–2 ਪਿਸਤੌਲ ਤੇ 1 ਰਾਈਫਲ ਵੀ ਬਰਾਮਦ, 5 ਦੇ ਖਿਲਾਫ ਇਰਾਦਾ ਕਤਲ ਦਾ ਕੇਸ ਦਰਜ਼
-ਮਹਿਲ ਕਲਾਂ ਟਰੱਕ ਯੂਨੀਅਨ ਦਾ ਪ੍ਰਧਾਨ ਵੀ ਹੈ ਅਰਸ਼ਦੀਪ ਬਿੱਟੂ
-ਗੈਂਗਸਟਰ ਬਿੱਟੂ ਦੀ ਪਤਨੀ ਨੇ ਲਾਇਆ ਪੁਲਿਸ ਤੇ ਧੱਕੇਸ਼ਾਹੀ ਦਾ ਦੋਸ਼,ਕਿਹਾ ਆਮ ਜਿੰਦਗੀ ਵੀ ਨਹੀਂ ਜੀਣ ਨਹੀਂ ਦੇ ਰਹੀ ਪੁਲਿਸ
ਬਰਨਾਲਾ
ਟਰੱਕ ਯੂਨੀਅਨ ਮਹਿਲ ਕਲਾਂ ਦੇ ਪ੍ਰਧਾਨ ਅਤੇ ਬੀ ਕੈਟਾਗਿਰੀ ਦੇ ਗੈਂਗਸਟਰ ਅਰਸ਼ਦੀਪ ਸਿੰਘ ਉਰਫ ਬਿੱਟੂ ਦੇ ਘਰ ਮੰਗਲਵਾਰ ਦੀ ਸ਼ਾਮ ਨੂੰ ਸੀਆਈਏ ਸਟਾਫ ਦੇ ਇੰਚਾਰਜ ਬਲਜੀਤ ਸਿੰਘ ਦੀ ਅਗਵਾਈ ਹੇਠ ਕੀਤੀ ਛਾਪਾਮਾਰੀ ਦੌਰਾਨ ਦੁਵੱਲੀ ਫਾਇਰਿੰਗ ਹੋਣ ਨਾਲ ਇਲਾਕੇ ਵਿੱਚ ਸਹਿਮ ਫੈਲ ਗਿਆ। ਦੋਵਾਂ ਪਾਸਿਆਂ ਤੋਂ ਹੋਈ ਕਈ ਰਾਉਂਡ ਫਾਈਰਿੰਗ ਤੋਂ ਬਾਅਦ ਪੁਲਿਸ ਨੇ ਅਰਸ਼ਦੀਪ ਬਿੱਟੂ ਤੇ ਉਸਦੇ 3 ਹੋਰ ਸਾਥੀਆਂ ਨੂੰ ਹਥਿਆਰਾਂ ਸਣੇ ਕਾਬੂ ਕਰ ਲਿਆ। ਜਦੋਂ ਕਿ ਇੱਕ ਗੈਂਗਸਟਰ ਪੁਲਿਸ ਨੂੰ ਚਕਮਾ ਦੇ ਕੇ ਭੱਜਣ ਚ, ਸਫਲ ਵੀ ਹੋ ਗਿਆ। ਪੁਲਿਸ ਨੇ ਦੋਸ਼ੀਆਂ ਦੇ ਵਿਰੁੱਧ ਇਰਾਦਾ ਕਤਲ ਦਾ ਕੇਸ ਵੀ ਥਾਣਾ ਮਹਿਲ ਕਲਾਂ ਵਿਖੇ ਦਰਜ਼ ਕਰਕੇ ਭੱਜ ਨਿੱਕਲੇ ਗੈਂਗਸਟਰ ਦੀ ਭਾਲ ਵੀ ਸ਼ੁਰੂ ਕਰ ਦਿੱਤੀ। ਪੁਲਿਸ ਅਤੇ ਅਰਸ਼ਦੀਪ ਦੀ ਪਤਨੀ ਇੱਕੋ ਘਟਨਾ ਦੇ ਵੱਖ ਵੱਖ ਪੱਖ ਰੱਖ ਰਹੇ ਹਨ।
ਐਸਪੀਡੀ ਸੁਖਦੇਵ ਸਿੰਘ ਵਿਰਕ ਨੇ ਦੱਸਿਆ ਕਿ ਕਈ ਅਪਰਾਧਿਕ ਕੇਸਾਂ ਵਿੱਚ ਪੁਲਿਸ ਨੂੰ ਲੋੜੀਂਦੇ ਗੈਂਗਸਟਰ ਅਰਸ਼ਦੀਪ ਬਿੱਟੂ ਦੇ ਘਰ ਹੋਰ ਗੈਂਗਸਟਰਾਂ ਦੇ ਇਕੱਠੇ ਹੋਣ ਦੀ ਸੂਚਨਾ ਸੀਆਈਏ ਦੀ ਪੁਲਿਸ ਪਾਰਟੀ ਨੂੰ ਮਿਲੀ। ਸੂਚਨਾ ਦੇ ਅਧਾਰ ਤੇ ਹੀ ਇੰਸਪੈਕਟਰ ਬਲਜੀਤ ਸਿੰਘ ਦੀ ਅਗਵਾਈ ਚ, ਪੁਲਿਸ ਪਾਰਟੀ ਨੇ ਬਿੱਟੂ ਦੇ ਘਰ ਛਾਪਾ ਮਾਰਿਆ। ਪੁਲਿਸ ਨੂੰ ਵੇਖਦਿਆਂ ਹੀ ਗੈਂਗਸਟਰਾਂ ਨੇ ਭੱਜਣ ਦੀ ਕੋਸ਼ਿਸ ਕੀਤੀ। ਜਦੋਂ ਪੁਲਿਸ ਪਾਰਟੀ ਨੇ ਉੱਨ੍ਹਾਂ ਦਾ ਪਿੱਛਾ ਕੀਤਾ ਤਾਂ ਗੈਂਗਸਟਰ ਅਰਸ਼ਦੀਪ ਤੇ ਉਸਦੇ ਦੂਸਰੇ ਸਾਥੀਆਂ ਨੇ ਪੁਲਿਸ ਪਾਰਟੀ ਤੇ ਜਾਨੋਂ ਮਾਰ ਦੇਣ ਦੀ ਨੀਯਤ ਨਾਲ ਫਾਈਰਿੰਗ ਸ਼ੁਰੂ ਕਰ ਦਿੱਤੀ, ਪੁਲਿਸ ਪਾਰਟੀ ਨੇ ਵੀ ਆਪਣੇ ਬਚਾਅ ਲਈ ਫਾਈਰਿੰਗ ਦਾ ਜਵਾਬ ਦਿੱਤਾ। ਕਈ ਰਾਉਂਡ ਫਾਈਰਿੰਗ ਤੋਂ ਬਾਅਦ ਪੁਲਿਸ ਨੇ ਅਰਸ਼ਦੀਪ ਬਿੱਟੂ, ਗੁਰਬਖਸ਼ ਸਿੰਘ ਸਣੇ ਕੁੱਲ ਚਾਰ ਦੋਸ਼ੀਆਂ ਨੂੰ ਕਾਬੂ ਕਰ ਲਿਆ। ਦੋਸ਼ੀਆਂ ਦੇ ਕਬਜ਼ੇ ਚੋਂ 2 ਪਿਸਤੌਲ ਅਤੇ ਇੱਕ ਰਾਈਫਲ ਵੀ ਬਰਾਮਦ ਕਰ ਲਈ ਹੈ। ਜਦੋਂ ਕਿ ਇੱਕ ਦੋਸ਼ੀ ਪੁਲਿਸ ਪਾਰਟੀ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ। ਜਿਸ ਦੀ ਵੀ ਪੁਲਿਸ ਪਾਰਟੀ ਮੁਸਤੈਦੀ ਨਾਲ ਤਲਾਸ਼ ਕਰ ਰਹੀ ਹੈ। ਜਲਦ ਹੀ ਮੁਕਾਬਲੇ ਦੌਰਾਨ ਫਰਾਰ ਹੋਏ ਦੋਸ਼ੀ ਨੂੰ ਵੀ ਗਿਰਫਤਾਰ ਕਰ ਲਿਆ ਜਾਵੇਗਾ।
-ਪੁਲਿਸ ਚੈਨ ਦੀ ਜਿੰਦਗੀ ਵੀ ਨਹੀ ਜੀਣ ਦਿੰਦੀ,,
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਰਸ਼ਦੀਪ ਸਿੰਘ ਬਿੱਟੂ ਦੀ ਪਤਨੀ ਸੁਖਪਾਲ ਕੌਰ ਨੇ ਪੁਲਿਸ ਪਾਰਟੀ ਤੇ ਦੋਸ਼ ਲਾਉਂਦਿਆਂ ਕਿਹਾ ਕਿ ਸ਼ਾਮ ਕਰੀਬ ਚਾਰ ਵਜੇ ਸੀ ਆਈ ਏ ਸਟਾਫ਼ ਬਰਨਾਲਾ ਦੀ ਪੁਲਿਸ ਪਾਰਟੀ ਨੇ ਸਾਡੇ ਘਰ ਰੇਡ ਕੀਤੀ ਤਾਂ ਉਸ ਸਮੇਂ ਬਿੱਟੂ ਆਪਣੇ ਕੁਝ ਸਾਥੀਆਂ ਨਾਲ ਘਰ ਚ ਮੌਜੂਦ ਸੀ । ਜਦੋਂ ਪੁਲਿਸ ਨੇ ਫਾਇਰਿੰਗ ਤੇ ਧੱਕੇਸ਼ਾਹੀ ਸ਼ੁਰੂ ਕੀਤੀ ਤਾਂ ਉਹ ਘਰੋਂ ਭੱਜਣ ਲੱਗੇ। ਇਸੇ ਦੌਰਾਨ ਪੁਲਿਸ ਨੇ ਘਰ ਵਿੱਚ ਚਾਰ ਪੰਜ ਅਤੇ ਸੜ੍ਹਕ ਤੇ ਦਸ ਬਾਰਾਂ ਫਾਇਰ ਕੀਤੇ। ਫਾਈਰਿੰਗ ਤੋਂ ਬਾਅਦ ਪੁਲਿਸ ਪਾਰਟੀ ਨੇ ਉਸਦੇ ਪਤੀ ਤੇ ਸਾਥੀਆਂ ਨੂੰ ਗਿਰਫਤਾਰ ਕਰ ਲਿਆ। ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਰੇਡ ਕਰਨ ਸਮੇਂ ਸਾਨੂੰ ਕੋਈ ਅਦਾਲਤੀ ਵਾਰੰਟ ਨਹੀਂ ਦਿਖਾਇਆ ਗਿਆ । ਜਦੋਂ ਮੈਂ ਇਸ ਸਬੰਧੀ ਪੁਲਿਸ ਨੂੰ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਰੁਟੀਨ ਦੀ ਰੇਡ ਹੈ ,ਇਹ ਪੁੱਛਣ ਤੇ ਕੁਝ ਪੁਲਿਸ ਮੁਲਾਜ਼ਮਾਂ ਨੇ ਮੇਰੇ ਨਾਲ ਦੁਰਵਿਹਾਰ ਕਰਦੇ ਹੋਏ ਕਿਹਾ ਕਿ ਤੁਸੀਂ ਇਕ ਮੁਜਰਿਮ ਨੂੰ ਘਰ ਵਿੱਚ ਪਨਾਹ ਦੇ ਰਹੇ ਹੋ । ਜਿਸ ਤੇ ਮੈਂ ਉਨ੍ਹਾਂ ਨੂੰ ਜਵਾਬ ਦਿੱਤਾ ਕਿ ਉਹ ਮੇਰੇ ਪਤੀ ਹਨ, ਅਸੀਂ ਸਾਰਾ ਪਰਿਵਾਰ ਘਰ ਵਿੱਚ ਰਹਿੰਦੇ ਹਾਂ । ਉਨ੍ਹਾਂ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਕਿ ਬਿੱਟੂ ਪਿਛਲੇ ਕੁਝ ਸਮੇਂ ਤੋਂ ਹਲਕੇ ਅਤੇ ਪਿੰਡ ਦੇ ਲੋਕਾਂ ਦੇ ਦੁੱਖ ਸੁੱਖ ਵਿੱਚ ਇੱਕ ਆਮ ਆਦਮੀ ਵਾਂਗ ਵਿਚਰਦਾ ਆ ਰਿਹਾ ਹੈ। ਬਹੁਤੇ ਕੇਸਾਂ ਚੋਂ ਬਰੀ ਹੋ ਚੁੱਕਾ ਹੈ,ਜਦੋਂ ਕਿ ਕੁਝ ਕੇਸ ਅਦਾਲਤ ਵਿੱਚ ਪੈਂਡਿੰਗ ਵੀ ਹਨ। ਉੱਨ੍ਹਾਂ ਕਿਹਾ ਕਿ ਆਮ ਵਾਂਗ ਜਿੰਦਗੀ ਜੀ ਰਹੇ ਵਿਅਕਤੀ ਨੂੰ ਇਸ ਤਰਾਂ ਝੂਠਾ ਮੁਕਾਬਲਾ ਬਣਾ ਕੇ ਗਿਰਫਤਾਰ ਕਰਨਾ ਠੀਕ ਨਹੀ ਹੈ। ਬਿੱਟੂ ਦੀ ਪਤਨੀ ਸੁਖਪਾਲ ਕੌਰ ਨੇ ਖਦਸ਼ਾ ਪ੍ਰਗਟ ਕੀਤਾ ਕਿ ਪੁਲਿਸ ਉਸ ਦੇ ਪਤੀ ਨੂੰ ਕਿਸੇ ਹੋਰ ਝੂਠੇ ਕੇਸ ਵਿੱਚ ਫਸਾਉਣਾ ਚਾਹੁੰਦੀ ਹੈ। ਉਨ੍ਹਾਂ ਪੁਲਿਸ ਦੁਆਰਾ ਹਥਿਆਰ ਬਰਾਮਦ ਹੋਣ ਦੀ ਗੱਲ ਦਾ ਵੀ ਖੰਡਨ ਕੀਤਾ ਤੇ ਕਿਹਾ ਕਿ ਫਾਈਰਿੰਗ ਪੁਲਿਸ ਨੇ ਹੀ ਕੀਤੀ ਹੈ। ਉਸਦੇ ਪਤੀ ਸਣੇ ਕਿਸੇ ਵੀ ਵਿਅਕਤੀ ਕੋਲ ਕੋਈ ਹਥਿਆਰ ਨਹੀਂ ਸੀ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ,ਡੀ ਜੀ ਪੀ ਦਿਨਕਰ ਗੁਪਤਾ ਅਤੇ ਐਸ ਐਸ ਪੀ ਸੰਦੀਪ ਗੋਇਲ ਨੂੰ ਅਪੀਲ ਕੀਤੀ ਕਿ ਸਾਰੇ ਮਾਮਲੇ ਦੀ ਸਹੀ ਜਾਂਚ ਕਰਕੇ ਸਾਨੂੰ ਇਨਸਾਫ਼ ਦਿਵਾਇਆ ਜਾਵੇ । -ਗੈਂਗਸਟਰ ਅਰਸ਼ਦੀਪ ਬਿੱਟੂ ਖਿਲਾਫ 39 ਕੇਸ ਦਰਜ਼
ਐਸਪੀਡੀ ਵਿਰਕ ਨੇ ਦੱਸਿਆ ਕਿ ਗੈਂਗਸਟਰ ਅਰਸ਼ਦੀਪ ਬਿੱਟੂ ਦੇ ਵਿਰੁੱਧ ਪਹਿਲਾ ਹੀ ਵੱਖ ਵੱਖ ਥਾਣਿਆ ਵਿੱਚ ਇਰਾਦਾ ਕਤਲ,ਕੁੱਟਮਾਰ ਤੇ ਲੁੱਟਾਂ-ਖੋਹਾਂ ਦੇ 39ਤੋਂ ਵੱਧ ਕੇਸ ਦਰਜ਼ ਹਨ। ਬਿੱਟੂ ਕਾਫੀ ਸਮੇਂ ਤੋਂ ਪੁਲਿਸ ਨੂੰ ਪਹਿਲਾਂ ਦਰਜ਼ ਕੇਸਾਂ ਵਿੱਚ ਲੋੜੀਂਦਾ ਸੀ। ਪਰ ਉਹ ਲੁੱਕ-ਛਿੱਪ ਕੇ ਹੀ ਰਹਿ ਰਿਹਾ ਸੀ। ਉੱਨ੍ਹਾਂ ਬਿੱਟੂ ਦੀ ਪਤਨੀ ਵੱਲੋਂ ਲਗਾਏ ਦੋਸ਼ਾਂ ਨੂੰ ਇਹ ਕਹਿ ਕੇ ਨਕਾਰ ਦਿੱਤਾ ਕਿ ਕੋਈ ਵੀ ਦੋਸ਼ੀ ਆਪਣਾ ਦੋਸ਼ ਕਦੋਂ ਮੰਨਦਾ ਹੈ। ਉੱਨ੍ਹਾਂ ਕਿਹਾ ਕਿ ਐਸਐਸਪੀ ਸੰਦੀਪ ਗੋਇਲ ਦੇ ਦਿਸ਼ਾ ਨਿਰਦੇਸ਼ ਅਨੁਸਾਰ ਜਿਲ੍ਹੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਨੂੰ ਭੰਗ ਕਰਕੇ ਦਹਿਸ਼ਤ ਦਾ ਮਾਹੌਲ ਪੈਦਾ ਕਰਨ ਵਾਲੇ ਨੂੰ ਬਖਸ਼ਿਆ ਨਹੀਂ ਜਾਵੇਗਾ।