-ਨਸ਼ਾ ਤਸਕਰ ਰਿੰਕੂ ਮਿੱਤਲ ਨੇ 10 ਵਰ੍ਹੇ ਪਾਇਆ ਪੁਲਿਸ ਦੇ ਅੱਖੀਂ ਘੱਟਾ
–-ਬਰਨਾਲਾ ਟੂਡੇ ਬਿਊਰੋ,,,
ਬੇਸ਼ੱਕ ਬਰਨਾਲਾ ਪੁਲਿਸ ਨੇ ਅੰਤਰਰਾਜੀ ਨਸ਼ਾ ਤਸਕਰੀ ਦੇ ਵੱਡੇ ਰੈਕਟ ਦਾ ਪਰਦਾਫਾਸ਼ ਕਰਕੇ ਪ੍ਰਦੇਸ਼ ਵਿੱਚ ਹੁਣ ਤੱਕ ਦੀ ਸਭ ਤੋਂ ਵੱਡੀ ਨਸ਼ੀਲੀਆਂ ਗੋਲੀਆਂ ਦੀ ਖੇਪ ਬਰਾਮਦ ਕਰਕੇ ਖੂਬ ਬੱਲੇ-ਬੱਲੇ ਕਰਵਾ ਲਈ ਹੈ। ਪਰੰਤੂ ਬਰਨਾਲਾ ਪੁਲਿਸ ਸਿਟੀ ਥਾਣੇ ਤੋਂ ਮਸੀਂ ਕਰੀਬ 50 ਗਜ਼ ਦੂਰੀ ਤੇ ਸਰੇਆਮ 10 ਵਰ੍ਹੇ ਤੱਕ ਵਿਕਦੇ ਰਹੇ ਨਸ਼ੇ ਨੇ ਬਰਨਾਲਾ ਪੁਲਿਸ ਦੇ ਮੱਥੇ ਤੇ ਇੱਕ ਬਦਨੁਮਾ ਦਾਗ ਵੀ ਜੜ ਦਿੱਤਾ ਹੈ। ਸ਼ਹਿਰ ਦੇ ਪ੍ਰਮੁੱਖ ਸਦਰ ਬਾਜ਼ਾਰ ਦੇ ਐਨ ਵਿੱਚਕਾਰ ਬੀਰੂ ਰਾਮ ਠਾਕੁਰ ਦਾਸ ਦੀ ਫਰਮ ਦੇ ਦੋਵਾਂ ਪਾਸੇ ਪੁਲਿਸ ਤਾਇਨਾਤ ਵੀ ਰਹਿੰਦੀ ਰਹੀ। ਯਾਨੀ ਸ਼ਹੀਦ ਭਗਤ ਸਿੰਘ ਦੇ ਬੁੱਤ ਕੋਲ ਥਾਣਾ ਅਤੇ ਨਹਿਰੂ ਦੇ ਬੁੱਤ ਕੋਲ ਚੌਂਕ ਵਿੱਚ ਪੁਲਿਸ ਦਾ ਨਾਕਾ ਅਕਸਰ ਹੀ 24 ਘੰਟੇ ਲੱਗਾ ਰਹਿੰਦਾ ਹੈ। ਇਹ ਕਹਿਣਾ ਕੋਈ ਅਤ ਕੱਥਣੀ ਗੱਲ ਨਹੀ ਕਿ ਇਹ ਸਭ ਪੁਲਿਸ ਪ੍ਰਸਾਸ਼ਨ ਦੀ ਮਿਲੀਭੁਗਤ ਤੋਂ ਬਿਨਾਂ ਸੰਭਵ ਹੀ ਨਹੀ ਹੋ ਸਕਦਾ। ਹਰ ਪਾਸਿਉਂ ਵਧਾਈਆਂ ਦੇ ਨਾਇਕ ਸਾਬਿਤ ਹੋਏ ਐਸਐਸਪੀ ਸੰਦੀਪ ਗੋਇਲ ਨੂੰ ਥਾਣੇ ਦੀ ਬੁੱਕਲ ਚ, ਦਸ ਸਾਲ ਬਿਨਾਂ ਕੋਈ ਰੋਕ ਟੋਕ ਧੜ੍ਹੱਲੇ ਨਾਲ ਰਿੰਕੂ ਮਿੱਤਲ ਦੇ ਵੱਧਦੇ ਫੁੱਲਦੇ ਰਹੇ ਕਾਲੇ ਕਾਰੋਬਾਰ ਨੂੰ ਲੈ ਕੇ ਮੀਡੀਆ ਦੇ ਤਿੱਖੇ ਸਵਾਲਾਂ ਦਾ ਸਾਹਮਣਾ ਕਰਨਾ ਪਿਆ। ਸ੍ਰੀ ਗੋਇਲ ਨੇ ਇਸ ਦੇ ਜਵਾਬ ਵਿੱਚ ਇਹ ਕਹਿ ਕੇ ਹੀ ਪੱਲਾ ਝਾੜਿਆ ਕਿ ਇਸ ਨੂੰ ਚੋਰ-ਸਿਪਾਹੀ ਵਾਲੀ ਖੇਡ ਦੀ ਤਰਾਂ ਹੀ ਵੇਖਣਾ ਚਾਹੀਦਾ ਹੈ। ਯਾਨੀ ਉੱਨ੍ਹਾਂ ਪੁਲਿਸ ਦੀ ਸਮੂਲੀਅਤ ਤੋਂ ਕੋਰਾ ਇਨਕਾਰ ਨਹੀਂ ਕੀਤਾ। ਸਗੋਂ ਚੋਰ ਸਿਪਾਹੀ ਦੀ ਕਹਾਣੀ ਦਾ ਨਿਚੌੜ ਸੁਣਾ ਕੇ ਵਿਭਾਗ ਦੀਆਂ ਕੁਝ ਕਾਲੀਆਂ ਭੇਡਾਂ ਹੋਣ ਦੀ ਗੱਲ ਨੂੰ ਦਬੀ ਜੁਬਾਨ ਚ। ਸਵੀਕਾਰ ਹੀ ਕੀਤਾ। ਉਨ੍ਹਾਂ ਕਿਹਾ ਕਿ ਇਸ ਕਾਲੇ ਕਾਰੋਬਾਰ ਨਾਲ ਸਿੱਧੇ ਤੇ ਅਸਿੱਧੇ ਤੌਰ ਤੇ ਜੁੜ੍ਹੇ ਕਿਸੇ ਵੀ ਵੱਡੇ ਛੋਟੇ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ।
-ਨਾਮੀ-ਬੇਨਾਮੀ ਜਾਇਦਾਦਾਂ ਦੇ ਮਿਲੇ ਸਬੂਤ
ਐਸਐਸਪੀ ਸੰਦੀਪ ਗੋਇਲ ਨੇ ਰਿੰਕੂ ਮਿੱਤਲ ਦੀ ਚਾਲੀ ਫੁੱਟੀ ਗਲੀ ਵਿੱਚ ਸਥਿਤ ਕੋਠੀ ਦੀ ਤਲਾਸ਼ੀ ਦੇ ਬਾਰੇ ਵੀ ਅਹਿਮ ਖੁਲਾਸਾ ਕਰਦੇ ਹੋਏ ਕਿਹਾ ਕਿ ਪੁਲਿਸ ਨੂੰ ਰਿੰਕੂ ਦੇ ਘਰੋਂ ਕਾਫੀ ਅਹਿਮ ਦਸਤਾਵੇਜ਼ ਮਿਲੇ ਹਨ। ਜਿੰਨ੍ਹਾ ਤੋਂ ਰਿੰਕੂ ਦੇ ਹੋਰਨਾਂ ਰਾਜਾਂ ਵਿੱਚ ਫੈਲੇ ਕਾਲੇ ਕਾਰੋਬਾਰ ਦਾ ਭਾਂਡਾ ਭੰਨਿਆ ਹੈ। ਉੱਨ੍ਹਾਂ ਕਿਹਾ ਕਿ ਰਿੰਕੂ ਦੁਆਰਾ ਨਸ਼ਾ ਤਸਕਰੀ ਦੇ ਧੰਦੇ ਤੋਂ ਬਣਾਈ ਨਾਮੀ ਅਤੇ ਬੇਨਾਮੀ ਜਾਇਦਾਦ ਦੀ ਵੀ ਗੰਭੀਰਤਾ ਨਾਲ ਪੜਤਾਲ ਜਾਰੀ ਹੈ। ਪੜਤਾਲ ਦੇ ਅਧਾਰ ਤੇ ਸਾਹਮਣੇ ਆਏ ਤੱਥਾਂ ਦੇ ਅਨੁਸਾਰ ਜਾਇਦਾਦ ਅਟੈਚ ਕਰਵਾਉਣ ਦੀ ਕਾਰਵਾਈ ਵੀ ਸ਼ੁਰੂ ਕੀਤੀ ਜਾਵੇਗੀ। ਉਨ੍ਹਾਂ ਦਾਵਾ ਕੀਤਾ ਕਿ ਰਿੰਕੂ ਅਤੇ ਤਾਇਬ ਕੁਰੈਸ਼ੀ ਦੀ ਪੁੱਛਗਿੱਛ ਦੇ ਆਧਾਰ ਤੇ ਹੋਰ ਵੱਡੇ ਮਗਰਮੱਛ ਯਾਨੀ ਨਸ਼ਾ ਤਸਕਰ ਕਾਬੂ ਹੋਣ ਦੀ ਸੰਭਾਵਨਾ ਬਰਕਰਾਰ ਹੈ, ਹੋ ਸਕਦਾ ਹੈ ਕਿ ਹੋਰ ਹੋਣ ਵਾਲੀ ਰਿਕਵਰੀ ਹੁਣ ਹੋਈ ਨਸ਼ੀਲੀ ਦਵਾਈਆਂ ਦੀ ਰਿਕਵਰੀ ਦਾ ਵੀ ਰਿਕਾਰਡ ਤੋੜ ਦੇਵੇ।
ਵਾਹ…