PUNJAB ‘ਚ ਗਾਂਜੇ ਦੀ ਸਭ ਤੋਂ ਭਾਰੀ ਰਿਕਵਰੀ ਤੇ ਅਦਾਲਤ ਦੀ ਮਿਸਾਲੀ ਸਜ਼ਾ

Spread the love

ਹਰਿੰਦਰ ਨਿੱਕਾ , ਬਰਨਾਲਾ 24 ਸਤੰਬਰ 2022

    ਪੰਜਾਬ ਅੰਦਰ ਗਾਂਜੇ ਦੀ ਸਭ ਤੋਂ ਵੱਡੀ ਰਿਕਵਰੀ 9 ਕੁਇੰਟਲ 10 ਕਿਲੋਗ੍ਰਾਮ ਦੇ ਕੇਸ ਦੀ ਮਾਨਯੋਗ ਅਦਾਲਤ ਵਿੱਚ ਕਰੀਬ 58 ਮਹੀਨੇ ਚੱਲੀ ਸੁਣਵਾਈ ਤੋਂ ਬਾਅਦ 4 ਨਾਮਜ਼ਦ ਦੋਸ਼ੀਆਂ ਨੂੰ 10/10 ਸਾਲ ਦੀ ਸਖਤ ਸਜ਼ਾ ਅਤੇ 1/1 ਲੱਖ ਰੁਪਏ ਦਾ ਜੁਰਮਾਨਾ ਕੀਤਾ ਹੈ। ਅਦਾਲਤ ਵੱਲੋਂ ਇਸ ਕੇਸ ਵਿੱਚ ਨਾਮਜ਼ਦ ਇੱਕ ਦੋਸ਼ੀ ਨੂੰ ਰਿਹਾ ਵੀ ਕੀਤਾ ਹੈ ਅਤੇ 3 ਹੋਰ ਨਾਮਜ਼ਦ ਦੋਸ਼ੀਆਂ ਨੂੰ ਭਗੌੜਾ ਵੀ ਕਰਾਰ ਦਿੱਤਾ ਗਿਆ ਹੈ। ਇਹ ਬਹੁਚਰਚਿਤ ਕੇਸ 14 ਜਨਵਰੀ 2018 ਵਿੱਚ ਥਾਣਾ ਮਹਿਲ ਕਲਾਂ ਵਿਖੇ ਦਰਜ਼ ਕੀਤਾ ਗਿਆ ਸੀ ਤੇ ਸਾਰੇ ਦੋਸ਼ੀਆਂ ਨੂੰ ਸੀ.ਆਈ.ਏ. ਦੇ ਇੰਚਾਰਜ ਬਲਜੀਤ ਸਿੰਘ ਦੀ ਅਗਵਾਈ ਵਿੱਚ ਪੁਲਿਸ ਪਾਰਟੀ ਨੇ ਇੱਕ ਟਰੱਕ ਸਣੇ ਗਿਰਫਤਾਰ ਕੀਤਾ ਸੀ, ਜਿਸ ਵਿੱਚੋਂ ਗਾਂਜੇ ਦੀ ਭਾਰੀ ਰਿਕਵਰੀ ਹੋਈ ਸੀ।

ਕੀ ਕਹਿੰਦੀ ਹੈ FIR ਨੰਬਰ 6

  ਮੁੱਖ ਅਫਸਰ ਥਾਣਾ ਮਹਿਲ ਕਲਾ ਨੂੰ ਸੀ.ਆਈ.ਏ. ਇੰਚਾਰਜ ਐਸ.ਆਈ. ਹੁਣ ਇੰਸਪੈਕਟਰ ਬਲਜੀਤ ਸਿੰਘ ਨੇ ਜਾਣਕਾਰੀ ਦਿੱਤੀ ਸੀ ਕਿ ਉਹ ਸਮੇਤ ASI ਰਣਜੀਤ ਸਿੰਘ, ASI ਗੁਰਬਚਨ ਸਿੰਘ, ASI ਟੇਕ ਚੰਦ, ਹੌਲਦਾਰ ਬਲਕਰਨ ਸਿੰਘ, ਹੌਲਦਾਰ ਨਾਇਬ ਸਿੰਘ , ਹੌਲਦਾਰ ਯਾਦਵਿੰਦਰ ਸਿੰਘ, ਸੀ-2 ਜਗਜੀਵਨ ਸਿੰਘ, ਸੀ-2 ਸੁਖਵੀਰ ਸਿੰਘ, ਸਿਪਾਹੀ ਦਲਜੀਤ ਸਿੰਘ ਦੇ ਬਾ ਸਵਾਰੀ ਸਰਕਾਰੀ ਗੱਡੀ ਦਾ ਡਰਾਈਵਰ ਸਿਪਾਹੀ ਰਮਨਦੀਪ ਸਿੰਘ ਬਾ ਸਿਲਸਿਲਾ ਗਸਤ ਬਾ ਚੈਕਿੰਗ ਸੱਕੀ ਪੁਰਸ਼ਾਂ ਦੇ ਸਬੰਧ ਵਿੱਚ ਮੁੱਖ ਸੜਕ ਬਰਨਾਲਾ ਤੋਂ ਲੁਧਿਆਣਾ ਡਰੇਨ ਪੁਲ ਬਾ ਹੱਦ ਮਹਿਲ ਕਲਾਂ ਮੌਜੂਦ ਸੀ। ਉਨਾਂ ਨੂੰ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਜਰਨੈਲ ਸਿੰਘ ਉਰਫ ਭੋਲਾ ਵਾਸੀ ਰੰਗੀਆ ਕੋਠੇ ਬਰਨਾਲਾ, ਰੇਸਮ ਸਿੰਘ ਵਾਸੀ ਗਰਚਾ ਰੋਡ ਬਰਨਾਲਾ, ਕੁਲਵਿੰਦਰ ਸਿੰਘ ਉਰਫ ਲਾਡੀ ਵਾਸੀ ਬਰਨਾਲਾ, ਹਰਜੀਤ ਸਿੰਘ ਵਾਸੀ ਰਾਏਕੋਟ ਰੋਡ ਬਰਨਾਲਾ ਅਤੇ ਬਲਕਾਰ ਸਿੰਘ ਉਰਫ ਸਨੀ ਵਾਸੀ ਅਪਰਾ , ਜਿਲ੍ਹਾ ਲੁਧਿਆਣਾ ਨੇ ਆਪਣੇ ਹੋਰ ਸਾਥੀਆਂ ਨਾਲ ਮਿਲ ਕੇ ਇੱਕ ਗੈਂਗ ਬਣਾਇਆ ਹੋਇਆ ਹੈ । ਇਹ ਗੈਂਗ ਆਪਣੇ ਟਰੱਕ ਰਾਂਹੀ ਬਾਹਰਲੀਆਂ ਸਟੇਟਾਂ ਤੋਂ ਗਾਂਜਾ ਵੱਡੀ ਮਾਤਰਾ ਵਿੱਚ ਲਿਆ ਕਿ ਵੇਚਦੇ ਹਨ। ਅੱਜ ਵੀ ਇਹ ਸਾਰੇ ਵਿਆਕਤੀ ਆਪਣੇ ਟਰੱਕ ਨੰਬਰ HR-37C 6085 ਵਿੱਚ ਭਾਰੀ ਮਾਤਰਾ ਵਿੱਚ ਗਾਂਜਾ ਲਿਆ ਕੇ ਮਹਿਲ ਕਲਾਂ ਇਲਾਕੇ ਵਿੱਚ ਉਤਰਾਨ ਦੀ ਤਾਕ ਵਿੱਚ ਹਨ। ਜੇਕਰ ਇੱਥੇ ਹੀ ਨਾਕਾ ਬੰਦੀ ਕਰਕੇ ਵਹੀਕਲਾ ਦੀ ਚੈਕਿੰਗ ਕੀਤੀ ਜਾਵੇ ਤਾਂ ਇਹ ਸਾਰੇ ਵਿਆਕਤੀ ਟਰੱਕ ਵਿੱਚ ਲੋਡ ਗਾਂਜੇ ਸਮੇਤ ਕਾਬੂ ਆ ਸਕਦੇ ਹਨ । ਇਹਨਾਂ ਪਾਸੋਂ ਵੱਡੀ ਮਾਤਰਾ ਵਿੱਚ ਗਾਂਜਾ ਮਿਲ ਸਕਦਾ ਹੈ। ਇਤਲਾਹ ਸੱਚੀ ਅਤੇ ਭਰੋਸੇਯੋਗ ਹੋਣ ਤੇ ਨਾਮਜ਼ਦ ਦੋਸ਼ੀਆਂ ਖਿਲਾਫ ਅਧੀਨ ਜੁਰਮ 20,25,29-61-85 ND&PS ACTਤਹਿਤ , ਥਾਣਾ ਮਹਿਲ ਕਲਾਂ ਵਿਖੇ ਕੇਸ ਦਰਜ਼ ਕੀਤਾ ਗਿਆ।

     ਸੀ.ਆਈ.ਏ. ਇੰਚਾਰਜ ਬਲਜੀਤ ਸਿੰਘ ਨੇ ਪੁਲਿਸ ਪਾਰਟੀ ਸਣੇ , ਜਰਨੈਲ ਸਿੰਘ ਭੋਲਾ, ਕੁਲਵਿੰਦਰ ਸਿੰਘ ਲਾਡੀ, ਬਲਕਾਰ ਸਿੰਘ ਸਨੀ ਅੱਪਰਾ, ਰੇਸ਼ਮ ਸਿੰਘ ਪੂਹਲਾ ਬਸਤੀ, ਹਰਦੀਪ ਸਿੰਘ ਨੂੰ ਗਿਰਫਤਾਰ ਕਰ ਲਿਆ । ਦੋਸ਼ੀਆਂ ਦੇ ਕਬਜ਼ੇ ਵਿੱਚੋਂ ਟਰੱਕ ਵਿੱਚ ਲੱਦਿਆ 9 ਕੁਇੰਟਲ 10 ਕਿੱਲੋਗ੍ਰਾਮ ਗਾਂਜਾ ਵੀ ਬਰਾਮਦ ਕਰ ਲਿਆ । ਭਾਰੀ ਰਿਕਵਰੀ ਹੋਣ ਕਾਰਣ ਮੌਕੇ ਤੇ ਡੀਐਸਪੀ ਜਸਵੀਰ ਸਿੰਘ ਨੂੰ ਬਲਾਇਆ ਗਿਆ । ਜਿਹੜੇ ਇੱਨ੍ਹੀਂ ਦਿਨੀਂ ਐਸ.ਪੀ. ਐਚ. ਸੰਗਰੂਰ ਤਾਇਨਾਤ ਹਨ। ਪੁਲਿਸ ਨੇ ਦੌਰਾਨ ਏ ਤਫਤੀਸ਼ , ਸਰਬਜੀਤ ਸਿੰਘ ਕਾਲਾ ਉੱਭਾਵਾਲ, ਅਮਨ ਸਿੰਘ ਅਮਨਾ ਨਿਹੰਗ ਵਾਸੀ ਬੱਬਣਪੁਰ ਅਤੇ ਸੰਦੀਪ ਸਿੰਘ ਪੋਪੀ ਦੋਲਤਪੁਰ , ਧੂਰੀ ਨੂੰ ਵੀ ਦੋਸ਼ੀ ਨਾਮਜਦ ਕੀਤਾ ਗਿਆ। ਮਾਨਯੋਗ ਅਦਾਲਤ ਵਿੱਚ ਚਲਾਨ ਪੇਸ਼ ਹੋਣ ਉਪਰੰਤ ਸੁਣਵਾਈ ਚੱਲਦੀ ਰਹੀ। ਆਖਿਰ ਲੰਬੀ ਚੱਲੀ ਸੁਣਵਾਈ ਤੋਂ ਬਾਅਦ ਮਾਨਯੋਗ ਦਵਿੰਦਰ ਕੁਮਾਰ ਗੁਪਤਾ, ਐਡੀਸ਼ਨਲ ਸ਼ੈਂਸ਼ਨ ਜੱਜ ਸਪੈਸ਼ਲ ਅਦਾਲਤ ਬਰਨਾਲਾ ਨੇ ਐਡੀਸ਼ਨਲ ਡੀ.ਏ. ਵਿਕਾਸ ਗਰਗ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਨਾਮਜ਼ਦ ਦੋਸ਼ੀ ਜਰਨੈਲ ਸਿੰਘ ਭੋਲਾ, ਕੁਲਵਿੰਦਰ ਸਿੰਘ ਲਾਡੀ, ਬਲਕਾਰ ਸਿੰਘ ਸਨੀ ਅੱਪਰਾ, ਰੇਸ਼ਮ ਸਿੰਘ ਪੂਹਲਾ ਬਸਤੀ ਨੂੰ 10/10 ਸਾਲ ਦੀ ਸਖਤ ਸਜ਼ਾ ਅਤੇ 1/1 ਲੱਖ ਰੁਪਏ ਦੇ ਜੁਰਮਾਨੇ ਦੀ ਸਜ਼ਾ ਸੁਣਾ ਦਿੱਤੀ । ਜਦੋਂਕਿ ਅਦਾਲਤ ਨੇ ਹਰਦੀਪ ਸਿੰਘ ਰਾਏਕੋਟ ਰੋਡ ਬਰਨਾਲਾ ਦੇ ਵਕੀਲ ਦੀਆਂ ਦਲੀਲਾਂ ਨਾਲ ਸਹਿਮਤ ਹੋ ਕੇ, ਉਸ ਨੂੰ ਬਰੀ ਕਰ ਦਿੱਤਾ। ਅਦਾਲਤ ਨੇ ਤਿੰਨ ਹੋਰ ਨਾਮਜਦ ਦੋਸ਼ੀਆਂ ਸਰਬਜੀਤ ਕਾਲਾ ਉੱਭਾਵਾਲ , ਅਮਨਾ ਨਿਹੰਗ ਬੱਬਣਪੁਰ ਅਤੇ ਸੰਦੀਪ ਪੋਪੀ ਦੌਲਤਪੁਰ , ਧੂਰੀ ਨੂੰ ਭਗੌੜਾ ਕਰਾਰ ਦੇ ਦਿੱਤਾ ਹੈ ।


Spread the love
Scroll to Top