ਖੇਡ ਮੰਤਰੀ ਮੀਤ ਹੇਅਰ ਦਾ ਐਲਾਨ, 28 ਕਿਸਮ ਦੀਆਂ ਹੋਣਗੀਆਂ ਖੇਡਾਂ ਤੇ 6 ਕਰੋੜ ਦੇ ਇਨਾਮ

Spread the love

29 ਅਗਸਤ ਤੋਂ ਸੂਬੇ ਭਰ ਵਿੱਚ ਹੋਵੇਗਾ ਖੇਡ ਮੇਲਾ ਸ਼ੁਰੂ, 5 ਲੱਖ ਤੋਂ ਵੱਧ ਬੱਚੇ ਕਰਨਗੇ ਸ਼ਮੂਲੀਅਤ

ਆਜ਼ਾਦੀ ਦਿਹਾੜੇ ਤੇ ਕੈਬਨਿਟ ਮੰਤਰੀ ਮੀਤ ਹੇਅਰ ਨੇ ਤਰਨ ਤਾਰਨ ‘ਚ ਲਹਿਰਾਇਆ ਤਿਰੰਗਾ


ਅਨੁਭਵ ਦੂਬੇ , ਤਰਨ ਤਾਰਨ, 15 ਅਗਸਤ 2022
     ਸਥਾਨਕ ਪੁਲਿਸ ਲਾਇਨ ਗਰਾਉਂਡ ਤਰਨ ਤਾਰਨ ਵਿੱਚ ਆਜ਼ਾਦੀ ਦਿਹਾੜੇ ਮੌਕੇ ਜਿਲ੍ਹਾ ਵਾਸੀਆਂ ਨੂੰ ਸੰਬੋਧਨ ਕਰਦੇ ਪੰਜਾਬ ਦੇ ਉਚੇਰੀ ਸਿੱਖਿਆ, ਖੇਡਾਂ ਤੇ ਯੂਥ ਸੇਵਾਵਾਂ ਅਤੇ ਵਾਤਾਵਰਨ, ਵਿਗਿਆਨ ਤੇ ਤਕਨਾਲੋਜੀ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੇਸ਼ ਭਗਤਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਦਿਆਂ ਕਿਹਾ ਕਿ ਉਨਾਂ ਦੀ ਬਦੌਲਤ ਹੀ ਅੱਜ ਅਸੀਂ ਇਥੇ ਖੜੇ ਹਾਂ ਅਤੇ ਮੈਨੂੰ ਝੰਡਾ ਲਹਿਰਾਉਣ ਦਾ ਮਾਨ ਪ੍ਰਾਪਤ ਹੋਇਆ ਹੈ।ਸ੍ਰੀ ਹੇਅਰ ਨੇ ਕਿਹਾ ਕਿ ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਉਨਾਂ ਨੂੰ ਪੰਜਵੇ ਗੁਰੂ ਅਰਜਨ ਦੇਵ ਜੀ ਵਲੋਂ ਵਸਾਏ ਗਏ ਤਰਨ ਤਾਰਨ ਵਿਖੇ ਝੰਡਾ ਲਹਿਰਾਉਣ ਦਾ ਸੁਭਾਗ ਪ੍ਰਾਪਤ ਹੋਇਆ ਹੈ। ਉਨਾਂ ਕਿਹਾ ਕਿ ਤਰਨ ਤਾਰਨ ਜਿਲ੍ਹਾ ਭਾਵੇਂ ਖੇਡਾਂ ਹੋਣ, ਦੇਸ਼ ਦੀ ਆਜਾਦੀ ਦੀ ਲੜ੍ਹਾਈ ਹੋਵੇ ਜਾਂ ਆਜਾਦੀ ਤੋਂ ਬਾਅਦ ਵੀ ਇਸ ਜਿਲ੍ਹੇ ਦੇ ਨੌਜਵਾਨਾ ਨੇ ਪੂਰੇ ਦੇਸ਼ ਵਿੱਚ ਆਪਣੇ ਝੰਡੇ ਗੱਡੇ ਹਨ। ਉਨਾਂ ਕਿਹਾ ਕਿ ਸੈਨਾ ਦੀ ਭਰਤੀ ਓਨੀ ਦੇਰ ਤੱਕ ਪੂਰੀ ਨਹੀਂ ਹੁੰਦੀ ਜੱਦ ਤੱਕ ਇਸ ਜਿਲ੍ਹੇ ਦੇ ਨੌਜਵਾਨ ਭਰਤੀ ਨਾ ਹੋਣ। ਉਨਾਂ ਕਿਹਾ ਕਿ ਸ੍ਰੀ ਪ੍ਰਵੀਨ ਕੁਮਾਰ ਓਲੰਪਿਕ ਖਿਡਾਰੀ ਨੇ ਜਿੱਥੇ ਖੇਡਾਂ ਵਿੱਚ ਅਤੇ ਮਹਾਂਭਾਰਤ ਵਰਗੇ ਸੀਰੀਅਲ ਵਿੱਚ ਭੂਮਿਕਾ ਕਰਕੇ ਤਰਨ ਤਾਰਨ ਜਿਲੇ ਦਾ ਨਾਂ ਰੋਸਨ ਕੀਤਾ ਹੈ, ਓਥੇ ਹੁਣੇ ਹੀ ਬਰਮਿੰਘਮ ਵਿਖੇ ਹੋਈਆਂ ਕਾਮਨ ਵੈਲਥ ਖੇਡਾਂ ਵਿੱਚ ਜਿਲੇ ਦੇ ਆਕਾਸ਼ਦੀਪ ਨੇ ਮੈਡਲ ਜਿੱਤ ਕੇ ਪੂਰੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਹੈ।ਸਥਾਨਕ ਪੁਲਿਸ ਲਾਇਨ ਗਰਾਉਂਡ ਤਰਨ ਤਾਰਨ ਤਿਰੰਗਾ ਲਹਿਰਾਉਣ ਮੌਕੇ ਉਨਾਂ ਦੱਸਿਆ ਕਿ 29 ਅਗਸਤ ਤੋਂ ਸੂਬੇ ਭਰ ਵਿੱਚ ਖੇਡ ਮੇਲਾ ਸ਼ੁਰੂ ਹੋ ਰਿਹਾ ਹੈ। ਜਿਸ ਵਿੱਚ ਬਲਾਕ ਪੱਧਰ ਤੱਕ 28 ਕਿਸਮ ਦੀਆਂ ਖੇਡਾਂ ਹੋਣਗੀਆਂ ਅਤੇ 6 ਕਰੋੜ ਰੁਪਏ ਦੇ ਇਨਾਮ ਵੀ ਦਿੱਤੇ ਜਾਣਗੇ। ਉਨਾਂ ਦੱਸਿਆ ਕਿ ਇਸ ਖੇਡ ਮੇਲੇ ਵਿੱਚ 5 ਲੱਖ ਤੋਂ ਵੱਧ ਬੱਚੇ ਹਿੱਸਾ ਲੈਣਗੇ। ਆਜ਼ਾਦੀ ਘੁਲਾਟੀਆਂ ਨੂੰ ਯਾਦ ਕਰਦੇ ਉਨਾਂ ਕਿਹਾ ਕਿ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ, ਸਰਦਾਰ ਕਰਤਾਰ ਸਿੰਘ ਸਰਾਭਾ, ਮਦਨ ਲਾਲ ਢੀਂਗਰਾ, ਲਾਲਾ ਲਾਜਪਤ ਰਾਏ, ਦੀਵਾਨ ਸਿੰਘ ਕਾਲੇਪਾਣੀ, ਸ਼ਹੀਦ ਊਧਮ ਸਿੰਘ ਅਤੇ ਹੋਰ ਆਜ਼ਾਦੀ ਘੁਲਾਟੀਆਂ ਵੱਲੋਂ ਸਮੇਂ-ਸਮੇਂ ’ਤੇ ਆਰੰਭੇ ਗਏ ਸੰਘਰਸ਼ਾਂ ਕਾਰਣ ਹੀ ਅੱਜ ਅਸੀਂ ਆਜ਼ਾਦ ਮੁਲਕ ਦੇ ਵਾਸੀ ਹਾਂ।ਉਨਾਂ ਕਿਹਾ ਕਿ ਸਾਨੂੰ ਮਾਣ ਹੈ ਕਿ ਦੇਸ਼ ਦੇ ਆਜ਼ਾਦੀ ਸੰਘਰਸ਼ ਦੌਰਾਨ ਪੰਜਾਬੀਆਂ ਦੀਆਂ ਕੁਰਬਾਨੀਆਂ ਸਭ ਤੋਂ ਜ਼ਿਆਦਾ ਰਹੀਆਂ ਅਤੇ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਸ਼ਹੀਦ ਹੋਏ ਕੁੱਲ ਆਜ਼ਾਦੀ ਘੁਲਾਟੀਆਂ ਵਿਚ 80 ਫੀਸਦੀ ਦੇ ਕਰੀਬ ਯੋਗਦਾਨ ਪੰਜਾਬੀਆਂ ਦਾ ਰਿਹਾ।

ਸ੍ਰੀ ਮੀਤ ਹੇਅਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਦੀ ਸਰਕਾਰ ਨੇ ਸਰਕਾਰੀ ਦਫ਼ਤਰਾਂ ਵਿਚ ਕਿਸੇ ਲੀਡਰ ਦੀ ਨਹੀਂ ਸਗੋਂ ਸ਼ਹੀਦੇ-ਏ-ਆਜ਼ਮ ਭਗਤ ਸਿੰਘ ਦੀ ਤਸਵੀਰ ਲਗਾਈ ਹੈ, ਤਾਂ ਕਿ ਸਾਨੂੰ ਅਹਿਸਾਸ ਹੋਵੇ ਕਿ ਅਸੀਂ ਜੋ ਕੁਝ ਵੀ ਹਾਂ ਇਨਾਂ ਦੀ ਬਦੌਲਤ ਹਾਂ। ਇਨਾਂ ਦੀ ਕੁਰਬਾਨੀਆਂ ਸਦਕਾ ਹੀ ਅਸੀਂ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ। ਉਨਾਂ ਕਿਹਾ ਕਿ ਸਰਕਾਰੀ ਦਫ਼ਤਰਾਂ ਵਿੱਚ ਦੂਜੀ ਤਸਵੀਰ ਬਾਬਾ ਸਾਹਿਬ ਭੀਮ ਰਾਊ ਅੰਬੇਦਕਰ ਜੀ ਦੀ ਲਗਾਈ ਹੈ ਤਾਂ ਜੋ ਸਾਨੂੰ ਇਹ ਵੀ ਅਹਿਸਾਸ ਹੋਵੇ ਕਿ ਇਨਾਂ ਦੀ ਸਵਿਧਾਨ ਦੀ ਬਦੌਲਤ ਅਸੀਂ ਅੱਜ ਇਥੇ ਖੜ੍ਹੇ ਹਾਂ। ਉਨਾਂ ਕਿਹਾ ਕਿ ਮਾਨ ਸਰਕਾਰ ਵਲੋਂ ਕਈ ਕ੍ਰਾਂਤੀਕਾਰੀ ਫੈਸਲੇ ਲਏ ਜਾ ਰਹੇ ਹਨ। ਉਨਾਂ ਦੱਸਿਾਆ ਕਿ ਸਿੱਖਿਆ ਵਿੱਚ ਵਿਸ਼ੇਸ਼ ਧਿਆਨ ਦੇ ਕੇ ਪਿਛਲੇ ਸਾਲਾਂ ਨਾਲੋਂ 16 ਫੀਸਦੀ ਵੱਧ ਬਜਟ ਵਧਾਇਆ ਗਿਆ ਹੈ। ਉਨਾਂ ਕਿਹਾ ਕਿ ਉਹ ਦੇਸ਼ ਤੱਦ ਤੱਕ ਤਰੱਕੀ ਨਹੀਂ ਕਰ ਸਕਦਾ ਜਦ ਤੱਕ ਉਥੋਂ ਦੇ ਬੱਚੇ ਆਪਣੇ ਪੈਰਾਂ ਤੇ ਖੜੇ ਨਾ ਹੋਣ। ਉਨਾਂ ਕਿਹਾ ਕਿ ਸਾਡੀ ਸਰਕਾਰ ਰੋਜ਼ਗਾਰ ਮੁੱਦੇ ’ਤੇ ਵੀ ਕੰਮ ਕਰ ਰਹੀ ਹੈ ਅਤੇ 26 ਹਜ਼ਾਰ ਤੋਂ ਵੱਧ ਅਸਾਮਾੀਆਂ ਭਰੀਆਂ ਜਾ ਰਹੀਆ ਹਨ। ਉਨਾਂ ਕਿਹਾ ਕਿ ਅਸੀਂ ਬੱਚਿਆਂ ਨੂੰ ਕੇਵਲ ਨੌਕਰੀ ਲੈਣ ਵਾਲਾ ਨਹੀਂ ਸਗੋਂ ਨੌਕਰੀ ਦੇਣ ਵਾਲਾ ਬਣਾ ਰਹੇ ਹਾਂ। ਮੀਤ ਹੇਅਰ ਨੇ ਕਿਹਾ ਕਿ ਸਾਡੀ ਸਰਕਾਰ ਭ੍ਰਿਸ਼ਟਾਚਾਰ ਪ੍ਰਤੀ ਜੀਰੋ ਟੋਲਰੈਂਸ ਨੀਤੀ ਤੇ ਕੰਮ ਕਰ ਰਹੀ ਹੈ। ਉਨਾਂ ਕਿਹਾ ਕਿ ਅਸੀਂ ਟਰਾਂਸਪੋਰਟ ਮਾਫੀਏ ਤੋਂ ਕਬਜ਼ਾ ਛੁਡਾ ਕੇ ਦਿੱਲੀ ਤੱਕ ਸਰਕਾਰੀ ਬੱਸਾਂ ਚਲਾ ਦਿੱਤੀਆਂ ਹਨ। ਸ੍ਰੀ ਮੀਤ ਹੇਅਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਮਾਨ ਦੀ ਸਰਕਾਰ ਈ-ਗਵਰਨੈਂਸ ਤੇ ਕੰਮ ਕਰ ਰਹੀ ਹੈ ਤੇ ਪਿਛਲਾ ਵਿਧਾਨ ਸਭਾ ਸ਼ੈਸ਼ਨ ਪੇਪਰਲੈਸ ਕਰਕੇ 21 ਲੱਖ ਰੁਪਏ ਬਚਾਇਆ ਹੈ ਉਨਾਂ ਇਸ ਬਾਰੇ ਦੱਸਿਆ ਕਿ ਅਸੀਂ ਈ-ਸਟੈਂਪ ਲਿਆ ਕੇ ਪੰਜਾਬ ਦੇ ਲੋਕਾਂ ਦੇ 35 ਕਰੋੜ ਰੁਪਏ ਬਚਾਇਆ ਹੈ।
ਸ੍ਰੀ ਮੀਤ ਹੇਅਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਅਸੀਂ ਲਾ ਐਂਡ ਆਰਡਰ ਤੇ ਪੂਰੀ ਸਖ਼ਤੀ ਨਾਲ ਕੰਮ ਕਰ ਰਹੇ ਹਾਂ ਅਤੇ ਗੈਂਗਸਟਰਾਂ, ਨਸ਼ੇ ਵੇਚਣ ਵਾਲਿਆਂ ਨੂੰ ਗ੍ਰਿਫਤਾਰ ਕਰਕੇ ਉਨਾਂ ’ਤੇ ਪਰਚੇ ਦਰਜ਼ ਕੀਤੇ ਜਾ ਰਹੇ ਹਨ। ਖੇਡਾਂ ਬਾਰੇ ਗੱਲ ਕਰਦਿਆਂ ਕਿਹਾ ਕਿ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਖੇਡ ਕਲਚਰ ਵਧਾ ਰਹੇ ਹਾਂ ਅਤੇ ਪਿਛਲੇ ਸਾਲਾਂ ਨਾਲੋਂ ਖੇਡਾਂ ਦਾ ਬਜਟ 56 ਫੀਸਦੀ ਵਧਾਇਆ ਹੈ। ਉਨਾਂ ਕਿਹਾ ਕਿ ਨੌਜਵਨਾਂ ਲਈ ਖੇਡਾਂ ਦਾ ਸਾਜੋ ਸਮਾਨ ਅਤੇ ਖੇਡ ਸਟੇਡੀਅਮਾਂ ਦੇ ਬੁਨਿਆਦੀ ਢਾਂਚੇ ਨੂੰ ਵੀ ਵਿਕਸਤ ਕੀਤਾ ਜਾ ਰਿਹਾ ਹੈ।
ਸ੍ਰੀ ਮੀਤ ਹੇਅਰ ਵਲੋਂ ਆਜਾਦੀ ਦਿਹਾੜੇ ਮੌਕੇ ਸਮੂਹ ਪੰਜਾਬੀਆਂ ਨੂੰ ਵਧਾਈ ਵੀ ਦਿੱਤੀ ਅਤੇ ਪ੍ਰਭਾਵਸ਼ਾਲੀ ਮਾਰਚ ਪਾਸ਼ਟ ਤੋਂ ਸਾਲਾਮੀ ਲਈ, ਇਸ ਮੌਕੇ ਸ੍ਰੀ ਮੀਤ ਹੇਅਰ ਵਲੋਂ ਸ਼ਹੀਦਾਂ ਦੇ ਪਰਿਵਾਰਾਂ ਅਤੇ ਵਧੀਆ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਸਨਮਾਨਤ ਵੀ ਕੀਤਾ ਗਿਆ।
ਸਮਾਗਮ ਦੇ ਅੰਤ ਵਿੱਚ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਮੋਨੀਸ਼ ਕੁਮਾਰ ਨੇ ਮੁੱਖ ਮਹਿਮਾਨ ਸ੍ਰੀ ਮੀਤ ਹੇਅਰ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਤ ਵੀ ਕੀਤਾ ਅਤੇ ਲੋੜਵੰਦ ਪਰਿਵਾਰਾਂ ਨੂੰ ਸਿਲਾਈ ਮਸ਼ੀਨਾਂ ਦੀ ਵੀ ਵੰਡ ਕੀਤੀ।
ਇਸ ਮੌਕੇ ਹਲਕਾ ਵਿਧਾਇਕ ਮਨਜਿੰਦਰ ਸਿੰਘ ਲਾਲਪੂਰਾ , ਵਿਧਾਇਕ ਕਸ਼ਮੀਰ ਸਿੰਘ ਸੋਹਲ, ਆਈ ਜੀ ਸ੍ਰੀ ਰਾਕੇਸ਼ ਕੁਮਾਰ, ਐਸ.ਐਸ.ਪੀ ਸ: ਰਣਜੀਤ ਸਿੰਘ ਢਿਲੋਂ, ਜਿਲ੍ਹਾ ਤੇ ਸ਼ੈਸ਼ਨ ਜੱਜ ਸ੍ਰੀਮਤੀ ਪ੍ਰਿਆ ਸੂਦ, ਵਧੀਕ ਡਿਪਟੀ ਕਮਿਸ਼ਨਰ ਸ: ਰਵਿੰਦਰਪਾਲ ਸਿੰਘ, ਐਸ.ਡੀ.ਐਮ. ਸ੍ਰੀ ਰਜਨੀਸ਼ ਕੁਮਾਰ, ਪਰੇਡ ਕਮਾਂਡਰ ਡੀ.ਐਸ.ਪੀ. ਰਾਜਕੁਮਾਰ ਚੌਧਰੀ ਤੋਂ ਇਲਾਵਾ ਜਿਲ੍ਹੇ ਦੇ ਸਾਰੇ ਅਧਿਕਾਰੀ ਹਾਜਰ ਸਨ।
ਕੈਪਸ਼ਨ
ਸਥਾਨਕ ਪੁਲਿਸ ਲਾਇਨ ਗਰਾਉਂਡ ਤਰਨ ਤਾਰਨ ਵਿੱਚ ਆਜ਼ਾਦੀ ਦਿਹਾੜੇ ਮੌਕੇ ਉਚੇਰੀ ਸਿੱਖਿਆ, ਖੇਡਾਂ ਤੇ ਯੂਥ ਸੇਵਾਵਾਂ ਅਤੇ ਵਾਤਾਵਰਨ, ਵਿਗਿਆਨ ਤੇ ਤਕਨੌਲਜੀ ਮੰਤਰੀ ਪੰਜਾਬ ਸ੍ਰੀ ਗੁਰਮੀਤ ਸਿੰਘ ਮੀਤ ਹੇਅਰ ਰਾਸ਼ਟਰੀ ਝੰਡਾ ਲਹਿਰਾਉਂਦੇ ਹੋਏ। ਨਾਲ ਹਨ ਸ੍ਰੀ ਮੋਨੀਸ਼ ਕੁਮਾਰ ਡਿਪਟੀ ਕਮਿਸ਼ਨਰ, ਸ: ਰਣਜੀਤ ਸਿੰਘ ਢਿਲੋਂ ਐਸ.ਐਸ.ਪੀ. ਪਰੇਡ ਤੋਂ ਸਲਾਮੀ ਲੈਂਦੇ ਹੋਏ।ਡਿਪਟੀ ਕਮਿਸ਼ਨਰ ਤਰਨ ਤਾਰਨ ਮੁੱਖ ਮਹਿਮਾਨ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕਰਦੇ ਹੋਏ।ਸ਼ਹੀਦਾਂ ਦੇ ਪਰਿਵਾਰਾਂ ਨੂੰ ਸਨਮਾਨਤ ਕਰਦੇ ਹੋਏ।ਆਜ਼ਾਦੀ ਦਿਹਾੜੇ ਮੌਕੇ ਵੱਖ ਵੱਖ ਤਸਵੀਰਾਂ ਦਾ ਦ੍ਰਿਸ਼।


Spread the love

1 thought on “ਖੇਡ ਮੰਤਰੀ ਮੀਤ ਹੇਅਰ ਦਾ ਐਲਾਨ, 28 ਕਿਸਮ ਦੀਆਂ ਹੋਣਗੀਆਂ ਖੇਡਾਂ ਤੇ 6 ਕਰੋੜ ਦੇ ਇਨਾਮ”

  1. Pingback: ਖੇਡ ਮੰਤਰੀ ਮੀਤ ਹੇਅਰ ਦਾ ਐਲਾਨ, 28 ਕਿਸਮ ਦੀਆਂ ਹੋਣਗੀਆਂ ਖੇਡਾਂ ਤੇ 6 ਕਰੋੜ ਦੇ ਇਨਾਮ

Comments are closed.

Scroll to Top