ਡੀ.ਟੀ.ਐੱਫ. ਅਤੇ ਸਹਿਯੋਗੀ ਜਥੇਬੰਦੀਆਂ ਨੇ ਸਿੱਖਿਆ ਮੰਤਰੀ ਨੂੰ ਭੇਜੇ “ਸੰਘਰਸ਼ ਦੇ ਨੋਟਿਸ”

Spread the love

ਡੀ.ਟੀ.ਐੱਫ. ਅਤੇ ਸਹਿਯੋਗੀ ਜਥੇਬੰਦੀਆਂ ਨੇ ਸਿੱਖਿਆ ਮੰਤਰੀ ਨੂੰ ਭੇਜੇ “ਸੰਘਰਸ਼ ਦੇ ਨੋਟਿਸ”
ਸੰਗਰੂਰ, 5 ਸਤੰਬਰ, (ਹਰਪ੍ਰੀਤ ਕੌਰ ਬਬਲੀ)
ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ, ਈ.ਟੀ.ਟੀ. ਟੈੱਟ ਪਾਸ ਅਧਿਆਪਕ ਐਸੋਸੀਏਸ਼ਨ 6505 (ਜੈ ਸਿੰਘ ਵਾਲਾ) ਅਤੇ ਓ.ਡੀ.ਐੱਲ. ਅਧਿਆਪਕ ਯੂਨੀਅਨ ਨੇ ਡੈਮੋਕਰੈਟਿਕ ਟੀਚਰਜ਼ ਫਰੰਟ ਦੇ ਸੂਬਾਈ ਆਗੂਆਂ ਰਘਵੀਰ ਸਿੰਘ ਭਵਾਨੀਗੜ੍ਹ ਅਤੇ ਮੇਘ ਰਾਜ, ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਗਿਰ ਅਤੇ ਡੀ ਐਮ ਐੱਫ ਪੰਜਾਬ ਦੇ ਜਨਰਲ ਸਕੱਤਰ ਹਰਦੀਪ ਟੋਡਰਪੁਰ ਦੀ ਅਗਵਾਈ ਵਿੱਚ ਜ਼ਿਲ੍ਹਾ ਸਿੱਖਿਆ ਅਫਸਰ ਸੰਗਰੂਰ ਕੁਲਤਰਨਜੀਤ ਸਿੰਘ ਰਾਹੀਂ ਸਿੱਖਿਆ ਮੰਤਰੀ ਪੰਜਾਬ ਨੂੰ ਓ ਡੀ ਐਲ ਅਤੇ 180 ਈ ਟੀ ਟੀ ਅਧਿਆਪਕਾਂ ਨੂੰ ਤੁਰੰਤ ਰੈਗੂਲਰ ਕਰਨ ਦਾ ਮੰਗ ਪੱਤਰ ਅਤੇ ਸੰਘਰਸ਼ ਦਾ ਨੋਟਿਸ ਸੌਂਪਿਆ ਅਤੇ ਇਹਨਾਂ ਦੋਵੇਂ ਮਸਲਿਆਂ ਦੇ ਹੱਲ ਨਾ ਹੋਣ ਦੀ ਸੂਰਤ ਵਿੱਚ 25 ਸਤੰਬਰ ਨੂੰ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਚੋਣ ਹਲਕੇ ਸ੍ਰੀ ਆਨੰਦਪੁਰ ਸਾਹਿਬ ਵਿਖੇ ਵਿਸ਼ਾਲ “ਇਨਸਾਫ ਰੈਲੀ” ਦਾ ਐਲਾਨ ਵੀ ਕੀਤਾ ਗਿਆ।
ਇਸ ਮੌਕੇ ਡੈਮੋਕਰੈਟਿਕ ਟੀਚਰ ਫਰੰਟ ਦੇ ਜ਼ਿਲ੍ਹਾ ਜਨਰਲ ਸਕੱਤਰ ਅਮਨ ਵਿਸ਼ਿਸ਼ਟ, ਪ੍ਰੈੱਸ ਸਕੱਤਰ ਕਰਮਜੀਤ ਨਦਾਮਪੁਰ, ਖਜ਼ਾਨਚੀ ਗੁਰਜੀਤ ਸ਼ਰਮਾ ਅਤੇ ਕਮਲ ਘੋੜੇਨਾਬ ਨੇ ਦੱਸਿਆ ਕਿ ਸਕੂਲ ਸਿੱਖਿਆ ਵਿਭਾਗ (ਸੈਕੰਡਰੀ) ਅਧੀਨ 7654, 3442 5178 ਭਰਤੀਆਂ ਦੇ ਬਾਕੀ ਸਾਰੇ ਅਧਿਆਪਕਾਂ ਨੂੰ ਕ੍ਰਮਵਾਰ ਸਾਲ 2014, 2016,2017 ਵਿੱਚ ਰੈਗੂਲਰ ਕੀਤਾ ਜਾ ਚੁੱਕਾ ਹੈ, ਪ੍ਰੰਤੂ 125 ਤੋਂ ਵਧੇਰੇ ਓਪਨ ਡਿਸਟੈਂਸ ਲਰਨਿੰਗ ਅਧਿਆਪਕਾਂ ਨੂੰ ਯੂਨੀਵਰਸਿਟੀ ਦੇ ਅਧਿਕਾਰ ਖੇਤਰ ਤੋਂ ਬਾਹਰ ਦੀ ਡਿਗਰੀ ਹੋਣ ਦੇ ਹਵਾਲੇ ਨਾਲ ਹਾਲੇ ਤਕ ਰੈਗੂਲਰ ਨਹੀਂ ਕੀਤਾ ਗਿਆ ਹੈ ਜਦ ਕਿ ਕਈ ਭਰਤੀਆਂ ਦੇ ਸੈਂਕੜੇ ਓ.ਡੀ.ਐੱਲ. ਅਧਿਆਪਕ ਰੈਗੂਲਰ ਵੀ ਹੋ ਚੁੱਕੇ ਹਨ, ਹਜਾਰਾਂ ਓ.ਡੀ.ਐੱਲ. ਅਧਿਆਪਕਾਂ ਦੀ ਪ੍ਰੋਮੋਸ਼ਨ ਹੋ ਚੁੱਕੀ ਹੈ ਅਤੇ ਸਾਲ 2019 ਵਿੱਚ ਕਰਮਜੀਤ ਕੌਰ ਬਨਾਮ ਪੰਜਾਬ ਸਰਕਾਰ ਕੇਸ ਵਿੱਚ ਹਾਈ ਕੋਰਟ ਵਲੋਂ ਵੀ ਇਨ੍ਹਾਂ ਦੀ ਰੈਗੂਲਰਾਈਜ਼ੇੇਸ਼ਨ ਮੁਕੰਮਲ ਕਰਨ ਦੀ ਹਦਾਇਤ ਕੀਤੀ ਗਈ ਹੈ। ਇਸੇ ਤਰ੍ਹਾਂ ਸਿੱਖਿਆ ਵਿਭਾਗ (ਪ੍ਰਾਇਮਰੀ) ਅਧੀਨ ਸਾਲ 2016 ਵਿੱਚ 4500 ਈ.ਟੀ.ਟੀ. ਅਸਾਮੀਆਂ ‘ਤੇ ਰੈਗੂਲਰ ਭਰਤੀ ਹੋਏ 180 ਅਧਿਆਪਕਾਂ ਦੀ ਪਿਛਲੇ ਪੰਜ ਸਾਲ ਦੀ ਸਰਵਿਸ ਨੂੰ ਜਬਰਨ ਖਤਮ ਕਰਦਿਆਂ ਮੁੱਢਲੀ ਭਰਤੀ ਦੀਆਂ ਸੇਵਾ ਸ਼ਰਤਾਂ ਤੋਂ ਵੱਖ ਕਰ ਦਿੱਤਾ ਗਿਆ। ਬੇਇਨਸਾਫ਼ੀ ਦੀ ਸਿਖਰ ਕਰਦਿਆਂ ਨਿਯਮਾਂ ਤੋਂ ਉੱਲਟ ਮਈ 2021 ਵਿੱਚ ਇਨ੍ਹਾਂ ਅਧਿਆਪਕਾਂ ਉੱਪਰ ਮੁੜ ਤੋਂ ਪਰਖ ਸਮਾਂ ਅਤੇ ਨਵਾਂ ਤਨਖਾਹ ਸਕੇਲ ਮੁੜ ਦਿੱਤਾ ਗਿਆ। ਇਹਨਾਂ ਦੋਨੋਂ ਮਾਮਲਿਆਂ ਨੂੰ ਪੀੜਤ ਅਧਿਆਪਕਾਂ ਨਾਲ ਕਈ ਸਾਲਾਂ ਤੋਂ ਹੋ ਰਹੀ ਘੋਰ ਬੇਇਨਸਾਫ਼ੀ ਅਤੇ ਪੱਖਪਾਤ ਵਾਲੇ ਸਮਝਦੇ ਹੋਏ, ਡੈਮੋਕਰੈਟਿਕ ਟੀਚਰ ਫਰੰਟ ਵੱਲੋਂ ਪੰਜਾਬ ਸਰਕਾਰ ਖਿਲਾਫ਼ ਹੁਣ ਫੈਸਲਾਕੁੰਨ ਸੰਘਰਸ਼ ਵਿੱਢਣ ਦਾ ਫ਼ੈਸਲਾ ਕੀਤਾ ਗਿਆ ਹੈ। ਸੰਘਰਸ਼ ਦੀ ਅਗਲੀ ਕੜੀ ਤਹਿਤ 13 ਸਤੰਬਰ ਨੂੰ ਮਾਸ ਡੈਪੂਟੇਸ਼ਨ ਦੇ ਰੂਪ ਵਿੱਚ ਆਨੰਦਪੁਰ ਸਾਹਿਬ ਪ੍ਰਸ਼ਾਸ਼ਨ ਰਾਹੀਂ ਸਿੱਖਿਆ ਮੰਤਰੀ ਦੇ ਨਾਂ ਸੰਘਰਸ਼ ਦਾ ਨੋਟਿਸ ਸੌਂਪਿਆ ਜਾਵੇਗਾ।
ਇਸ ਮੌਕੇ ਸੁਖਵਿੰਦਰ ਸੁੱਖ, ਰਮਨ ਗੋਇਲ, ਰਾਜ ਸੈਣੀ, ਲਖਵਿੰਦਰ ਚੀਮਾ, ਮਿਨਾਕਸ਼ੀ ਮੈਡਮ, ਪਰਮਿੰਦਰ ਕੌਰ, ਸ਼ੈਂਕੀ ਮੈਡਮ ਸੁਨਾਮ, ਹਰਵਿੰਦਰ ਸਿੰਘ ਸੰਗਰੂਰ, ਮਨਦੀਪ ਸਿੰਘ, ਹਰਵਿੰਦਰ ਸਿੰਘ ਝਨੇੜੀ, ਹਨੀਸ਼ ਸੰਗਰੂਰ, ਰੂਬਲਪ੍ਰੀਤ ਕੌਰ ਆਦਿ ਅਧਿਆਪਕ ਆਗੂ ਹਾਜ਼ਰ ਸਨ।

Spread the love
Scroll to Top