7 ਮਹੀਨਿਆਂ ‘ਚ ਸਰਕਾਰ ਨੇ ਦਿੱਤਾ 398 ਲੜਕੀਆਂ ਨੂੰ ਅਸ਼ੀਰਵਾਦ

Spread the love

ਜਿਲ੍ਹੇ ‘ਚ ਲਾਭਪਾਤਰੀਆਂ ਨੂੰ ਮਿਲਿਆ 2 ਕਰੋੜ ਰੁਪੈ ਤੋਂ ਵੱਧ ਅਸ਼ੀਰਵਾਦ 

ਧੀ ਦੇ ਵਿਆਹ ਲਈ ਦਿੱਤੀ ਜਾਂਦੀ ਹੈ 51000 ਰੁਪਏ ਦੀ ਰਾਸ਼ੀ , ਇੱਕ ਪਰਿਵਾਰ ਦੀ ਦੋ ਧੀਆਂ ਨੂੰ ਦਿੱਤੀ ਜਾਂਦੀ ਹੈ ਰਾਸ਼ੀ 

ਸੋਨੀ ਪਨੇਸਰ , ਬਰਨਾਲਾ, 19 ਮਈ 2023
     ਪੰਜਾਬ ਸਰਕਾਰ ਦੀ ਅਸ਼ੀਰਵਾਦ ਸਕੀਮ ਤਹਿਤ ਮਈ 2022 ਤੋਂ ਮਹੀਨਾ ਨਵੰਬਰ 2022 ਤੱਕ ਜ਼ਿਲ੍ਹਾ ਬਰਨਾਲਾ ਵਿੱਚ 398 ਲਾਭਪਾਤਰੀਆਂ ਨੂੰ 2 ਕਰੋੜ ਰੁਪਏ ਜਾਰੀ ਕੀਤੇ ਗਏ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀਮਤੀ ਪੂਨਮਦੀਪ ਕੌਰ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਅਸ਼ੀਰਵਾਦ ਸਕੀਮ ਤਹਿਤ ਅਨੁਸੂਚਿਤ ਜਾਤੀਆਂ, ਪੱਛੜੀਆਂ ਸ੍ਰੇਣੀਆਂ, ਇਸਾਈ ਬਿਰਾਦਰੀ ਅਤੇ ਆਰਥਿਕ ਤੌਰ ‘ਤੇ ਪਛੜੇ ਪਰਿਵਾਰਾਂ ਦੀਆਂ ਲੜਕੀਆਂ ਨੂੰ ਵਿਆਹ ਸਮੇਂ ਅਤੇ ਵਿਧਵਾਵਾਂ/ ਤਲਾਕਸ਼਼ੁਦਾ ਔਰਤਾਂ ਨੂੰ ਦੁਬਾਰਾ ਵਿਆਹ ਕਰਨ ‘ਤੇ 51000 ਰੁਪਏ ਰੁਪਏ ਦੀ ਵਿੱਤੀ ਸਹਾਇਤਾ ਅਸ਼ੀਰਵਾਦ ਵਜੋਂ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਡਾਇਰੈਕਟਰ, ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਵਿਭਾਗ, ਮੁੱਖ ਦਫਤਰ ਮੋਹਾਲੀ ਵੱਲੋਂ ਆਨਲਾਈਨ ਭੇਜੀ ਜਾਂਦੀ ਹੈ।
     ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਬਰਨਾਲਾ ਵਿੱਚ ਇਸ ਸਕੀਮ ਤਹਿਤ ਦੋ ਕਰੋੜ ਦੋ ਲੱਖ ਅਠੰਨਵੇਂ ਹਜ਼ਾਰ ਰੁਪਏ (2,02,98,000) ਦੀ ਰਾਸ਼ੀ ਪ੍ਰਾਪਤ ਹੋਈ ਸੀ। ਪ੍ਰਾਪਤ ਰਾਸ਼ੀ ਦੀ ਲਾਭਪਾਤਰੀਆਂ ਦੇ ਬੈਂਕ ਖਾਤਿਆਂ ਵਿੱਚ ਆਨਲਾਈਨ ਅਦਾਇਗੀ ਕੀਤੀ ਜਾ ਚੁੱਕੀ ਹੈ। ਸ੍ਰੀ ਗੁਰਿੰਦਰਜੀਤ ਸਿੰਘ ਧਾਲੀਵਾਲ ਜ਼ਿਲ੍ਹਾ ਸਮਾਜਿਕ ਨਿਆਂ ਅਤੇ ਅਧਿਕਾਰਤਾ ਅਫ਼ਸਰ, ਬਰਨਾਲਾ ਨੇ ਦੱਸਿਆ ਕਿ ਇਸ ਸਕੀਮ ਤਹਿਤ 51,000 ਰੁਪਏ ਦੀ ਰਾਸ਼ੀ ਦਿੱਤੀ ਜਾਂਦੀ ਹੈ। ਇਹ ਸਕੀਮ ਇੱਕ ਪਰਿਵਾਰ ਦੀਆਂ ਦੋ ਲੜਕੀਆਂ ਤੱਕ ਸੀਮਤ ਹੈ। ਮਿਤੀ 1 ਅਪ੍ਰੈਲ 2023 ਤੋਂ ਅਸ਼ੀਰਵਾਦ ਸਕੀਮ ਲਾਭ ਲੈਣ ਲਈ ਆਨਲਾਈਨ ਪੋਰਟਲ http://ashirwad.punjab.gov.in ਉੱਤੇ ਅਪਲਾਈ ਕੀਤੀ ਜਾ ਸਕਦੀ ਹੈ। ਜੇਕਰ ਆਨਲਾਈਨ ਦਰਖ਼ਾਸਤ ਦੇਣ ਸਮੇਂ ਕੋਈ ਦਿੱਕਤ ਆਉਂਦੀ ਹੈ ਤਾਂ ਤਹਿਸੀਲ ਸਮਾਜਿਕ ਨਿਆਂ ਅਤੇ ਅਧਿਕਾਰਤਾ ਅਫ਼ਸਰ, ਬਰਨਾਲਾ ਅਤੇ ਤਪਾ ਦੇ ਦਫ਼ਤਰ ਵਿਖੇ ਤਾਲਮੇਲ ਕੀਤਾ ਜਾ ਸਕਦਾ ਹੈ।
     ਇਸ ਸਕੀਮ ਦਾ ਲਾਭ ਉਹਨਾਂ ਲਾਭਪਾਤਰੀਆਂ ਨੂੰ ਦਿੱਤਾ ਜਾਂਦਾ ਹੈ ਕਿ ਜਿਨ੍ਹਾਂ ਪਰਿਵਾਰਾਂ ਦੀ ਸਾਲਾਨਾ ਆਮਦਨ 32790 ਰੁਪਏ ਤੋਂ ਘੱਟ ਹੋਵੇ ਅਤੇ ਲੜਕੀ ਦੀ ਉਮਰ ਵਿਆਹ ਸਮੇਂ 18 ਸਾਲ ਤੋਂ ਘੱਟ ਨਾ ਹੋਵੇ।

Spread the love
Scroll to Top