ਠੋਸ ਕੂੜਾ ਪ੍ਰਬੰਧਨ ਪ੍ਰਾਜੈਕਟ ਲਈ ਚੁਣਿਆ ਸ਼ਹਿਰ ਬਰਨਾਲਾ: ਡਿਪਟੀ ਕਮਿਸ਼ਨਰ

Spread the love

100 ਫੀਸਦੀ ਕੂੜਾ ਪ੍ਰਬੰਧਨ ਦੀ ਮੁਹਿੰਮ ਦਾ ਆਗਾਜ਼: ਵਧੀਕ ਡਿਪਟੀ ਕਮਿਸ਼ਨਰ
ਗਿੱਲੇ ਅਤੇ ਸੁੱਕੇ ਕੂੜੇ ਦੇ ਵੱਖੋ ਵੱਖ ਪ੍ਰਬੰਧਨ ਲਈ ਸਹਿਯੋਗ ਦੇਣ ਸ਼ਹਿਰ ਵਾਸੀ: ਗੁਰਦੀਪ ਸਿੰਘ ਬਾਠ
ਵਾਰਡ ਵਾਸੀਆਂ ਨੂੰ ਗਿੱਲੇ ਕੂੜੇ ਤੋਂ ਤਿਆਰ ਖਾਦ ਵੰਡੀ


ਰਵੀ ਸੈਣ , ਬਰਨਾਲਾ, 24 ਅਗਸਤ 2022 
     ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਅਤੇ ਆਲਾ-ਦੁਆਲਾ ਸਾਫ ਰੱਖਣ ਲਈ ਕੂੜੇ ਦਾ ਪ੍ਰਬੰਧਨ ਸਭ ਤੋਂ ਅਹਿਮ ਹੈ। ਜ਼ਿਲਾ ਬਰਨਾਲਾ ਵਿੱਚ ਭਾਵੇਂ ਕੂੜੇ ਦਾ ਪ੍ਰਬੰਧਨ ਪਹਿਲਾਂ ਤੋਂ ਹੀ ਹੋ ਰਿਹਾ ਹੈ, ਪਰ ਇਸ ਨੂੰ 100 ਫੀਸਦੀ ਲਾਗੂ ਕਰਨਾ ਬਹੁਤ ਜ਼ਰੂਰੀ ਹੈ।ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਬਰਨਾਲਾ ਡਾ. ਹਰੀਸ਼ ਨਈਅਰ ਨੇ ਅੱਜ ਇੱਥੋਂ ਦੇ ਵਾਰਡ ਨੰਬਰ 26 ਵਿਚ ਕੂੜਾ ਪ੍ਰਬੰਧਨ ਮੁਹਿੰਮ ਦੇ ਆਗਾਜ਼ ਕਰਨ ਮੌਕੇ ਕੀਤਾ। ਉਨਾਂ ਦੱਸਿਆ ਕਿ 100 ਫੀਸਦੀ ਕੂੜਾ ਪ੍ਰਬੰਧਨ ਦੇ ਪਾਇਲਟ ਪ੍ਰਾਜੈਕਟ ’ਚ ਸੂਬੇ ਦੀਆਂ 6 ਸ਼ਹਿਰੀ ਸਥਾਨਕ ਇਕਾਈਆਂ ਚੁਣੀਆਂ ਗਈਆਂ ਹਨ, ਜਿਨਾਂ ’ਚ ਬਰਨਾਲਾ ਵੀ ਸ਼ਾਮਲ ਹੈ। ਇਸ ਮੌਕੇ ਉਨਾਂ ਕਿਹਾ ਕਿ ਗਿੱਲੇ ਅਤੇ ਸੁੱਕੇ ਕੂੜੇ ਨੂੰ ਵੱਖੋ-ਵੱਖ ਇਕੱਠਾ ਕਰਨ ਅਤੇ ਉਸ ਦਾ ਅੱਗੇ ਯੋਗ ਨਿਬੇੜਾ ਕਰਨ ਦਾ 100 ਫੀਸਦੀ ਟੀਚਾ ਪੂਰਾ ਕਰਨ ਦੀ ਸ਼ੂਰੂਆਤ ਵਾਰਡ ਨੰਬਰ 26 ਤੋਂ ਕੀਤੀ ਗਈ ਅਤੇ ਇਸ ਤੋਂ ਬਾਅਦ ਪੜਾਅਵਾਰ ਸਾਰੇ ਵਾਰਡਾਂ ਵਿਚ ਇਹ ਪ੍ਰਾਜੈਕਟ ਲਾਗੂ ਕੀਤਾ ਜਾਵੇਗਾ। ਉਨਾਂ ਦੱਸਿਆ ਕਿ ਇਸ ਮੁਹਿੰਮ ਤਹਿਤ ਵਾਰਡ ਵਾਸੀਆਂ ਨੂੰ ਪ੍ਰੇਰਿਤ ਕਰਨ ਲਈ ਇਹ ਪ੍ਰੋਗਰਾਮ ਉਲੀਕਿਆ ਗਿਆ ਹੈ, ਇਸ ਤੋਂ ਇਲਾਵਾ ਨਗਰ ਕੌਂਸਲ ਦੀ ਟੀਮ ਵੱਲੋਂ ਘਰ ਘਰ ਜਾ ਕੇ ਵੀ ਲੋਕਾਂ ਨੂੰ ਗਿੱਲਾ ਅਤੇ ਸੁੱਕਾ ਕੂੜਾ ਵੱਖੋ ਵੱਖ ਰੱਖਣ ਬਾਰੇ ਪ੍ਰੇਰਿਤ ਕੀਤਾ ਜਾ ਰਿਹਾ ਹੈ।
   ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਪਰਮਵੀਰ ਸਿੰਘ ਨੇ ਕਿਹਾ ਕਿ ਕੂੜੇ ਦਾ ਨਿਬੇੜਾ ਤਾਂ ਹੀ ਹੋ ਸਕਦਾ ਹੈ, ਜੇਕਰ ਕੂੜਾ ਵੱਖੋ ਵੱਖ ਰੱਖਿਆ ਜਾਵੇ। ਉਨਾਂ ਦੱਸਿਆ ਕਿ ਇਸ ਤਰਾਂ ਗਿੱਲੇ ਕੂੜੇ ਨੂੰ ਪਿਟਸ ’ਚ ਪਾ ਕੇ ਖਾਦ ਤਿਆਰ ਕੀਤੀ ਜਾਂਦੀ ਹੈ ਅਤੇ ਸੁੱਕੇ ਕੂੜੇ ਨੂੰ ਅੱਗੇ ਵੱਖ ਵੱਖ ਕਰ ਕੇ ਉਸਦਾ ਨਿਬੇੜਾ ਕੀਤਾ ਜਾਂਦਾ ਹੈ। ਇਸ ਮੌਕੇ ਉਨਾਂ ਸਫਾਈ ਸੇਵਕਾਂ ਦੀਆਂ ਸੇਵਾਵਾਂ ਦੀ ਵੀ ਸ਼ਲਾਘਾ ਕੀਤੀ।
    ਇਸ ਮੌਕੇ ਆਮ ਆਦਮੀ ਪਾਰਟੀ ਦੇ ਜ਼ਿਲਾ ਪ੍ਰਧਾਨ ਗੁਰਦੀਪ ਸਿੰਘ ਬਾਠ ਨੇ ਕਿਹਾ ਕਿ ਜੇਕਰ ਕੂੜਾ ਅਸੀਂ ਪੈਦਾ ਕਰ ਦੇ ਹਾਂ ਤਾਂ ਉਸ ਦੇ ਯੋਗ ਪ੍ਰਬੰਧਨ ਵਿਚ ਵੀ ਸਾਨੂੰ ਸਭ ਨੂੰ ਸਹਿਯੋਗ ਦੇਣ ਦੀ ਲੋੜ ਹੈ ਤਾਂ ਜੋ ਅਸੀਂ ਬਰਨਾਲਾ ਸ਼ਹਿਰ ਨੂੰ ਸਾਫ-ਸੁੱਥਰਾ ਬਣਾ ਸਕੀਏ। ਇਸ ਮੌਕੇ ਕਾਰਜਸਾਧਕ ਅਫਸਰ ਨੇ ਦੱਸਿਆ ਕਿ ਸਰਕਾਰ ਵੱਲੋਂ ਠੋਸ ਕੂੁੜਾ ਪ੍ਰਬੰਧਨ ਦੇ ਪ੍ਰਾਜੈਕਟ ਤਹਿਤ ਪਹਿਲੇ ਪੜਾਅ ’ਚ 6 ਸ਼ਹਿਰੀ ਸਥਾਨਕ ਇਕਾਈਆਂ ਨੂੰ ਚੁਣਿਆ ਗਿਆ ਹੈ। ਜਿਸ ਵਿਚ ਬਰਨਾਲਾ ਵੀ ਸ਼ਾਮਲ ਹੈ। ਇਸ ਪ੍ਰਾਜੈਕਟ ਨੂੰ ਬਰਨਾਲੇ ’ਚ 100 ਫੀਸਦੀ ਲਾਗੂ ਕਰਨ ਦੀ ਅੱਜ ਸ਼ੁਰੂਆਤ ਕੀਤੀ ਗਈ ਹੈ।ਇਸ ਮੌਕੇ ਵਾਰਡ ਵਾਸੀਆਂ ਨੂੰ ਕੱਪੜੇ ਦੇ ਥੈਲੇ ਅਤੇ ਗਿੱਲੇ ਕੂੜੇ ਤੋਂ ਤਿਆਰ ਖਾਦ ਵੀ ਵੰਡੀ ਗਈ। ਇਸ ਮੌਕੇ ਐਸਡੀਐਮ ਗੋਪਾਲ ਸਿੰਘ, ਐਮਸੀ ਰੁਪਿੰਦਰ ਸਿੰਘ ਸੀਤਲ, ਜੇਈ ਮੁਹੰਮਦ ਸਲੀਮ, ਹਸਨਪ੍ਰੀਤ ਭਾਰਦਵਾਜ, ਅੰਕੁਰ ਗੋਇਲ, ਸੈਨੇਟਰੀ ਇੰਸਪੈਕਟਰ ਅੰਕੁਸ਼, ਕਮਿਊਨਿਟੀ ਫੈਸਿਲੀਟੇਟਰ ਪਾਰੁਲ ਗਰਗ, ਹਰਕੇਸ਼ ਕੁਮਾਰ, ਮੋਟੀਵੇਟਰ ਖੁਸ਼ੀ, ਅਰਜੁਨ, ਮੇਟ ਮੁਕੇਸ਼ ਕੁਮਾਰ, ਰਮੇਸ਼ ਕੁਮਾਰ, ਸਫਾਈ ਸੇਵਕ ਤੇ ਵਾਰਡ ਵਾਸੀ ਹਾਜ਼ਰ ਸਨ।
 


Spread the love
Scroll to Top