Skip to content
ਪੁਸਤਕ ਸੱਭਿਆਚਾਰ ਨੂੰ ਹੁਲਾਰਾ ਦੇਣ ਲਈ ਭਾਸ਼ਾ ਵਿਭਾਗ ਨੂੰ ਪੁਸਤਕਾਂ ਭੇਟ
ਰਵੀ ਸੈਣ , ਬਰਨਾਲਾ, 22 ਅਗਸਤ 2022
ਵਿਦਿਆਰਥੀ ਵਰਗ ਅਤੇ ਨੌਜਵਾਨਾਂ ਵਿਚ ਪੁਸਤਕ ਸੱਭਿਆਚਾਰ ਨੂੰ ਹੁਲਾਰਾ ਦੇਣ ਲਈ ਸੀਨੀਅਰ ਪੱਤਰਕਾਰ ਅਤੇ ਲੇਖਕ ਯਾਦਵਿੰਦਰ ਸਿੰਘ ਭੁੱਲਰ ਵੱਲੋਂ ਜ਼ਿਲਾ ਭਾਸ਼ਾ ਦਫਤਰ ਵਿਖੇ ਪੁਸਤਕਾਂ ਭੇਟ ਕਰ ਕੇ ਆਪਣਾ ਜਨਮ ਦਿਨ ਮਨਾਇਆ ਗਿਆ। ਉਨਾਂ ਬਾਲ ਸਾਹਿਤ ਸਮੇਤ ਜ਼ਿਲੇ ਦੇ ਉਘੇ ਲੇਖਕਾਂ ਦੀਆਂ ਰਚਨਾਵਾਂ ਵਾਲੀਆਂ ਪੁਸਤਕਾਂ ਵਿਭਾਗ ਨੂੰ ਭੇਟ ਕੀਤੀਆਂ।
ਇਸ ਮੌਕੇ ਯਾਦਵਿੰਦਰ ਸਿੰਘ ਨੇ ਕਿਹਾ ਕਿ ਵਿਦਿਆਰਥੀਆਂ ਅਤੇ ਨੌਜਵਾਨ ਪੀੜੀ ਨੂੰ ਪੁਸਤਕ ਸੱਭਿਆਚਾਰ ਨਾਲ ਜੋੜਨਾ ਸਮੇਂ ਦੀ ਮੁੱਖ ਲੋੜ ਹੈ ਅਤੇ ਸਾਹਿਤ ਦੇ ਮੱਕੇ ਬਰਨਾਲਾ ਵਿਚ ਇਹ ਮੁਹਿੰਮ ਜਾਰੀ ਰੱਖਣ ਦੀ ਬੇਹੱਦ ਜ਼ਰੂਰਤ ਹੈ। ਇਸ ਮੌਕੇ ਉਨਾਂ ਆਪਣੀ ਨਿੱਜੀ ਲਾਇਬ੍ਰੇਰੀ ਵਿੱਚੋਂ ਆਪਣੀਆਂ ਲਿਖੀਆਂ ਪੁਸਤਕਾਂ ਦੇ ਨਾਲ ਨਾਲ ਭਾਸ਼ਾ ਵਿਭਾਗ ਅਤੇ ਸ਼੍ਰੋਮਣੀ ਸਾਹਿਤਕਾਰ ਓਮ ਪ੍ਰਕਾਸ਼ ਗਾਸੋ ਸਮੇਤ ਉਘੇ ਲੇਖਕਾਂ ਦੀਆਂ 150 ਪੁਸਤਕਾਂ ਦਫਤਰ ਨੂੰ ਭੇਟ ਕੀਤੀਆਂ।
ਇਸ ਮੌਕੇ ਜ਼ਿਲਾ ਸਿੱਖਿਆ ਅਫਸਰ ਸਰਬਜੀਤ ਸਿੰਘ ਤੂਰ ਨੇ ਕਿਹਾ ਕਿ ਪੁਸਤਕਾਂ ਭੇਟ ਕਰਨ ਦੀ ਪਿਰਤ ਉਸਾਰੂ ਸੋਚ ਦੀ ਨਿਸ਼ਾਨੀ ਹੈ। ਉਨਾਂ ਯਾਦਵਿੰਦਰ ਸਿੰਘ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਇਸ ਮੌਕੇ ਜ਼ਿਲਾ ਲੋਕ ਸੰਪਰਕ ਅਫਸਰ ਮੇਘਾ ਮਾਨ ਨੇ ਕਿਹਾ ਕਿ ਪੁਸਤਕ ਸੱਭਿਆਚਾਰ ਪ੍ਰਫੁੱਲਿਤ ਕਰਨਾ ਅੱਜ ਦੇ ਸਮੇਂ ਦੀ ਮੁੱਖ ਲੋੜ ਹੈ। ਜ਼ਿਲਾ ਭਾਸ਼ਾ ਅਫਸਰ ਸੁਖਵਿੰਦਰ ਸਿੰਘ ਗੁਰਮ ਨੇ ਕਿਹਾ ਕਿ ਭਾਸ਼ਾ ਵਿਭਾਗ ਦਾ ਮਨੋਰਥ ਸਾਹਿਤ ਦੀ ਪ੍ਰਫੁੱਲਤਾ ਹੈ। ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਸਮਾਜ ਦੇ ਜਾਗਰੂਕ ਵਰਗ ਪੱਤਰਕਾਰ ਅਤੇ ਸਾਹਿਤਕਾਰ ਵਰਗ ਵੱਲੋਂ ਵਿਭਾਗ ਦੇ ਮੋਢੇ ਨਾਲ ਮੋਢਾ ਜੋੜ ਕੇ ਕਾਰਜ ਕੀਤਾ ਜਾ ਰਿਹਾ ਹੈ। ਇਸ ਮੌਕੇ ਸਹਾਇਕ ਲੋਕ ਸੰਪਰਕ ਅਫਸਰ ਜਗਬੀਰ ਕੌਰ, ਜ਼ਿਲਾ ਖੋਜ ਅਫਸਰ ਬਿੰਦਰ ਸਿੰਘ ਖੁੱਡੀ ਕਲਾਂ ਤੇ ਸਿੱਖਿਆ ਅਤੇੇ ਭਾਸ਼ਾ ਵਿਭਾਗ ਦਾ ਸਟਾਫ ਹਾਜ਼ਰ ਸੀ।