ਗੈਸਟ ਫੈਕਲਟੀ ਇੰਸਟਰੱਕਟਰਜ਼ ਦੇ ਸੰਘਰਸ਼ ਨੂੰ ਪਿਆ ਬੂਰ ਪੰਜ ਮਹੀਨਿਆਂ ਤੋਂ ਰੁਕੀਆਂ ਤਨਖਾਹਾਂ ਹੋਈਆਂ ਜਾਰੀ

Spread the love

ਗੈਸਟ ਫੈਕਲਟੀ ਇੰਸਟਰੱਕਟਰਜ਼ ਦੇ ਸੰਘਰਸ਼ ਨੂੰ ਪਿਆ ਬੂਰ ਪੰਜ ਮਹੀਨਿਆਂ ਤੋਂ ਰੁਕੀਆਂ ਤਨਖਾਹਾਂ ਹੋਈਆਂ ਜਾਰੀ
ਬਰਨਾਲਾ,23 ਅਗਸਤ ( ਸੋਨੀ ਪਨੇਸਰ )
ਸਥਾਨਕ ਸਰਕਾਰੀ ਆਈ.ਟੀ.ਆਈ. ਲੜਕੇ ਅਤੇ ਲੜਕੀਆਂ ਦੇ ਵਿਖੇ ਕੰਮ ਕਰਦੇ ਗੈਸਟ ਫੈਕਲਟੀ ਇੰਸਟਰੱਕਟਰਜ਼ ਵੱਲੋਂ ਪਿਛਲੇ ਪੰਜ ਮਹੀਨਿਆਂ ਦੀ ਤਨਖਾਹ ਨਾ ਮਿਲਣ ਕਾਰਨ ਪ੍ਰਿੰਸੀਪਲ ਵਿਰੁੱਧ ਸੰਘਰਸ਼ ਵਿੱਢਣ ਦੇ ਐਲਾਨ ਅਨੁਸਾਰ ਅੱਜ ਆਈ.ਟੀ.ਆਈ. ਬਰਨਾਲਾ ਵਿਖੇ ਧਰਨਾ ਲਗਾ ਕੇ ਆਪਣਾ ਰੋਸ ਪ੍ਰਗਟਾਇਆ ਗਿਆ । ਆਗੂਆਂ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਠੇਕਾ ਇੰਸਟਰੱਕਟਰਜ਼ ਸੰਘਰਸ਼ ਕਮੇਟੀ ਵੱਲੋਂ ਸੰਘਰਸ਼ ਦੇ ਮੁੱਢਲੇ ਪੜਾਅ ਤੇ ਪ੍ਰਿੰਸੀਪਲ ਨੂੰ ਸੋਮਵਾਰ ਤੱਕ ਤਨਖਾਹਾਂ ਨਾ ਜਮਾਂ ਹੋਣ ਤੇ ਧਰਨਾ ਦੇਣ ਦਾ ਨੋਟਿਸ ਦੇ ਕੇ ਡਿਪਟੀ ਕਮਿਸ਼ਨਰ ਬਰਨਾਲਾ ਨੂੰ ਵੀ ਮੰਗ ਪੱਤਰ ਵੀ ਸੌਂਪਿਆ ਗਿਆ ਸੀ। ਸੰਘਰਸ਼ ਦੇ ਐਲਾਨ ਸਦਕਾ ਆਈ.ਟੀ.ਆਈ. ਲੜਕਿਆਂ ਦੇ ਸਟਾਫ਼ ਦੀ ਤਨਖਾਹ ਜਾਰੀ ਕਰ ਦਿੱਤੀ ਗਈ ਸੀ ਪਰ ਆਈ.ਟੀ.ਆਈ. ਲੜਕੀਆਂ ਦੇ ਸਟਾਫ਼ ਦੀ ਤਨਖਾਹ ਜਾਰੀ ਨਾ ਹੋਣ,ਲੇਡੀਜ ਸਟਾਫ਼ ਲਈ ਪਾਣੀ ਤੇ ਬਾਥਰੂਮ ਦਾ ਪ੍ਰਬੰਧ ਨਾ ਹੋਣ,ਇਵਜੀ ਛੁੱਟੀ ਨਾ ਮਿਲਣ ਅਤੇ ਪ੍ਰੀਖਿਆ ਡਿਊਟੀ ਦਾ ਮਿਹਨਤਾਨਾ ਨਾ ਮਿਲਣ ਕਾਰਨ ਅੱਜ ਠੇਕਾ ਇੰਸਟਰੱਕਟਰਜ਼ ਸੰਘਰਸ਼ ਕਮੇਟੀ ਵੱਲੋਂ ਸਰਕਾਰੀ ਆਈ.ਟੀ.ਆਈ. ਲੜਕੀਆਂ ਵਿਖੇ ਰੋਸ ਪ੍ਰਦਰਸ਼ਨ ਕੀਤਾ ਗਿਆ। ਸੰਘਰਸ਼ ਕਮੇਟੀ ਦੇ ਆਗੂ ਨਵਨੀਤ ਸਿੰਘ,ਬਿਮਲਾ ਦੇਵੀ,ਗਗਨਦੀਪ ਕੌਰ ਅਤੇ ਝਕਿੰਦਰਪਾਲ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਪ੍ਰਿੰਸੀਪਲ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਆਈ.ਟੀ.ਆਈ. ਦੇ ਸਟਾਫ਼ ਅਤੇ ਵਿਦਿਆਰਥੀਆਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਮਜਬੂਰੀ ਵੱਸ ਉਹਨਾਂ ਨੂੰ ਤਨਖਾਹ ਲੈਣ ਵੀ ਧਰਨਾ ਲਾਉਣਾ ਪਿਆ ਹੈ। ਸੰਘਰਸ਼ ਕਮੇਟੀ ਦੀ ਹਮਾਇਤ ਤੇ ਸ਼ਾਮਲ ਹੋਈਆਂ ਜਥੇਬੰਦੀਆਂ ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਦੇ ਗੁਰਮੀਤ ਸੁਖਪੁਰ, ਜੁਗਰਾਜ ਟੱਲੇਵਾਲ, ਖੁਸ਼ਮਿੰਦਰਪਾਲ ਹੰਡਿਆਇਆ, ਡੈਮੋਕ੍ਰੇਟਿਕ ਟੀਚਰਜ਼ ਫਰੰਟ ਦੇ ਰਾਜੀਵ ਕੁਮਾਰ, ਨਿਰਮਲ ਚੁਹਾਣਕੇ, ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਬਾਬੂ ਸਿੰਘ ਖੁੱਡੀ ਕਲਾਂ,ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਮਨਜੀਤ ਰਾਜ, ਟੈਕਨੀਕਲ ਮਕੈਨੀਕਲ ਯੂਨੀਅਨ ਦੇ ਸੂਬਾ ਪ੍ਰਧਾਨ ਮਹਿਮਾ ਸਿੰਘ ਢਿੱਲੋ, ਇਨਕਲਾਬੀ ਕੇਂਦਰ ਦੇ ਨਰਾਇਣ ਦੱਤ ਅਤੇ ਰਾਜਿੰਦਰ ਪਾਲ,ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਦੇ ਰਮਨਦੀਪ ਸਿੰਗਲਾ,ਵੈਟਰਨਰੀ ਇੰਸਪੈਕਟਰ ਐਸੋਸੀਏਸ਼ਨ ਦੇ ਗੁਰਮੀਤ ਭੱਠਲ ਨੇ ਸੰਬੋਧਨ ਕਰਦਿਆਂ ਕਿਹਾ ਕਿ 1991 ਦੀਆਂ ਨਵੀਆਂ ਆਰਥਿਕ ਨੀਤੀਆਂ ਕਾਰਨ ਇਹਨਾਂ ਆਈ.ਟੀ.ਆਈਜ. ਨੂੰ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਸਕੀਮ ਅਧੀਨ ਨਿੱਜੀਕਰਨ ਦੇ ਰਾਹ ਤੋਰਿਆ ਗਿਆ, ਜਿਸਦੇ ਸਿੱਟੇ ਵਜੋਂ ਇਹਨਾਂ ਸੰਸਥਾਵਾਂ ਵਿੱਚ ਸਟਾਫ਼ ਦੀ ਭਰਤੀ ਨਿਗੂਣੀਆਂ ਤਨਖਾਹਾਂ ਉਪਰ ਠੇਕੇ ਤੇ ਕੀਤੀ ਗਈ। ਠੇਕੇਦਾਰੀ ਪ੍ਰਬੰਧ ਦੀ ਭੇਂਟ ਚੜੇ ਇਹ ਪੜੇ ਲਿਖੇ ਨੌਜਵਾਨ ਸੋਸ਼ਣ ਦਾ ਸ਼ਿਕਾਰ ਹੁੰਦੇ ਹਨ। ਜੋਰਦਾਰ ਨਾਅਰੇਬਾਜੀ ਦੇ ਚਲਦਿਆਂ ਪ੍ਰਿੰਸੀਪਲ ਕਮਲਜੀਤ ਸਿੰਘ ਨੇ ਧਰਨਾਕਾਰੀ ਇੰਸਟਰੱਕਟਰਜ਼ ਨੂੰ ਸੂਚਨਾ ਦਿੱਤੀ ਕਿ ਰਹਿੰਦੇ ਕਮਰਚਾਰੀਆਂ ਦੀ ਤਨਖਾਹ ਵੀ ਜਾਰੀ ਕਰ ਦਿੱਤੀ ਗਈ ਹੈ। ਦੂਜੀਆਂ ਮੰਗਾਂ ਨੂੰ ਹੱਲ ਕਰਨ ਲਈ ਉਹਨਾਂ ਨੇ ਦੋ ਹਫਤਿਆਂ ਦਾ ਸਮਾਂ ਮੰਗਿਆ। ਸੰਘਰਸ਼ ਕਮੇਟੀ ਦੇ ਆਗੂ ਨਵਨੀਤ ਸਿੰਘ ਨੇ ਇਸ ਨੂੰ ਅੰਸ਼ਿਕ ਜਿੱਤ ਦੱਸਿਆ ਅਤੇ ਆਉਣ ਵਾਲੇ ਸਮੇਂ ਵਿੱਚ ਸੇਵਾਵਾਂ ਰੈਗੂਲਰ ਕਰਵਾਉਣ ਲਈ ਹੋਰਨਾਂ ਭਰਾਤਰੀ ਜਥੇਬੰਦੀਆਂ ਨਾਲ ਤਾਲਮੇਲ ਕਾਇਮ ਕਰਨ ਦੀ ਲੋੜ ਮਹਿਸੂਸ ਕੀਤੀ। ਇਸ ਮੌਕੇ ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਦੇ ਬਲਜਿੰਦਰ ਪ੍ਰਭੂ, ਰਾਜਿੰਦਰ ਮੂਲੋਵਾਲ,ਡੈਮੋਕ੍ਰੇਟਿਕ ਟੀਚਰਜ਼ ਫਰੰਟ ਦੇ ਅੰਮ੍ਰਿਤਪਾਲ ਕੋਟਦੁੰਨਾ, ਮਾਲਵਿੰਦਰ ਬਰਨਾਲਾ, ਮਨਮੋਹਨ ਭੱਠਲ,ਜਸਪਾਲ ਚੀਮਾ, ਗੁਰਦਰਸ਼ਨ ਸਿੰਘ, ਪ੍ਰੇਮਪਾਲ ਕੌਰ,ਜਗਜੀਤ ਠੀਕਰੀਵਾਲ ਅਤੇ ਪਲਵਿੰਦਰ ਠੀਕਰੀਵਾਲ ਆਦਿ ਹਾਜ਼ਰ ਸਨ।

Spread the love
Scroll to Top