ਵਿਧਾਇਕਾ ਪ੍ਰੋ. ਰੂਬੀ ਨੇ ਜਰੂਰਤਮੰਦ ਲੋਕਾਂ ਲਈ ਆਪਣੀ ਸੈਲਰੀ ਵਿੱਚੋ ਜਿਲ੍ਹਾ ਪ੍ਰਸ਼ਾਸਨ ਨੂੰ ਸੌਂਪਿਆ ਰਾਸ਼ਨ

Spread the love

ਔਖੀ ਘੜੀ ਵਿਚ ਇਕ ਦੂਜੇ ਨਾਲ ਮੋਢੇ ਨਾਲ ਮੋਢਾ ਲਗਾ ਕੇ ਸਹਿਯੋਗ ਦੇਣਾ ਚਾਹੀਦਾ ਹੈ- ਵਿਧਾਇਕਾ ਪ੍ਰੋ ਰੂਬੀ 

ਅਸ਼ੋਕ ਵਰਮਾ
ਬਠਿੰਡਾ, 31 ਮਾਰਚ
ਅੱਜ ਬਠਿੰਡਾ ਹਲਕਾ ਦਿਹਾਤੀ ਤੋਂ ਵਿਧਾਇਕਾ ਪ੍ਰੋ ਰੁਪਿੰਦਰ ਕੌਰ ਰੂਬੀ ਨੇ ਹਲਕੇ ਦੇ ਜਰੂਰਤਮੰਦ ਲੋਕਾਂ ਲਈ ਜ਼ਿਲਾ ਪ੍ਰਸ਼ਾਸਨ ਨੂੰ ਰਾਸ਼ਨ ਦਿੱਤਾ। ਵਿਧਾਇਕਾ ਪ੍ਰੋ ਰੂਬੀ ਨੇ ਹਲਕਾ ਬਠਿੰਡਾ ਦਿਹਾਤੀ ਦੇ ਲੋਕਾਂ ਦੀਆਂ ਸਮੱਸਿਆਵਾਂ ਐਸ ਡੀ ਐਮ ਅਮਰਿੰਦਰ ਸਿੰਘ ਨਾਲ ਸਾਂਝੀਆਂ ਕੀਤੀਆਂ ਅਤੇ ਜਲਦ ਤੋਂ ਜਲਦ ਲੋਕਾਂ ਦੀ ਸਮੱਸਿਆਵਾਂ ਦਾ ਹੱਲ ਕਰਨ ਲਈ ਕਿਹਾ ਗਿਆ। ਪ੍ਰੋ ਰੂਬੀ ਨੇ ਕਿਹਾ ਕਿ ਅੱਜ ਵਿਸ਼ਵ ਭਰ ਦੇ ਨਾਲ ਦੇਸ਼ ਅਤੇ ਪੰਜਾਬ ਦੇ ਲੋਕ ਕੋਰੋਨਾ ਵਾਇਰਸ ਦੀ ਲਾਗ ਨਾਲ਼ ਪੀੜਤ ਹੋ ਰਹੇ ਹਨ। ਇਸ ਤੋਂ ਬਚਣ ਦਾ ਇਕੋ ਇਕ ਹੱਲ ਇਕ ਦੂਜੇ ਦੇ ਸੰਪਰਕ ਵਿੱਚ ਨਾ ਆਉਣਾ ਹੈ। ਇਸ ਲਈ ਕਰਫਿਓ ਦੇ ਨਿਯਮਾਂ ਦੀ ਪਾਲਣਾ ਕਰਦੇ ਹੋਏ ਘਰਾਂ ਵਿੱਚ ਹੀ ਰਿਹਾ ਜਾਵੇ। ਉਹਨਾਂ ਕਿਹਾ ਕਿ ਕਰਫਿਓ ਦੇ ਕਾਰਨ ਲੋਕਾਂ ਕੋਲ ਕਮਾਈ ਦਾ ਕੋਈ ਸਾਧਨ ਨਾ ਹੋਣ ਕਰਕੇ ਰਾਸ਼ਨ ਖ਼ਤਮ ਹੋ ਗਏ ਹਨ ਲੋਕ ਦਵਾਈਆਂ ਦੀ ਮੰਗ ਕਰ ਰਹੇ ਹਨ। ਅਜਿਹੇ ਵਿੱਚ ਉਹਨਾਂ ਵੱਲੋਂ ਆਪਣੀ ਤਨਖਾਹ ਅਤੇ ਅਮਰੀਕਾ ਤੋਂ ਐਨ ਆਰ ਆਈ ਵੀਰ ਦੇ ਸਹਿਯੌਗ ਨਾਲ਼ ਬਠਿੰਡਾ ਦਿਹਾਤੀ ਦੇ ਜਰੂਰਤਮੰਦ ਲੋਕਾਂ ਲਈ ਅੱਜ ਰਾਸ਼ਨ ਭੇਜਿਆ ਗਿਆ ਹੈ, ਜਿਸ ਨਾਲ ਲੋਕਾਂ ਨੂੰ ਕੁੱਝ ਰਾਹਤ ਮਿਲੇਗੀ। ਉਹਨਾਂ ਕਿਹਾ ਕਿ ਉਹਨਾਂ ਵਲੋਂ ਕਰਫਿਓ ਦੇ ਨਿਯਮਾਂ ਦੀ ਪਾਲਣਾ ਕਰਦੇ ਹੋਏ ਇਹ ਰਾਸ਼ਨ ਜ਼ਿਲਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਵੰਡਾਇਆ ਜਾਵੇਗਾ। ਉਹਨਾਂ ਕਿਹਾ ਕਿ ਉਹਨਾਂ ਵੱਲੋਂ ਪਿੰਡ ਪੱਧਰ ਤੇ ਕਲਬ ਸੰਸਥਾਵਾਂ ਨੂੰ ਵੀ ਅਪੀਲ ਕੀਤੀ ਜਾਂਦੀ ਹੈ ਕਿ ਹਰ ਘਰ ਮੱਦਦ ਕਰੇ ਤਾਂ ਜੋ ਜਰੂਰਤਮੰਦ ਘਰਾਂ ਨੂੰ ਕੁੱਝ ਰਾਹਤ ਮਿਲ ਸਕੇ। ਉਹਨਾਂ ਕਿਹਾ ਕਿ ਪਿੰਡ ਦੀਆਂ ਪੰਚਾਇਤਾਂ ਵੀ ਪੰਚਾਇਤੀ ਫੰਡਾ ਵਿੱਚੋ ਜਲਦ ਤੋਂ ਜਲਦ ਜਰੂਰਤਮੰਦ ਲੋਕਾਂ ਤੱਕ ਦਵਾਈ, ਰਾਸ਼ਨ ਜਾ ਹੋਰ ਸਮਾਨ ਮੁਹਈਆ ਕਰਵਾਉਣ। ਉਹਨਾਂ ਕਿਹਾ ਕਿ ਪਿੰਡਾਂ ਵਿੱਚ ਦਵਾਈਆਂ ਦੀ ਸੱਮਸਿਆ ਦਾ ਹੱਲ ਵੀ ਕੱਢ ਲਿਆ ਗਿਆ ਹੈ, ਹੈਲਥ ਵਰਕਰਾਂ ਦੀ ਮੱਦਦ ਨਾਲ ਲੋਕਾਂ ਤੱਕ ਦਵਾਈਆਂ ਪਹੁੰਚਾਈਆ ਜਾ ਰਹੀਆਂ ਹਨ।  ਉਹਨਾਂ ਕਿਹਾ ਕਿ ਅੱਜ ਇਸ ਔਖੀ ਘੜੀ ਵਿਚ ਇਕ ਦੂਜੇ ਨਾਲ ਮੋਢੇ ਨਾਲ ਮੋਢਾ ਲਗਾ ਕੇ ਸਹਿਯੋਗ ਦੇਣਾ ਚਾਹੀਦਾ ਹੈ ਅਤੇ ਰਾਸ਼ਨ ਅਤੇ ਹੋਰ ਸਰਕਾਰੀ ਸਹੂਲਤਾਂ ਦੀ ਵੰਡ ਵਿੱਚ ਵੀ ਕਿਸੇ ਤਰ੍ਹਾਂ ਦੀ ਸਿਆਸਤ ਨਹੀਂ ਕਰਨੀ ਚਾਹੀਦੀ ਹੈ। ਉਹਨਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਉਹਨਾਂ ਨੇ ਆਪਣੀ ਸੈਲਰੀ ਵਿਚੋਂ ਹਲਕਾ ਬਠਿੰਡਾ ਦਿਹਾਤੀ ਦੇ ਸਰਕਾਰੀ ਹਸਪਤਾਲਾਂ ਅਤੇ ਪੁਲਿਸ ਥਾਣਾ ਨੂੰ ਮਾਸਕ ਬਣਵਾ ਕੇ ਦਿਤੇ ਹਨ। ਉਹਨਾ ਕਿਹਾ ਕਿ ਉਹਨਾ ਵੱਲੋਂ ਹੋਰ ਰਾਸ਼ਨ ਦਾ ਪ੍ਰਬੰਧ ਕਰਨ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ।

Spread the love
Scroll to Top