5 ਦਿਨ ਪਹਿਲਾਂ ਅਗਵਾ ਵਿਦਿਆਰਥਣ ਦੀ ਹਾਲੇ ਵੀ ਕੋਈ ਉੱਘ-ਸੁੱਘ ਨਹੀਂ

Spread the love

ਹਰਿੰਦਰ ਨਿੱਕਾ , ਬਰਨਾਲਾ 15 ਮਈ 2023

    ਪੰਜ ਦਿਨ ਪਹਿਲਾਂ ਸ਼ੱਕੀ ਹਾਲਤਾਂ ਵਿੱਚ ਅਗਵਾ ਕੀਤੀ 12 ਵੀਂ ਜਮਾਤ ਦੀ ਵਿਦਿਆਰਥਣ ਬਾਰੇ ਹਾਲੇ ਤੱਕ ਵੀ ਪੁਲਿਸ ਨੂੰ ਕੋਈ ਉੱਘ ਸੁੱਘ ਨਹੀਂ ਮਿਲੀ। ਪੁਲਿਸ ਨੇ ਅਣਪਛਾਤਿਆਂ ਖਿਲਾਫ ਅਗਵਾ ਦਾ ਕੇਸ ਦਰਜ਼ ਕਰਕੇ,ਦੋਸ਼ੀਆਂ ਦੀ ਅਤੇ ਅਗਵਾ ਲੜਕੀ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਜਿਉਂ-ਜਿਉਂ ਸਮਾਂ ਲੰਘਦਾ ਜਾ ਰਿਹਾ ਹੈ, ਤਿਉਂ ਤਿਉਂ ਅਗਵਾ ਲੜਕੀ ਦੇ ਪਰਿਵਾਰ ਦੇ ਮੈਂਬਰਾਂ ਦਾ ਫਿਕਰ ਵੱਧਦਾ ਜਾ ਰਿਹੈ ਤੇ ਉਨਾਂ ਦੇ ਦਿਲਾਂ ਦੀਆਂ ਧੜਕਣਾ ਤੇਜ ਹੁੰਦੀਆਂ ਜਾ ਰਹੀਆਂ ਹਨ। ਪੁਲਿਸ ਨੂੰ ਦਿੱਤੀ ਸ਼ਕਾਇਤ ਵਿੱਚ ਸਤਨਾਮ ਸਿੰਘ ਪੁੱਤਰ ਮਲਕੀਤ ਵਾਸੀ ਮਾਨਾ ਪਿੰਡੀ ਧਨੌਲਾ ਨੇ ਦੱਸਿਆ ਕਿ ਉਸ ਦੀ ਭਾਣਜੀ ਮਨਪ੍ਰੀਤ ਕੌਰ ਪੁੱਤਰੀ ਗੁਰਪ੍ਰੀਤ ਸਿੰਘ ਵਾਸੀ ਧੂਰਾ ਜਿਲ੍ਹਾ ਸੰਗਰੂਰ ਉਮਰ ਕਰੀਬ 17 ਸਾਲ , ਸਾਡੇ ਕੋਲ ਕਰੀਬ 14 ਮਹੀਨਿਆਂ ਤੋ ਰਹਿੰਦੀ ਸੀ। ਉਹ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧਨੌਲਾ ਵਿਖੇ 12 ਵੀਂ ਕਲਾਸ ਵਿੱਚ ਪੜ੍ਹਦੀ ਹੈ। ਸਤਨਾਮ ਸਿੰਘ ਨੇ ਦੱਸਿਆ ਕਿ 11-05-2023 ਨੂੰ ਮਨਪ੍ਰੀਤ ਕੌਰ ਘਰੋਂ ਸਵੇਰੇ ਕਰੀਬ 7 ਕੁ ਵਜੇ ਸਕੂਲ ਜਾਣ ਲਈ ਕਹਿ ਕੇ ਚਲੀ ਗਈ ਸੀ । ਪਰੰਤੂ ਜਦੋਂ ਉਹ ਛੁੱਟੀ ਦੇ ਸਮੇਂ ਵੀ ਘਰ ਨਾ ਪਹੁੰਚੀ ਤਾਂ ਪੜਤਾਲ ਕਰਨ ਤੋਂ ਪਤਾ ਲੱਗਿਆ ਕਿ ਉਹ ਤਾਂ ਸਵੇਰ ਤੋਂ ਸਕੂਲ ਗਈ ਹੀ ਨਹੀਂ ਸੀ। ਫਿਰ ਰਿਸਤੇਦਾਰੀਆਂ ਵਿੱਚ ਭਾਲ ਟ੍ਹੋਲ ਸ਼ੁਰੂ ਕੀਤੀ। ਪਰੰਤੂ ਨਿਰਾਸ਼ਾ ਤੋਂ ਬਿਨਾਂ ਕੁੱਟ ਪੱਲੇ ਨਹੀਂ ਪਿਆ। ਆਖਿਰ ਹੰਭ ਹਾਰ ਕੇ ਘਟਨਾ ਦੀ ਸੂਚਨਾ ਥਾਣਾ ਧਨੌਲਾ ਵਿਖੇ ਦੇ ਦਿੱਤੀ। ਸਾਨੂੰ ਸ਼ੱਕ ਹੈ ਕਿ ਮਨਪ੍ਰੀਤ ਕੌਰ ਨੂੰ ਕਿਸੇ ਵਿਅਕਤੀ ਨੇ ਵਿਆਹ ਦਾ ਝਾਂਸਾ ਦੇ ਕੇ ਅਗਵਾ ਕਰ ਲਿਆ ਹੈ। ਉਨਾਂ ਕਿਹਾ ਕਿ ਬੇਸ਼ੱਕ ਫਿਲਹਾਲ ਘਰੋਂ ਕੁੱਝ ਵੀ ਅਜਿਹਾ ਸੰਕੇਤ ਨਹੀਂ ਮਿਲਿਆ। ਪਰੰਤੂ ਪਰਿਵਾਰਿਕ ਮੈਂਬਰਾਂ ਦਾ ਫਿਕਰ ਸਮਾਂ ਬੀਤਣ ਨਾਲ ਹਰ ਪਲ ਵਧਦਾ ਜਾ ਰਿਹਾ ਹੈ। ਸਾਨੂੰ ਸ਼ੱਕ ਹੈ ਕਿ ਕੋਈ ਹੋਰ ਹੀ ਭਾਣਾ ਵਰਤ ਜਾਵੇ। ਉਨਾਂ ਪੁਲਿਸ ਦੇ ਆਲ੍ਹਾ ਅਧਿਕਾਰੀਆਂ ਨੂੰ ਗੁਹਾਰ ਲਗਾਈ ਕਿ ਅਗਵਾ ਲੜਕੀ ਦਾ ਜਲਦ ਕੋਈ ਸੁਰਾਗ ਲੱਭ ਕੇ ਉਸ ਦੀ ਜੋਖਿਮ ਵਿੱਚ ਫਸੀ ਜਾਨ ਨੂੰ ਬਚਾ ਕੇ, ਪਰਿਵਾਰ ਨੂੰ ਇਨਸਾਫ ਦਿੱਤਾ ਜਾਵੇ। ਉੱਧਰ ਥਾਣਾ ਧਨੌਲਾ ਦੇ ਐਸ.ਐਚ.ੳ. ਲਖਵਿੰਦਰ ਸਿੰਘ ਨੇ ਦੱਸਿਆ ਕਿ ਘਰੋਂ ਲਾਪਤਾ ਲੜਕੀ ਦੇ ਮਾਮੇ ਸਤਨਾਮ ਸਿੰਘ ਦੇ ਬਿਆਨ ਪਰ, ਅਣਪਛਾਤੇ ਵਿਅਕਤੀ ਖਿਲਾਫ ਅਧੀਨ ਅਗਵਾ ਦਾ ਕੇਸ ਦਰਜ ਕਰਕੇ,ਲਾਪਤਾ ਲੜਕੀ ਦਾ ਸੁਰਾਗ ਲਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਉਨਾਂ ਕਿਹਾ ਕਿ ਲੜਕੀ ਕੋਲ ਕੋਈ ਆਪਣਾ ਮੋਬਾਇਲ ਨੰਬਰ ਨਾ ਹੋਣ ਕਾਰਣ ਵੀ, ਉਸ ਬਾਰੇ ਜਾਣਕਾਰੀ ਹਾਸਿਲ ਕਰਨ ਵਿੱਚ ਮੁਸ਼ਕਲ ਆ ਰਹੀ ਹੈ, ਫਿਰ ਵੀ ਅਸੀਂ ਸੀ.ਡੀ.ਆਰ. ਲੈ ਰਹੇ ਹਾਂ। ਉਮੀਦ ਹੈ ਜਲਦੀ ਹੀ ਅਣਪਛਾਤੇ ਦੋਸ਼ੀ ਦੀ ਪਹਿਚਾਣ ਕਰਕੇ,ਉਸ ਨੂੰ ਗਿਰਫਤਾਰ ਕਰ,ਲਾਪਤਾ ਲੜਕੀ ਨੂੰ ਉਸ ਦੇ ਚੁੰਗਲ ਵਿੱਚੋਂ ਛੁੜਾ ਲਿਆ ਜਾਵੇਗਾ। ਉਨਾਂ ਲੜਕੀ ਦੇ ਪਰਿਵਾਰਿਕ ਮੈਂਬਰਾਂ ਨੂੰ ਵੀ ਅਪੀਲ ਕੀਤੀ ਕਿ ਜੇਕਰ ਉਨਾਂ ਨੂੰ ਲੜਕੀ ਬਾਰੇ ਜਾਂ ਲੜਕੇ ਬਾਰੇ ਕੋਈ ਥਹੁ ਪਤਾ ਮਿਲਦਾ ਹੈ ਤਾਂ ਪੁਲਿਸ ਨੂੰ ਜਰੂਰ ਦੱਸਣ। 


Spread the love
Scroll to Top