ਇੱਜਤ ਲੁੱਟਣ ਦੀ ਕੋਸ਼ਿਸ਼ -ਮੂੰਹ ਤੇ ਵੱਢੀਆਂ ਦੰਦੀਆਂ ਤੇ ਨੌਚੀਆਂ ਛਾਤੀਆਂ
ਬਰਨਾਲਾ,29 ਫਰਵਰੀ,
ਥਾਣਾ ਤਪਾ ਦੇ ਨੇੜਲੇ ਪਿੰਡ ਘੁੰਨਸ ਦੀ ਰਹਿਣ ਵਾਲੀ ਇੱਕ ਮਜਦੂਰ ਔਰਤ ਨੂੰ ਅਗਵਾ ਕਰਕੇ ਬੇ-ਆਬਰੂ ਕਰਨ ਦੀ ਘਿਨੌਣੀ ਘਟਨਾ ਦੇ ਦਸ ਦਿਨ ਬਾਅਦ ਵੀ ਦੋਸ਼ੀਆਂ ਨੂੰ ਗਿਰਫਤਾਰ ਨਹੀਂ ਕਰਨ ਦੇ ਰੋਸ ਵਜੋਂ ਬਹੁਜਨ ਸਮਾਜ਼ ਪਾਰਟੀ, ਸੀਪੀਆਈ, ਅਤੇ ਦਿਹਾਤੀ ਮਜਦੂਰ ਸਭਾ ਦੇ ਆਗੂਆਂ ਦਾ ਇੱਕ ਵਫਦ ਪੀੜਤ ਔਰਤ ਨੂੰ ਨਾਲ ਲੈ ਕੇ ਜਿਲ੍ਹਾ ਪੁਲਿਸ ਮੁੱਖੀ ਨੂੰ ਮਿਲਿਆ। ਇਸ ਮੌਕੇ ਤੇ ਪ੍ਰੈਸ ਨਾਲ ਗੱਲਬਾਤ ਕਰਦੇ ਹੋਏ ਬਸਪਾ ਦੇ ਸੰਗਰੂਰ ਲੋਕ ਸਭਾ ਖੇਤਰ ਦੇ ਇੰਚਾਰਜ ਦਰਸ਼ਨ ਸਿੰਘ ਝਲੂਰ, ਸੀਪੀਆਈ ਦੇ ਜਿਲ੍ਹਾ ਸਕੱਤਰ ਕਾਮਰੇਡ ਖੁਸ਼ੀਆ ਸਿੰਘ ਤੇ ਦਿਹਾਤੀ ਮਜਦੂਰ ਸਭਾ ਦੇ ਜਿਲ੍ਹਾ ਸਕੱਤਰ ਭੋਲਾ ਸਿੰਘ ਕਲਾਲ ਮਾਜ਼ਰਾ ਨੇ ਦੱਸਿਆ ਕਿ ਦਸ ਕੁ ਦਿਨ ਪਹਿਲਾਂ ਰਮਨਦੀਪ ਕੌਰ ਪਤਨੀ ਗੁਰਲਾਲ ਸਿੰਘ ਨਿਵਾਸੀ ਘੁੰਨਸ ਦੇ ਘਰ ਚਮਕੌਰ ਸਿੰਘ, ਮਨਪ੍ਰੀਤ ਸਿੰਘ ਉਰਫ ਲੱਲੂ, ਗਗਨ ਉਰਫ ਗੋਬਿੰਦ ਸਿੰਘ ਤੇ ਜਸਵਿੰਦਰ ਕੌਰ ਸਾਰੇ ਨਿਵਾਸੀ ਪਿੰਡ ਘੁੰਨਸ ਰਮਨਦੀਪ ਕੌਰ ਦੇ ਘਰ ਆਏ। ਉਕਤ ਸਾਰਿਆਂ ਨੇ ਦੋਸ਼ ਲਾਇਆ ਕਿ ਰਮਨਦੀਪ ਨੇ ਜਗਸੀਰ ਸਿੰਘ ਦੇ ਘਰੋਂ ਢਾਈ ਤੋਲੇ ਸੋਨੇ ਦੇ ਗਹਿਣੇ ਚੋਰੀ ਕੀਤੇ ਹਨ। ਉਕਤ ਸਾਰੇ ਦੋਸ਼ੀ ਰਮਨਦੀਪ ਕੌਰ ਨੂੰ ਜਬਰਦਸਤੀ ਅਗਵਾ ਕਰ ਕੁੱਟ-ਮਾਰ ਕਰਕੇ ਜਗਸੀਰ ਸਿੰਘ ਦੇ ਘਰ ਲੈ ਗਏ। ਜਿੱਥੇ ਦੋਸ਼ੀਆਂ ਨੇ ਬੇਰਹਿਮੀ ਨਾਲ ਰਮਨਦੀਪ ਦੀ ਕੁੱਟਮਾਰ ਕੀਤੀ ਤੇ ਜਸਵਿੰਦਰ ਕੌਰ ਨੇ ਉਸਦੇ ਗੁਪਤ ਅੰਗਾਂ ਤੇ ਲੱਤਾਂ ਮਾਰੀਆਂ, ਸਾਰੇ ਦੋਸ਼ੀ ਉਸਨੂੰ ਥਰਡ ਡਿਗਰੀ ਟਾਰਚਰ ਕਰਨ ਲਈ ਦੋਸ਼ੀ ਚਮਕੌਰ ਸਿੰਘ ਦੇ ਖੇਤ ਮੋਟਰ ਤੇ ਲੈ ਗਏ। ਦੋਸ਼ੀਆਂ ਨੇ ਉਸਦੇ ਕੱਪੜੇ ਫਾੜ ਦਿੱਤੇ,ਮੂੰਹ ਤੇ ਦੰਦੀਆਂ ਵੱਢੀਆਂ ਤੇ ਛਾਤੀਆਂ ਨੂੰ ਨੋਚਿਆ ਤੇ ਉਸਦੀ ਆਬਰੂ ਲੁੱਟਣ ਦੀ ਕੋਸਿਸ ਵੀ ਕੀਤੀ। ਜਲਾਲਤ ਤੇ ਕੁੱਟਮਾਰ ਤੋਂ ਡਰ ਕੇ ਉਸਨੇ ਝੂਠਾ ਹੀ ਦੋਸ਼ ਕਬੂਲ ਕਰ ਲਿਆ। ਬਾਅਦ ਵਿੱਚ ਉਸਨੂੰ ਤਪਾ ਦੇ ਹਸਪਤਾਲ ਵਿਖੇ ਭਰਤੀ ਕਰਵਾਇਆ। ਦੋਸ਼ੀਆਂ ਨੇ ਉਸਦੇ ਪਹਿਣੇ ਹੋਏ ਸੋਨੇ ਤੇ ਚਾਂਦੀ ਦੇ ਗਹਿਣੇ ਵੀ ਖੋਹ ਲਏ।
ਵਫਦ ਚ, ਸ਼ਾਮਿਲ ਆਗੂਆਂ ਨੇ ਦੱਸਿਆ ਕਿ ਦੋਸ਼ੀਆਂ ਨੇ ਪ੍ਰਭਾਵ ਵਰਤ ਕੇ ਰਮਨਦੀਪ ਦੇ ਵਿਰੁੱਧ ਹੀ ਚੋਰੀ ਦਾ ਇੱਕ ਝੂਠਾ ਕੇਸ ਵੀ ਦਰਜ਼ ਕਰਵਾਇਆ। ਪਰੰਤੂ ਬਾਅਦ ਵਿੱਚ ਪੁਲਿਸ ਨੇ ਹਸਪਤਾਲ ਚੋਂ ਰੁੱਕਾ ਪ੍ਰਾਪਤ ਹੋਣ ਤੇ ਪੀੜਤ ਦੇ ਬਿਆਨ ਅਤੇ ਮੈਡੀਕਲ ਰਿਪੋਰਟ ਦੇ ਆਧਾਰ ਤੇ ਉਕਤ ਸਾਰੇ ਨਾਮਜ਼ਦ ਦੋਸ਼ੀਆਂ ਦੇ ਖਿਲਾਫ 21 ਫਰਵਰੀ ਨੂੰ ਕੇਸ ਵੀ ਦਰਜ਼ ਕੀਤਾ। ਉੱਨ੍ਹਾਂ ਕਿਹਾ ਕਿ ਅੱਤਿਆਚਾਰ ਕਰਨ ਵਾਲੀ ਧਿਰ ਜਰਨਲ ਹੋਣ ਕਰਕੇ ਦਲਿਤ ਜਥੇਬੰਦੀਆਂ ਦੀ ਮੰਗ ਤੇ ਪੁਲਿਸ ਨੇ ਐਸ.ਸੀ/ਐਸ.ਟੀ. ਐਕਟ ਦੀ ਧਾਰਾ ਵੀ ਕੇਸ ਵਿੱਚ ਸ਼ਾਮਿਲ ਕਰ ਦਿੱਤੀ। ਵਫਦ ਨੇ ਕਿਹਾ ਕਿ ਜੇਕਰ ਪੁਲਿਸ ਨੇ ਬਾਕੀ ਰਹਿੰਦੇ ਦੋਸ਼ੀਆਂ ਨੂੰ ਜਲਦ ਗਿਰਫਤਾਰ ਨਹੀਂ ਕੀਤਾ, ਤਾਂ ਦਲਿਤ ਜਥੇਬੰਦੀਆਂ ਮਿਲ ਕੇ ਤਿੱਖਾ ਸੰਘਰਸ਼ ਕਰਨ ਨੂੰ ਮਜਬੂਰ ਹੋਣਗੀਆਂ। ਉੱਧਰ ਐਸਐਸਪੀ ਸੰਦੀਪ ਗੋਇਲ ਨੇ ਵਫਦ ਨੂੰ ਇਨਸਾਫ ਦੇਣ ਤੇ ਦੋਸ਼ੀਆਂ ਨੂੰ ਛੇਤੀ ਕਾਬੂ ਕਰਨ ਦਾ ਭਰੋਸਾ ਵੀ ਦਿੱਤਾ।