ਖੇਡਾਂ ਵਤਨ ਪੰਜਾਬ ਦੀਆਂ -ਬਰਨਾਲਾ ‘ਚ ਜ਼ਿਲ੍ਹਾ ਪੱਧਰੀ ਖੇਡਾਂ ਧੂਮਧਾਮ ਨਾਲ ਸ਼ੁਰੂ

Spread the love

ਚੰਗੀ ਸਿਹਤ ਤੇ ਜੀਵਨਸ਼ੈਲੀ ਲਈ ਵੱਧ ਤੋਂ ਵੱਧ ਨੌਜਵਾਨ ਖੇਡਾਂ ਵਿੱਚ ਭਾਗ ਲੈਣ: ਡਾ.  ਹਰੀਸ਼ ਨਈਅਰ  

ਖੇਡਾਂ ਵਤਨ ਪੰਜਾਬ ਦੀਆਂ ਦਾ ਮਕਸਦ ਪੰਜਾਬ ਦੀ ਜਵਾਨੀ ਨੂੰ ਮੁੜ ਤੋਂ ਖੇਡਾਂ ਨਾਲ ਜੋੜਨਾ: ਗੁਰਦੀਪ ਸਿੰਘ ਬਾਠ  

ਕਬੱਡੀ ਨੈਸ਼ਨਲ ਸਟਾਈਲ ਲੜਕੀਆਂ ਦਾ ਪਹਿਲਾ ਮੈਚ ਰਾਜੀਆ ਅਤੇ ਹਮੀਦੀ ਸਕੂਲ ਵਿਚਕਾਰ ਹੋਇਆ 


ਹਰਿੰਦਰ ਨਿੱਕਾ , ਬਰਨਾਲਾ, 16 ਸਤੰਬਰ 2022
     ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ ਨਿਰਦੇਸ਼ਾਂ ਅਤੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੀ ਅਗਵਾਈ ਹੇਠ ਕਰਵਾਈਆਂ ਜਾ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਜ਼ਿਲ੍ਹਾ  ਪੱਧਰੀ ਮੁਕਾਬਲਿਆਂ ਦਾ ਉਦਘਾਟਨ ਅੱਜ ਡਿਪਟੀ ਕਮਿਸ਼ਨਰ ਬਰਨਾਲਾ ਡਾ. ਹਰੀਸ਼ ਨਈਅਰ ਅਤੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਬਾਠ ਵੱਲੋਂ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਬਰਨਾਲਾ ਵਿਖੇ ਕੀਤਾ ਗਿਆ । ਇਨ੍ਹਾਂ ਜ਼ਿਲ੍ਹਾ ਪੱਧਰੀ ਖੇਡਾਂ ਦੌਰਾਨ 20 ਤੋਂ ਵੱਧ ਤਰ੍ਹਾਂ ਦੀਆਂ ਖੇਡਾਂ ਲਈ ਮੁਕਾਬਲੇ ਹੋਣਗੇ।
      ਅੱਜ ਉਦਘਾਟਨੀ ਸਮਾਗਮ ਮੌਕੇ ਕਬੱਡੀ ਨੈਸ਼ਨਲ ਸਟਾਈਲ ਦਾ ਪਹਿਲਾ ਮੈਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਜੀਆ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਮੀਦੀ ਦੀਆਂ ਲੜਕੀਆਂ ਵਿਚਕਾਰ ਹੋਇਆ। ਇਸ ਮੌਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੰਧੂ ਪੱਤੀ ਦੀਆਂ ਲੜਕੀਆਂ ਵੱਲੋਂ ਗਿੱਧਾ ਪੇਸ਼ ਕੀਤਾ ਗਿਆ ਅਤੇ  ਬਾਬਾ ਦੀਪ ਸਿੰਘ ਸਪੋਰਟਸ ਕਲੱਬ ਛੀਨੀਵਾਲ ਕਲਾਂ ਵੱਲੋਂ ਗੱਤਕਾ ਪੇਸ਼ ਕੀਤਾ ਗਿਆ।
      ਇਸ ਮੌਕੇ ਸੰਬੋਧਨ ਕਰਦੇ ਹੋਏ ਡਿਪਟੀ ਕਮਿਸ਼ਨਰ ਬਰਨਾਲਾ ਡਾ. ਹਰੀਸ਼ ਨਈਅਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਖੇਡ ਸੱਭਿਆਚਾਰ ਨੂੰ ਹੁਲਾਰਾ ਦੇਣ ਲਈ ਹਰ ਸਾਲ ਖੇਡਾਂ ਵਤਨ ਪੰਜਾਬ ਦੀਆਂ ਕਰਵਾਉਣ ਦੀ ਪਹਿਲਕਦਮੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ  ਵੱਧ ਤੋਂ ਵੱਧ ਨੌਜਵਾਨ ਇਨ੍ਹਾਂ ਖੇਡਾਂ ਵਿੱਚ ਭਾਗ ਲੈਣ ਤਾਂ ਜੋ ਚੰਗੀ ਸਿਹਤ ਅਤੇ ਚੰਗੀ ਜੀਵਨ ਸ਼ੈਲੀ ਸਿਰਜ ਸਕਣ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਬਾਠ ਨੇ ਕਿਹਾ ਕਿ ਖੇਡਾਂ ਵਤਨ ਪੰਜਾਬ ਦੀਆਂ ਦਾ ਮਕਸਦ ਪੰਜਾਬ ਦੀ ਜਵਾਨੀ ਨੂੰ ਮੁੜ ਤੋਂ ਖੇਡਾਂ ਨਾਲ ਜੋੜਨਾ ਹੈ ਤਾਂ ਜੋ ਜਿੱਥੇ ਨੌਜਵਾਨ ਸਿਹਤਯਾਬ ਰਹਿਣ, ਉੱਥੇ ਕੌਮਾਂਤਰੀ ਪੱਧਰ ‘ਤੇ ਦੇਸ਼ ਲਈ ਤਗਮੇ ਹਾਸਲ ਕਰ ਸਕਣ।
     ਕਿੱਥੇ ਕਿੱਥੇ ਹੋਣਗੇ ਵੱਖ ਵੱਖ ਖੇਡ ਮੁਕਾਬਲੇ
ਖੇਡ ਅਧਿਕਾਰੀਆਂ ਨੇ ਦੱਸਿਆ ਕਿ ਭਲਕੇ ਤੋਂ ਫੁੱਟਬਾਲ ਦੇ ਮੁਕਾਬਲੇ ਪੱਕਾ ਬਾਗ ਸਟੇਡੀਅਮ ਧਨੌਲਾ ਵਿਖੇ ਹੋਣਗੇ। ਕਬੱਡੀ ਨੈਸ਼ਨਲ ਸਟਾਈਲ ਮੁਕਾਬਲੇ ਸਰਕਾਰੀ ਕੰਨਿਆ ਹਾਈ ਸਕੂਲ ਬਰਨਾਲਾ ਤੇ ਪੱਕਾ ਬਾਗ ਸਟੇਡੀਅਮ ਧਨੌਲਾ ਵਿਖੇ ਹੋਣਗੇ। ਕਬੱਡੀ ਸਰਕਲ ਸਟਾਈਲ ਮੁਕਾਬਲੇ ਸੀਨੀਅਰ ਸੈਕੰਡਰੀ ਸਕੂਲ ਸੰਧੂ ਪੱਤੀ ’ਚ ਹੋਣਗੇ।  ਖੋ-ਖੋ ਮੁਕਾਬਲੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ’ਚ ਹੋਣਗੇ । ਹੈਂਡਬਾਲ ਮੁਕਾਬਲੇ ਵਾਈ ਐੱਸ ਸਕੂਲ ਹੰਡਿਆਇਆ ’ਚ ਹੋਣਗੇ।  ਸਾਫਟਬਾਲ ਲਈ ਮੁਕਾਬਲੇ ਐਸਡੀ ਕਾਲਜ ਬਰਨਾਲਾ ’ਚ ਹੋਣਗੇ। ਗਤਕਾ ਮੁਕਾਬਲੇ ਬਾਬਾ ਕਾਲਾ ਮਹਿਰ ਸਟੇਡੀਅਮ ਬਰਨਾਲਾ ’ਚ ਹੋਣਗੇ।  ਕਿੱਕ ਬਾਕਸਿੰਗ ਮੁਕਾਬਲੇ ਐਸਡੀ ਕਾਲਜ ਬਰਨਾਲਾ ’ਚ ਹੋਣਗੇ।  ਹਾਕੀ ਮੁਕਾਬਲੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਦੌੜ ’ਚ ਤੇ ਨੈਟਬਾਲ ਮੈਚ ਐਸਡੀ ਕਾਲਜ ਬਰਨਾਲਾ ’ਚ ਹੋਣਗੇ। ਬਾਸਕਿਟਬਾਲ ਮੁਕਾਬਲੇ ਪੱਕਾ ਬਾਗ ਸਟੇਡੀਅਮ ਧਨੌਲਾ ’ਚ ਤੇ ਪਾਵਰ ਲਿਫਟਿੰਗ ਮੁਕਾਬਲੇ ਬਾਬਾ ਕਾਲਾ ਮਹਿਰ ਸਟੇਡੀਅਮ ਬਰਨਾਲਾ ’ਚ ਹੋਣਗੇ।  ਰੈਸਲਿੰਗ ਮੁਕਾਬਲੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਦੌੜ ’ਚ ਹੋਣਗੇ। ਸਵਿੰਮਿੰਗ ਮੈਚ ਐਮਟੀਐਸ ਹੰਡਿਆਇਆ ਵਿਖੇ ਤੇ ਬੌਕਸਿੰਗ ਮੁਕਾਬਲੇ ਸੀਨੀਅਰ ਸੈਕੰਡਰੀ ਸਕੂਲ ਸੰਧੂ ਪੱਤੀ ਹੋਣਗੇ। ਵੇਟ ਲਿਫਟਿੰਗ ਮੁਕਾਬਲੇ ਬਾਬਾ ਕਾਲਾ ਮਹਿਰ ਸਟੇਡੀਅਮ ਹੋਣਗੇ ਤੇ ਟੇਬਲ ਟੈਨਿਸ ਮੁਕਾਬਲੇ ਐਲਬੀਐਸ ਕਾਲਜ ’ਚ ਹੋਣਗੇ। ਲਾਅਨ ਟੈਨਿਸ ਮੁਕਾਬਲੇ ਬਰਨਾਲਾ ਕਲੱਬ ’ਚ ਹੋਣਗੇ ਤੇ ਵਾਲੀਬਾਲ ਮੁਕਾਬਲੇ ਸ਼ਹੀਦ ਕਰਮ ਸਿੰਘ ਸਟੇਡੀਅਮ ਬਡਬਰ ’ਚ ਹੋਣਗੇ।  ਬੈਡਮਿੰਟਨ ਮੁਕਾਬਲੇ ਐਲਬੀਐਸ ਕਾਲਜ ’ਚ ਹੋਣਗੇ। ਅਥਲੈਟਿਕਸ ਮੁਕਾਬਲੇ ਬਾਬਾ ਕਾਲਾ ਮਹਿਰ ਸਟੇਡੀਅਮ ’ਚ ਹੋਣਗੇ।
      ਇਸ ਮੌਕੇ ਹੋਰਨਾਂ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ ਬਰਨਾਲਾ ਪਰਮਵੀਰ ਸਿੰਘ, ਸਹਾਇਕ ਕਮਿਸ਼ਨਰ ਸੁਖਪਾਲ ਸਿੰਘ, ਜ਼ਿਲ੍ਹਾ ਸਿੱਖਿਆ ਅਫਸਰ ਸਰਬਜੀਤ ਸਿੰਘ ਤੂਰ,  ਜ਼ਿਲ੍ਹਾ ਖੇਡ ਅਫ਼ਸਰ ਰਣਬੀਰ ਸਿੰਘ ਭੰਗੂ, ਖੇਡ ਕੋਚ ਗੁਰਵਿੰਦਰ ਕੌਰ, ਬਰਿੰਦਰਜੀਤ ਕੌਰ, ਮਲਕੀਅਤ ਸਿੰਘ, ਸਿਮਰਪ੍ਰੀਤ ਸਿੰਘ, ਖੇਡ ਮੰਤਰੀ ਦੇ ਓਐਸਡੀ ਹੁਸਨਪ੍ਰੀਤ ਭਾਰਦਵਾਜ, ਇਸ਼ਵਿੰਦਰ ਸਿੰਘ ਜੰਡੂ, ਪਰਮਿੰਦਰ ਭੰਗੂ, ਰਾਮ ਤੀਰਥ ਮੰਨਾ ਤੇ ਹੋਰ ਪਤਵੰਤੇ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।


Spread the love
Scroll to Top