9 ਦਿਨ ਪਹਿਲਾਂ ਹੋਏ ਔਰਤ ਦੇ ਕਤਲ ‘ਤੇ ਲੁੱਟ ਦਾ ਖੁੱਲ੍ਹਿਆ ਰਾਜ਼, ਗੁਆਂਢੀ ਔਰਤ ਨੇ ਹੀ ਰਚੀ ਸੀ ਸਾਜਿਸ਼

Spread the love

ਰਘਵੀਰ ਹੈਪੀ , ਬਰਨਾਲਾ 10 ਅਗਸਤ 2023
     ਨੌ ਦਿਨ ਪਹਿਲਾਂ ਬਰਨਾਲਾ ਦੇ ਸੇਖਾ ਰੋਡ ਇਲਾਕੇ ‘ਚ ਰਹਿਣ ਵਾਲੀ ਮੰਜੂ ਬਾਲਾ ਦੀ ਹੋਈ ਹੱਤਿਆ ਅਤੇ ਉਸ ਦੇ ਘਰੋਂ ਲੱਖਾਂ ਰੁਪਏ ਦੀ ਲੁੱਟ ਦੀ ਬਹੁਚਰਚਿਤ ਵਾਰਦਾਤ ਦਾ ਰਾਜ਼ ਬਰਨਾਲਾ ਪੁਲਿਸ ਨੇ ਲੱਭ ਲਿਆ ਹੈ। ਪੁਲਿਸ ਚੌਂਕੀ ਬੱਸ ਸਟੈਂਡ ਬਰਨਾਲਾ ਦੇ ਇੰਚਾਰਜ ਚਰਨਜੀਤ ਸਿੰਘ ਦੀ ਟੀਮ ਨੇ ਲੁਟੇਰਿਆਂ ਨਾਲ ਹੋਏ ਮੁਕਾਬਲੇ ਤੋਂ ਬਾਅਦ ਇੱਕ ਦੋਸ਼ੀ ਨੂੰ ਅਸਲੇ ਸਣੇ ਗਿਰਫਤਾਰ ਕਰ ਲਿਆ। ਜਦੋਂਕਿ ਉਸ ਦੇ ਦੂਜੇ ਸਾਥੀ ਨੂੰ ਮੁਕਾਬਲੇ ਵਿੱਚ ਜਖਮੀ ਹੋਣ ਤੋਂ ਬਾਅਦ ਇਲਾਜ ਲਈ ਹਸਪਤਾਲ ਵਿਖੇ ਦਾਖਿਲ ਕਰਵਾਇਆ ਗਿਆ ਹੈ। ਇਸ ਕੇਸ ਵਿੱਚ ਮ੍ਰਿਤਕ ਔਰਤ ਮੰਜੂ ਬਾਲਾ ਦੀ ਇੱਕ ਗੁਆਂਢੀ ਔਰਤ ਦੀ ਭੂਮਿਕਾ ਵੀ ਸਾਹਮਣੇ ਆਈ ਹੈ। ਮੀਡੀਆ ਨੂੰ ਇਹ ਜਾਣਕਾਰੀ ਐਸ.ਐਸ.ਪੀ. ਸੰਦੀਪ ਕੁਮਾਰ ਮਲਿਕ IPS ਨੇ ਕਾਹਲੀ ਨਾਲ ਸੱਦੀ ਪ੍ਰੈਸ ਕਾਨਫਰੰਸ ਦੌਰਾਨ ਦਿੱਤੀ।                                                                   
ਲੁਟੇਰੇ ਫਸ ਗਏ ਪੁਲਿਸ ਤੇ ਫਾਇਰਿੰਗ ਕਰਕੇ,,,
       ਐਸ.ਐਸ.ਪੀ. ਸੰਦੀਪ ਕੁਮਾਰ ਮਲਿਕ ਨੇ ਦੱਸਿਆ ਕਿ ਬਰਨਾਲਾ ਪੁਲਿਸ ਵੱਲੋਂ ਪੰਜਾਬ ਸਰਕਾਰ ਅਤੇ ਮਾਨਯੋਗ ਡਾਇਰੈਕਟਰ ਜਨਰਲ ਪੁਲਿਸ, ਪੰਜਾਬ, ਚੰਡੀਗੜ੍ਹ ਜੀ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਨਸ਼ਾ ਤਸਕਰਾਂ ਅਤੇ ਸਮਾਜ ਵਿਰੋਧੀ ਮਾੜੇ ਅਨਸਰਾਂ ਖ਼ਿਲਾਫ਼ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ। ਇਸ ਮੁਹਿੰਮ ਤਹਿਤ ਸ੍ਰੀ ਰਮਨੀਸ਼ ਕੁਮਾਰ ਚੌਧਰੀ PPS ਕਪਤਾਨ ਪੁਲਿਸ (ਡੀ) ਬਰਨਾਲਾ, ਸ਼੍ਰੀ ਸਤਵੀਰ ਸਿੰਘ PPS, ਉੱਪ ਕਪਤਾਨ ਪੁਲਿਸ ਸਬ ਡਵੀਜਨ ਬਰਨਾਲਾ, ਸ੍ਰੀ ਮਾਨਵਜੀਤ ਸਿੰਘ ਸਿੱਧੂ PPS ਉੱਪ ਕਪਤਾਨ ਪੁਲਿਸ ਸਬ ਡਵੀਜਨ ਤਪਾ ਦੀ ਯੋਗ ਅਗਵਾਈ ਹੇਠ ਸ:ਬ ਚਰਨਜੀਤ ਸਿੰਘ ਚੌਕੀ ਇੰਚਾਰਜ ਬੱਸ ਸਟੈਂਡ ਦੀ ਟੀਮ ਨੇ ਮਿਤੀ 09-08-2023 ਦੀ ਰਾਤ ਨੂੰ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗੁਰਜੀਤ ਸਿੰਘ ਉਰਫ ਕੁਲਦੀਪ ਸਿੰਘ ਅਤੇ ਅਰਸ਼ਦੀਪ ਸਿੰਘ ਉਰਫ ਅਰਸ਼ ਦੋਵੇਂ ਵਾਸੀ ਪਿੰਡ ਬੱਲ੍ਹੋ, ਜਿਲ੍ਹਾ ਬਠਿੰਡਾ ਨੂੰ ਲਿੰਕ ਰੋਡ ਪੱਤੀ ਸੇਖਵਾਂ ਵਿਖੇ ਹੋਈ ਮੁੱਠਭੇੜ ਤੋਂ ਬਾਅਦ ਕਾਬੂ ਕੀਤਾ ਹੈ ।                                                                   
      ਐਸ.ਐਸ.ਪੀ. ਸੰਦੀਪ ਕੁਮਾਰ ਮਲਿਕ ਨੇ ਦੱਸਿਆ ਕਿ ਪੁਲਿਸ ਚੌਂਕੀ ਦੇ ਇੰਚਾਰਜ ਚਰਨਜੀਤ ਸਿੰਘ ਦੀ ਅਗਵਾਈ ‘ਚ ਪੁਲਿਸ ਪਾਰਟੀ ਨੇ ਇੱਕ ਮੋਟਰਸਾਈਕਲ ਤੇ ਸਵਾਰ ਗੁਰਜੀਤ ਸਿੰਘ ਅਤੇ ਅਰਸ਼ਦੀਪ ਅਰਸ਼ ਨੂੰ ਪੁਲਿਸ ਪਾਰਟੀ ਨੇ  ਸ਼ੱਕ ਦੇ ਅਧਾਰ ਪਰ ਰੁਕਣ ਦਾ ਇਸ਼ਾਰਾ ਕੀਤਾ। ਪਰੰਤੂ ਦੋਸ਼ੀ ਗੁਰਜੀਤ ਸਿੰਘ ਨੇ ਪੁਲਿਸ ਪਾਰਟੀ ਪਰ ਫਾਇਰ ਕੀਤਾ ਜੋ ਪੁਲਿਸ ਦੀ ਜਵਾਬੀ ਫਾਇਰਿੰਗ ਵਿੱਚ ਜ਼ਖਮੀ ਹੋ ਗਿਆ । ਜਿਸ ਨੂੰ ਇਲਾਜ ਲਈ ਹਸਪਤਾਲ ਦਾਖਿਲ ਕਰਵਾਇਆ ਗਿਆ ਹੈ। ਉਨਾਂ ਦੱਸਿਆ ਕਿ ਇਸ ਘਟਨਾ ਸਬੰਧੀ ਦੋਵਾਂ ਦੋਸ਼ੀਆਂ ਖਿਲਾਫ ਮੁਕੱਦਮਾਂ ਨੰਬਰ 124 ਮਿਤੀ 10-08-2023 ਅ/ਧ 307,34 ਭ:ਦੰ ਅਤੇ 25/54/59 ਅਸਲਾ ਐਕਟ ਥਾਣਾ ਸਦਰ ਬਰਨਾਲਾ ਦਰਜ ਰਜਿਸ਼ਟਰ ਕੀਤਾ ਗਿਆ । ਦੋਸ਼ੀ ਅਰਸਦੀਪ ਸਿੰਘ ਅਰਸ਼ ਨੂੰ ਗ੍ਰਿਫਤਾਰ ਕਰਕੇ ਉਸ ਦੇ ਕਬਜੇ ਵਿੱਚੋਂ ਇੱਕ ਦੇਸੀ ਪਿਸਤੋਲ 12 ਬੋਰ ਸਮੇਤ 04 ਜਿੰਦਾ ਕਾਰਤੂਸ, ਇੱਕ ਚੋਰੀ ਕੀਤਾ ਹੋਇਆ ਮੋਟਰਸਾਈਕਲ ਮਾਰਕਾ ਹੀਰੋ ਹਾਂਡਾ ਅਤੇ ਇੱਕ ਡੰਮੀ ਪਿਸਤੋਲ ਬ੍ਰਾਮਦ ਕੀਤਾ ਗਿਆ ਹੈ ।
CCTV ਕੈਮਰਿਆਂ ‘ਚੋਂ ਨਿੱਕਲੀ ਫੁਟੇਜ਼ ਤੋਂ ਹੋਈ ਪਹਿਚਾਣ ‘ਤੇ ,,
        ਐਸ.ਐਸ.ਪੀ. ਮਲਿਕ ਨੇ ਦੱਸਿਆ ਕਿ ਦੌਰਾਨੇ ਪੁੱਛਗਿੱਛ ਦੋਸੀਆਂ ਨੇ ਮਿਤੀ 02-08-2023 ਨੂੰ ਗਲੀ ਨੰਬਰ 01 ਸੇਖਾ ਰੋਡ ਬਰਨਾਲਾ ਵਿਖੇ ਮੰਜੂ ਬਾਲਾ ਪਤਨੀ ਜਸਵੰਤ ਰਾਏ ਦੇ ਕਤਲ ,ਗਹਿਣੇ ਅਤੇ ਨਕਦੀ ਲੁੱਟ ਕੇ ਲੈ ਜਾਣ ਸਬੰਧੀ ਇੰਕਸਾਫ ਕੀਤਾ। ਉਨ੍ਹਾਂ ਦੱਸਿਆ ਕਿ ਦੋਸ਼ੀਆਂ ਤੋਂ ਪਤਾ ਲੱਗਿਆ ਕਿ ਮੰਜੂ ਬਾਲਾ ਦੀ ਗੁਆਂਢਣ ਔਰਤ ਹਰਪਾਲ ਕੌਰ ਉਰਫ ਵਿੱਕੀ ਵੀ ਹੱਤਿਆ ਤੇ ਲੁੱਟ ਦੀ ਸਾਜਿਸ਼ ਵਿੱਚ ਸ਼ਾਮਿਲ ਹੈ, ਜਿਸ ਨੂੰ ਵੀ ਦੋਸ਼ੀ ਨਾਮਜ਼ਦ ਕਰਕੇ,ਉਸ ਨੂੰ ਕਾਬੂ ਕਰ ਲਿਆ ਜਾਵੇਗਾ। ਵਰਨਯੋਗ ਹੈ ਕਿ ਕਤਲ ਤੇ ਲੁੱਟ ਸਬੰਧੀ ਪਹਿਲਾਂ ਹੀ ਮੁਕੱਦਮਾਂ ਨੰਬਰ 376 ਮਿਤੀ 02-08-2023 ਅ/ਧ 450,302,382,34 IPC ਥਾਣਾ ਸਿਟੀ ਬਰਨਾਲਾ ਦਰਜ ਹੈ। ਮੁਕੱਦਮਾਂ ਉਕਤਾਨ ਵਿੱਚ ਅਗਲੇਰੀ ਤਫਤੀਸ਼ ਜਾਰੀ ਹੈ। ਦੋਸ਼ੀ ਗੁਰਜੀਤ ਸਿੰਘ ਉੱਕਤ ਖਿਲਾਫ 02 ਅਪਰਾਧਿਕ ਮੁਕੱਦਮੇ ਅਤੇ ਦੋਸ਼ੀ ਅਰਸ਼ਦੀਪ ਸਿੰਘ ਉਰਫ ਅਰਸ਼ ਉੱਕਤ ਦੇ ਖਿਲਾਫ 03 ਮੁਕੱਦਮੇ ਪਹਿਲਾਂ ਵੀ ਦਰਜ ਹਨ।

Spread the love
Scroll to Top