ਆਈਜੀ ਅਰੁਣ ਮਿੱਤਲ ਵੱਲੋਂ ਕਰਫਿਊ ਦੀ ਉਲੰਘਣਾ ਕਰਨ ਵਾਲਿਆ ਖਿਲਾਫ ਸਖਤੀ ਦੇ ਸੰਕੇਤ

Spread the love

ਸੂਬੇ ਦੀਆਂ ਅੰਤਰਰਾਜੀ ਸਰਹੱਦਾਂ ਸੀਲ ਕਰ ਦਿੱਤੀਆਂ ਗਈਆਂ-ਆਈਜੀ ਅਰੁਣ ਮਿੱਤਲ 

ਅਸ਼ੋਕ ਵਰਮਾ
ਬਠਿੰਡਾ, 31 ਮਾਰਚ : ਬਠਿੰਡਾ ਪੁਲਿਸ ਰੇਂਜ ਦੇ ਆਈ.ਜੀ. ਅਰੁਣ ਕੁਮਾਰ ਮਿੱਤਲ ਨੇ ਕਰਫਿਊ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਸਖਤੀ ਦੇ ਸੰਕੇਤ ਦਿੱਤੇ ਹਨ। ਕੁੱਝ ਦਿਨ ਪਹਿਲਾਂ ਪੁਲਿਸ ਵੱਲੋਂ ਕੀਤੀ ਕੁੱਟਮਾਰ ਦੀਆਂ ਘਟਨਾਵਾਂ ਤੋਂ ਬਾਅਦ ਪੁਲਿਸ ਨੇ ਕੁੱਝ ਨਰਮੀ ਦਿਖਾਈ ਸੀ। ਅੱਜ ਆਈ ਜੀ ਨੇ ਸਪਸ਼ਟ ਕੀਤਾ ਕਿ ਜੋ ਲੋਕ ਕਰਫਿਊ ਦੀਆਂ ਪਾਬੰਦੀਆਂ ਦੀ ਪਾਲਣਾ ਨਹੀਂ ਕਰਨਗੇ ਉਨ੍ਹਾਂ ਖਿਲਾਫ ਪੁਲਿਸ ਕਾਰਵਾਈ ਕੀਤੀ ਜਾਏਗੀ। ਅੱਜ ਇੱਥੇ ਬਠਿੰਡਾ ਦੇ ਡਿਪਟੀ ਕਮਿਸ਼ਨਰ ਬੀ ਸ੍ਰੀ ਨਿਵਾਸਨ, ਐਸ.ਐਸ.ਪੀ. ਬਠਿੰਡਾ ਡਾ: ਨਾਨਕ ਸਿੰਘ, ਸ੍ਰੀ ਮੁਕਤਸਰ ਸਾਹਿਬ ਦੇ ਐਸ.ਐਸ.ਪੀ. ਸ: ਰਾਜਬਚਨ ਸਿੰਘ ਸੰਧੂ, ਮਾਨਸਾ ਦੇ ਐਸਐਸਪੀ ਨਰਿੰਦਰ ਭਾਰਗਵ ਦੀ ਹਾਜਰੀ ‘ਚ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਸ੍ਰੀ ਮਿੱਤਲ ਨੇ ਆਪਣਾ ਏਜੰਡਾ ਰੱਖਿਆ। ਪੰਜਾਬ ‘ਚ ਕਰਫਿਊ 14 ਅਪਰੈਲ ਤੱਕ ਵਧਾਉਣ ਤੋਂ ਬਾਅਦ ਆਈਜੀ ਦੀ ਇਹ ਪਹਿਲੀ ਪ੍ਰੈਸ ਕਾਨਫਰੰਸ ਸੀ। ਉਨ੍ਹਾਂ ਦੱਸਿਆ ਕਿ ਸੂਬੇ ਦੀਆਂ ਅੰਤਰਰਾਜੀ ਸਰਹੱਦਾਂ ਸੀਲ ਕਰ ਦਿੱਤੀਆਂ ਗਈਆਂ ਹਨ ਅਤੇ ਕੋਈ ਵੀ ਕੋਤਾਹੀ ਬਰਦਾਸ਼ਤ ਨਹੀਂ ਕੀਤੀ ਜਾਏਗੀ। ਉਨ੍ਹਾਂ ਨੇ ਦੱਸਿਆ ਕਿ ਰੇਂਜ ਅਧੀਨ ਪੈਂਦੇ ਬਠਿੰਡਾ, ਸ੍ਰੀ ਮੁਕਤਸਰ ਸਾਹਿਬ ਅਤੇ ਮਾਨਸਾ ਵਿਚ ਜਰੂਰੀ ਵਸਤਾਂ ਦੀ ਸਪਲਾਈ ਚੇਨ ਆਮ ਵਾਂਗ ਚੱਲ ਰਹੀ ਹੈ ਪਰ ਜੇਕਰ ਕੋਈ ਵੀ ਕਰਫਿਊ ਦਾ ਉਲੰਘਣ ਕਰੇਗਾ ਤਾਂ ਉਸ ਖਿਲਾਫ ਸਖ਼ਤ ਕਾਰਵਾਈ ਪੁਲਿਸ ਵੱਲੋਂ ਕੀਤੀ ਜਾਵੇਗੀ।
ਇਸ ਮੌਕੇ ਸ੍ਰੀ ਏਕੇ ਮਿੱਤਲ ਨੇ ਕਿਹਾ ਕਿ ਲੋਕਾਂ ਵੱਲੋਂ ਕਰਫਿਊ ਵਿਚ ਸਹਿਯੋਗ ਕੀਤਾ ਜਾ ਰਿਹਾ ਹੈ। ਪਰ ਜੋ ਲੋਕ ਕਰਫਿਊ ਦਾ ਉਲੰਘਣ ਕਰਕੇ ਘਰਾਂ ਤੋਂ ਬਾਹਰ ਆ ਰਹੇ ਹਨ ਉਹ ਸਮਾਜ ਲਈ ਖਤਰਾ ਪੈਦਾ ਕਰ ਰਹੇ ਹਨ ਅਤੇ ਪੁਲਿਸ ਵੱਲੋਂ ਅਜਿਹੇ ਲੋਕਾਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਏਗਾ
ਆਈ.ਜੀ. ਸ੍ਰੀ ਮਿੱਤਲ ਨੇ ਇਸ ਮੌਕੇ ਜਨ ਸੇਵਾ ਵਿਚ ਲੱਗੇ ਸਮੂਹ ਵਿਭਾਗਾਂ, ਸਮਾਜ ਸੇਵੀ ਸੰਸਥਾਵਾਂ ਦਾ ਧੰਨਵਾਦ ਕਰਦਿਆ ਅਪੀਲ ਕੀਤੀ ਕਿ ਫੈਕਟਰੀਆਂ ਵਾਲੇ ਆਪਣੇ ਕਾਮਿਆਂ ਦੀ ਇਸ ਮੌਕੇ ਸਹਾਇਤਾ ਕਰਦਿਆਂ ਉਨ੍ਹਾਂ ਨੂੰ ਖਾਣਾ ਮੁਹਈਆ ਕਰਵਾਉਣ। ਇਸੇ ਤਰਾਂ ਉਨ੍ਹਾਂ ਨੇ ਮਕਾਨ ਮਾਲਕਾਂ ਨੂੰ ਵੀ ਅਪੀਲ ਕੀਤੀ ਕਿ ਇਸ ਮੁਸਕਿਲ ਦੌਰ ਵਿਚ ਆਪਣੇ ਕਿਰਾਏਦਾਰਾਂ ਨਾਲ ਸਹਿਯੋਗ ਕਰਨ। ਇਸ ਮੌਕੇ ਉਨ੍ਹਾਂ ਨੇ ਲੋਕਾਂ ਨੂੰ ਕਿਹਾ ਕਿ ਉਹ ਘਰਾਂ ਦੇ ਅੰਦਰ ਹੀ ਰਹਿਣ ਅਤੇ ਘਰ ਦੇ ਅੰਦਰ ਵੀ ਸਾਫ ਸਫਾਈ ਦਾ ਪੂਰਾ ਧਿਆਨ ਦੇਣ ਅਤੇ ਚੰਗੀ ਖੁਰਾਕ ਖਾਣ।
ਡਿਪਟੀ ਕਮਿਸ਼ਨਰ ਸ੍ਰੀ ਬੀ ਸ੍ਰੀ ਨਿਵਾਸਨ ਨੇ ਕਿਹਾ ਕਿ ਰਾਸ਼ਨ ਸਮੇਤ ਬਾਕੀ ਜਰੂਰੀ ਵਸਤਾਂ ਦੀ ਸਪਲਾਈ ਹੁਣ ਬਹਾਲ ਹੋ ਚੁੱਕੀ ਹੈ। ਉਨ੍ਹਾਂ ਨੇ ਕਿਹਾ ਕਿ ਰਾਸ਼ਨ ਜਾਂ ਕਿਸੇ ਹੋਰ ਸਮਾਨ ਦਾ ਸਹਿਯੋਗ ਕਰਨ ਦੇ ਇੱਛੁਕ ਨਗਰ ਨਿਗਮ ਕਮਿਸ਼ਨਰ ਦਫ਼ਤਰ ਨਾਲ ਰਾਬਤਾ ਕਰ ਸਕਦੇ ਹਨ।


Spread the love
Scroll to Top