ਸਾਬਕਾ ਐਮਸੀ ਮੱਦੀ ਨੇ ਆਪਣੇ ਘਰੋਂ ਲਿਆ ਕੇ ਵੰਡਿਆ ਖਾਣਾ, ਕਿਹਾ ਜਿਨ੍ਹਾਂ ਕਿਸੇ ਨੂੰ ਰਾਸ਼ਨ ਚਾਹੀਦੈ, ਮੈਂ ਦਿਵਾਉਣਾ,,
ਸੋਨੀ ਪਨੇਸਰ, ਬਰਨਾਲਾ
ਸੇਖਾ ਰੋਡ ਖੇਤਰ ਦੀ ਗਲੀ ਨੰਬਰ 5 ਅਤੇ ਵਾਰਡ ਨੰਬਰ 16 ਵਿੱਚ ਸ਼ੁੱਕਰਵਾਰ ਦੁਪਿਹਰ ਸਮੇਂ ਭੁੱਖਮਰੀ ਤੋਂ ਤੰਗ ਆਏ ਮੁਹੱਲਾ ਵਾਸੀਆਂ ਵੱਲੋਂ ਵਾਰਡ ਦੇ ਐਮਸੀ ਦੇ ਬੇਟੇ ਰਾਕੇਸ਼ ਗੋਲੂ ਨੂੰ ਘੇਰ ਕੇ ਬੰਨ੍ਹ ਲੈਣ ਦੀ ਧਮਕੀ ਦੇਣ ਦਾ ਪ੍ਰਸ਼ਾਸਨ ਤੇ ਭਾਂਵੇ ਕੋਈ ਅਸਰ ਨਹੀਂ ਹੋਇਆ। ਪਰ ਸਾਬਕਾ ਐਮਸੀ ਤੇ ਗੋਲੂ ਤੇ ਪਿਤਾ ਮਦਨ ਮੱਦੀ ਨੇ ਵਾਰਡ ਵਾਸੀਆਂ ਤੇ ਗੁੱਸਾ ਕਰਨ ਦੀ ਬਜਾਏ, ਪ੍ਰਸ਼ਾਸ਼ਨ ਦੀ ਝਾਕ ਛੱਡ ਕੇ ਖੁਦ ਹੀ ਆਪਣੇ ਵਾਰਡ ਦੇ ਗਰੀਬ ਲੋਕਾਂ ਦੀ ਪੀੜ ਨੂੰ ਸਮਝਦਿਆਂ, ਕਰਫਿਊ ਦੇ ਦਿਨਾਂ ਵਿੱਚ ਘਰਾਂ ਵਿੱਚ ਵਿਹਲੇ ਬੈਠੇ ਲੋਕਾਂ ਦੀ ਮੱਦਦ ਲਈ ਹੱਥ ਵਧਾਉਣ ਦਾ ਫੈਸਲਾ ਕਰ ਲਿਆ। ਸ਼ਨੀਵਾਰ ਸਵੇਰੇ ਹੀ ਐਮਸੀ ਮੱਦੀ ਆਪਣੇ ਘਰੋਂ ਹੀ ਆਪਣੇ ਵਾਰਡ ਦੇ ਲੋੜਵੰਦ, ਬੇਸਹਾਰਾ ਲੋਕਾਂ ਨੂੰ 2 ਸਮੇਂ ਦੀ ਰੋਟੀ ਬਣਾ ਕੇ ਖਵਾਉਣ ਅਤੇ 2 ਸਮੇਂ ਦੀ ਚਾਹ ਦੇਣੀ ਸ਼ੁਰੂ ਕਰ ਦਿੱਤੀ। ਇੱਥੇ ਹੀ ਬੱਸ ਨਹੀ ਮੱਦੀ ਨੇ ਵਾਰਡ ਦੋ ਲੋਕਾਂ ਨਾਲ ਆਪਣੇ ਕੋਲੋਂ ਪੈਸੇ ਖਰਚ ਕੇ ਲੋਕਾਂ ਨੂੰ ਰਾਸ਼ਨ ਦੇਣ ਦਾ ਵੀ ਵਾਅਦਾ ਕੀਤਾ। ਸਾਬਕਾ ਐਮਸੀ ਨੇ ਲੋਕਾਂ ਦੀ ਹਾਂ ਚ ਹਾਂ ਮਿਲਾਉਂਦਿਆਂ ਕਿਹਾ ਕਿ ਖਬਰਾਂ ਵਿੱਚ ਤਾਂ ਰੋਜ ਹੀ ਪ੍ਰਸ਼ਾਸ਼ਨ ਹਰ ਪਾਸੇ ਲੋੜਵੰਦ ਲੋਕਾਂ ਲਈ ਰਾਸ਼ਨ ਮੁਹੱਈਆਂ ਕਰਵਾਉਂਦਾ ਦਿਖਦਾ ਹੈ। ਪਰ ਹਕੀਕਤ ਵਿੱਚ ਇਹ ਪਤਾ ਹੀ ਨਹੀਂ ਲੱਗਦਾ ਕਿ ਆਖਿਰ ਪ੍ਰਸ਼ਾਸ਼ਨ ਵਾਲਾ ਰਾਸ਼ਨ ਕਿਹੜੇ ਜਰੂਰਤਮੰਦ ਲੋਕਾਂ ਕੋਲ ਪਹੁੰਚ ਰਿਹਾ ਹੈ। ਉਨ੍ਹਾਂ ਦੇ ਵਾਰਡ ਵਿੱਚ ਤਾਂ ਕਿਸੇ ਇੱਕ ਵੀ ਜਰੂਰਤਮੰਦ ਪਰਿਵਾਰ ਨੂੰ ਰਾਸ਼ਨ ਨਹੀਂ ਮਿਲਿਆ,ਲੋਕ ਵਿਚਾਰੇ ਰਾਸ਼ਨ ਲੱਭਦੇ ਫਿਰਦੇ ਹਨ। ਸ਼ੀਲਾ ਰਾਣੀ ਨੇ ਦੱਸਿਆ ਕੇ ਸਰਕਾਰ ਨੇ ਸਾਨੂੰ ਕਰਫਿਊ ਦੇ ਪੰਜਵੇ ਦਿਨ ਅੱਜ ਵੀ ਰਾਸ਼ਨ ਨਹੀਂ ਦਿੱਤਾ। ਅਸੀਂ ਗਰੀਬੀ ਰੇਖਾ ਤੋਂ ਥੱਲੇ ਰਹਿ ਰਹੇ ਹਾਂ, ਨਾ ਸਾਡੇ ਕੋਲ ਆਪਣਾ ਮਕਾਨ ਹੈ ਅਤੇ ਨਾ ਹੀ ਕੋਈ ਨੌਕਰੀ, ਮੇਰੇ ਘਰ ਵਾਲਾ ਕਰੀਬ 60 ਕੁ ਵਰ੍ਹਿਆਂ ਦਾ ਧਰਮਪਾਲ ਬਿਮਾਰ ਰਹਿੰਦੇ ਹੋਏ ਵੀ ਰਿਕਸ਼ਾ ਚਲਾ ਕੇ ਸਾਨੂੰ ਖਾਣ ਪੀਣ ਦਾ ਪ੍ਰਬੰਧ ਕਰਦਾ ਸੀ। ਹੁਣ ਕੰਮ ਠੱਪ ਹੋ ਜਾਣ ਕਰਕੇ ਉਹ ਖ਼ੁਦ ਵੀ ਭੁੱਖੇ ਢਿੱਡ ਸੌਂਦਾ ਹੈ। ਇਹ ਗੱਲ ਸੁਣਦਿਆਂ ਹੀ ਐਮਸੀ ਮੱਦੀ ਨੇ ਕਿਹਾ ਕੋਈ ਗੱਲ ਨੀ ਭਾਈ ਮੈਂ ਬੈਠਾ, ਹੁਣ ਤੁਸੀਂ ਘਬਰਾਓ ਨਾ ਤੁਸੀਂ ਜਿਨ੍ਹਾਂ ਰਾਸ਼ਨ ਲੈਣਾ ਲਓ, ਮੈਂ ਦਿਵਾਉਣਾ ਰਾਸ਼ਨ, ਹੋਰ ਜਿੰਨੇ ਵੀ ਲੋੜਵੰਦ ਲੋਕ ਨੇ ਉਹਨਾਂ ਨੂੰ ਵੀ ਮੈਂ ਰਾਸ਼ਨ ਦਿਵਾਉਣ ਦਾ ਵਾਅਦਾ ਕਰਦਾ ਹਾਂ। ਉਨ੍ਹਾਂ ਕਿਹਾ ਕਿ ਜੇ ਕਿਸੇ ਦੀ ਤਨਖਾਹ ਰੁਕੀ ਹੈ, ਕੰਮ ਰੁਕਿਆ ਹੈ ਉਹ ਲੋਕ ਵੀ ਰਾਸ਼ਨ ਲੈ ਸਕਦੇ ਹਨ। ਜਦੋਂ ਉਹਨਾਂ ਦਾ ਕੰਮ ਚੱਲ ਪਿਆ ਉਦੋਂ ਪੈਸੇ ਮੋੜ ਸਕਦੇ ਨੇ ,ਕਿਸੇ ਤੋਂ ਕੋਈ ਵਿਆਜ ਨਹੀਂ ਲਵਾਂਗਾ। ਕਿਰਾਏ ਦੇ ਕਮਰੇ ਵਿੱਚ ਰਹਿ ਕੇ ਲੋਕਾਂ ਦੇ ਘਰ ਕੰਮ ਕਰਕੇ ਗੁਜ਼ਾਰਾ ਕਰ ਰਹੀ ਗੀਤਾ ਬਾਲਾ ਨੇ ਵੀ ਸਰਕਾਰ ਨੂੰ ਕੋਸਦੇ ਹੋਏ ਕਿਹਾ ਕੇ ਸਾਡਾ ਐਮਸੀ ਸਾਡੇ ਲਈ ਇੱਨ੍ਹਾਂ ਕੁੱਝ ਕਰ ਰਿਹਾ,ਪਰ ਸਰਕਾਰ ਤੇ ਪ੍ਰਸ਼ਾਸਨ ਨੇ ਹਾਲੇ ਤੱਕ ਪੁੱਛਿਆ ਤੱਕ ਵੀ ਨਹੀਂ। ਗੀਤਾ ਨੇ ਕਿਹਾ ਕਿ ਸਰਕਾਰੀ ਮੁਲਾਜਿਮ ਸਾਡੇ ਘਰਾਂ ਵਿੱਚ ਆ ਕੇ ਦੇਖਣ ਕੇ ਅਸੀਂ ਕਿੱਦਾਂ ਭੁੱਖੇ ਮਰ ਰਹੇ ਹਾਂ। ਇਸ ਮੌਕੇ ਸਿੰਦਰ ਕੌਰ, ਸ਼ੀਲਾ ਰਾਣੀ, ਗੀਤਾ ਰਾਣੀ, ਕੁਲਵਿੰਦਰ ਕੌਰ, ਗੁਰਪ੍ਰੀਤ ਕੌਰ, ਹਰਪ੍ਰੀਤ ਕੌਰ, ਧਰਮਪਾਲ, ਸਤਪਾਲ, ਕੁਲਦੀਪ ਸਿੰਘ, ਮਾਨਾ ਸਿੰਘ ਆਦਿ ਵੀ ਹਾਜਿਰ ਸਨ।