ ਪ੍ਰਦੇਸ਼, ਦਿੱਲੀ, ਯੂ.ਪੀ. ਸਟੇਟਾਂ ਵਿੱਚ ਵਾਰਦਾਤਾਂ ਨੂੰ ਅੰਜਾਮ ਦਿੰਦੇ ਰਹੇ ਹਨ। ਮੁਕੱਦਮਾ ਦੀ ਤਫ਼ਤੀਸ਼ ਜਾਰੀ ਹੈ। ਹੋਰ ਵੀ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ।


Spread the love
Scroll to Top