ਸੰਯੁਕਤ ਕਿਸਾਨ ਮੋਰਚੇ ਨੇ ਕਿਸਾਨੀ ਮੰਗਾਂ ਨੂੰ ਲੈ ਕੇ ਰਾਸ਼ਟਰਪਤੀ ਦੇ ਨਾਮ ਡੀ ਸੀ ਨੂੰ ਦਿੱਤਾ ਮੰਗ ਪੱਤਰ

Spread the love

ਸੰਯੁਕਤ ਕਿਸਾਨ ਮੋਰਚੇ ਨੇ ਕਿਸਾਨੀ ਮੰਗਾਂ ਨੂੰ ਲੈ ਕੇ ਰਾਸ਼ਟਰਪਤੀ ਦੇ ਨਾਮ ਡੀ ਸੀ ਨੂੰ ਦਿੱਤਾ ਮੰਗ ਪੱਤਰ

ਪਰਦੀਪ ਕਸਬਾ , ਸੰਗਰੂਰ, 17 ਅਗਸਤ  2022

ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ ਅੱਜ ਸੰਗਰੂਰ ਦੇ ਡਿਪਟੀ ਕਮਿਸ਼ਨਰ ਰਾਹੀਂ ਭਾਰਤ ਦੇ ਰਾਸ਼ਟਰਪਤੀ ਨੂੰ ਅਗਨੀਪੱਥ ਸਕੀਮ ਦੇ ਵਿਰੁੱਧ ਅਤੇ ਮੁੱਖ ਮੰਤਰੀ ਪੰਜਾਬ ਨੂੰ ਲੰਪੀ ਸਕਿਨ ਬੀਮਾਰੀ ਸੰਬੰਧੀ ਅਤੇ ਗੰਨੇ ਦੇ ਬਕਾਏ ਕਿਸਾਨਾਂ ਨੂੰ ਤੁਰੰਤ ਦੇਣ ਸਬੰਧੀ ਮੰਗ ਪੱਤਰ ਭੇਜਿਆ ਗਿਆ ।

ਜਾਣਕਾਰੀ ਦਿੰਦਿਆਂ ਸੰਯੁਕਤ ਕਿਸਾਨ ਮੋਰਚੇ ਵਿੱਚ ਸ਼ਾਮਲ ਬੀਕੇਯੂ ਡਕੌਂਦਾ ਦੇ ਸੂਬਾ ਮੀਤ ਪ੍ਰਧਾਨ ਗੁਰਮੀਤ ਸਿੰਘ ਭੱਟੀਵਾਲ, ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜਰਨੈਲ ਸਿੰਘ ਜਹਾਂਗੀਰ ,ਕੁੱਲ ਹਿੰਦ ਕਿਸਾਨ ਫੈੱਡਰੇਸ਼ਨ ਦੇ ਮੰਗਤ ਰਾਮ ਲੌਂਗੋਵਾਲ , ਕੁੱਲ ਹਿੰਦ ਕਿਸਾਨ ਸਭਾ (ਅਜੈ ਭਵਨ )ਦੇ ਨਿਰਮਲ ਸਿੰਘ ਬਟੜਿਆਣਾ,ਬੀਕੇਯੂ ਲੱਖੋਵਾਲ ਦੇ ਨਿਰਮਲ ਸਿੰਘ ਘਨੌਰ ਅਤੇ ਕੁੱਲ ਹਿੰਦ ਕਿਸਾਨ ਸਭਾ ਪੰਜਾਬ ਦੇ ਆਗੂ ਇੰਦਰਪਾਲ ਸਿੰਘ ਪੁੰਨਾਂਵਾਲ ਨੇ ਕਿਹਾ ਦੱਸਿਆ ਕਿ ਕੇਂਦਰ ਸਰਕਾਰ ਨੇ ਜੋ ਪਿਛਲੇ ਸਮੇਂ ਦੌਰਾਨ ਫ਼ੌਜ ਵਿੱਚ ਰੈਗੂਲਰ ਭਰਤੀ ਨੂੰ ਬੰਦ ਕਰਕੇ ਅਗਨੀਪੱਥ ਸਕੀਮ ਰਾਹੀਂ ਭਰਤੀ ਕਰਨ ਦਾ ਫ਼ੈਸਲਾ ਲਿਆ ਹੈ, ਉਸ ਫ਼ੈਸਲੇ ਨਾਲ ਜਿੱਥੇ ਨੌਜਵਾਨਾਂ ਦਾ ਭਵਿੱਖ ਪ੍ਰਭਾਵਤ ਹੋਵੇਗਾ ਉੱਥੇ ਦੇਸ਼ ਦੀ ਸੁਰੱਖਿਆ ਲਈ ਵੀ ਗੰਭੀਰ ਖ਼ਤਰਾ ਖੜ੍ਹਾ ਹੋਵੇਗਾ।

ਆਗੂਆਂ ਨੇ ਕਿਹਾ ਕਿ ਭਰਤੀ ਸਕੀਮ ਰਾਹੀਂ ਫੌਜ ਵਿਚ ਚਾਰ ਸਾਲਾਂ ਲਈ ਭਰਤੀ ਕੀਤੀ ਜਾਵੇਗੀ ਅਤੇ ਚਾਰ ਸਾਲਾਂ ਬਾਅਦ ਉੱਕਾ ਪੁੱਕਾ ਭੁਗਤਾਨ ਕਰਕੇ ਬਿਨਾਂ ਕਿਸੇ ਪੈਨਸ਼ਨ ਤੋਂ ਰਿਟਾਇਰਮੈਂਟ ਦੇ ਦਿੱਤੀ ਜਾਵੇਗੀ ਜਿਸ ਨਾਲ ਨੌਜਵਾਨਾਂ ਵਿੱਚ ਵੱਡੀ ਪੱਧਰ ਤੇ ਨਿਰਾਸ਼ਾ ਫੈਲੇਗੀ।

ਆਗੂਆਂ ਨੇ ਦੱਸਿਆ ਕਿ ਪੰਜਾਬ ਅੰਦਰ ਪਿਛਲੇ ਸਮੇਂ ਤੋਂ ਲੰਪੀ ਸਕਿਨ ਨਾਂ ਦੀ ਬਿਮਾਰੀ ਨੇ ਪਸ਼ੂਆਂ ਨੂੰ ਆਪਣੀ ਲਪੇਟ ਵਿੱਚ ਲਿਆ ਹੈ ਜਿਸ ਨਾਲ ਵੱਡੇ ਪੱਧਰ ਤੇ ਪੰਜਾਬ ਵਿੱਚ ਪਸ਼ੂਆਂ ਦਾ ਨੁਕਸਾਨ ਹੋ ਰਿਹਾ ਹੈ । ਜਿਸ ਸਬੰਧੀ ਕਿਸਾਨ ਜਥੇਬੰਦੀਆਂ ਨੇ ਮੁੱਖ ਮੰਤਰੀ ਪੰਜਾਬ ਤੋਂ ਮੰਗ ਕੀਤੀ ਹੈ ਕਿ ਇਸ ਬਿਮਾਰੀ ਦੇ ਹਮਲੇ ਨੂੰ ਐਮਰਜੈਂਸੀ ਹਾਲਾਤ ਐਲਾਨਿਆ ਜਾਵੇ ਅਤੇ ਬੀਮਾਰ ਪਸ਼ੂਆਂ ਦਾ ਸਰਕਾਰੀ ਖਰਚੇ ਤੇ ਮੁਫ਼ਤ ਇਲਾਜ ਪਿੰਡ ਪੱਧਰੀ ਕੀਤਾ ਜਾਵੇ, ਮੁਰਦਾ ਪਸ਼ੂਆਂ ਨੂੰ ਪਹਿਲ ਦੇ ਆਧਾਰ ਤੇ ਦੱਬਣ ਲਈ ਪੰਚਾਇਤ ਅਤੇ ਪਸ਼ੂ ਪਾਲਣ ਵਿਭਾਗ ਰਾਹੀਂ ਪਿੰਡ ਪੱਧਰ ਤੱਕ ਢੁੱਕਵੀਂ ਵਿਵਸਥਾ ਦਾ ਪ੍ਰਬੰਧ ਕੀਤਾ ਜਾਵੇ ।

ਇਸੇ ਤਰ੍ਹਾਂ ਜੋ ਗੰਨਾ ਕਾਸ਼ਤਕਾਰ ਕਿਸਾਨਾਂ ਦੇ ਪ੍ਰਾਈਵੇਟ ਮਿੱਲਾਂ ਵੱਲ ਪਿਛਲੇ ਸਾਲਾਂ ਦੀ ਖੜ੍ਹੀ ਬਕਾਇਆ ਰਕਮ ਦਿਵਾਉਣ ਲਈ ਸਰਕਾਰ ਫ਼ੌਰੀ ਸਖ਼ਤ ਕਾਰਵਾਈ ਕਰਕੇ ਉਨ੍ਹਾਂ ਮਿੱਲ ਮਾਲਕਾਂ ਤੇ ਦਬਾਅ ਬਣਾਵੇ ।

ਇਸ ਮੌਕੇ ਨਰੰਜਣ ਸਿੰਘ ਸਫੀਪੁਰ ,ਕੁਲਦੀਪ ਸਿੰਘ ਜੋਸ਼ੀ, ਨਾਜ਼ਮ ਸਿੰਘ ਪੁੰਨਾਂਵਾਲ , ਸੁਖਦੇਵ ਸਿੰਘ ਉੱਭਾਵਾਲ,ਕੁਲਦੀਪ ਸਿੰਘ, ਸ਼ਮਸ਼ੇਰ ਸਿੰਘ, ਲਖਵੀਰ ਸਿੰਘ ਬਾਲੀਆਂ ,ਭੁਪਿੰਦਰ ਸਿੰਘ ਲੌਂਗੋਵਾਲ,ਕਰਮ ਸਿੰਘ ਬਲਿਆਲ,ਹਰਮੇਲ ਮਹਿਰੋਕ ਸਮੇਤ ਵੱਡੀ ਗਿਣਤੀ ਕਿਸਾਨ ਆਗੂ ਹਾਜ਼ਰ ਸਨ।


Spread the love
Scroll to Top