ਵਿਜੀਲੈਂਸ ਨੇ ਫੜ੍ਹਿਆ EX ਮੰਤਰੀ ਸੰਗਤ ਸਿੰਘ ਗਿਲਜੀਆ ਦਾ ਰਾਜਦਾਰ, IFS ਅਫ਼ਸਰ

Spread the love

ਅਨੁਭਵ ਦੂਬੇ , ਚੰਡੀਗੜ੍ਹ, 27 ਸਤੰਬਰ 2022

     ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਵਧੇਰੇ ਸਰਗਰਮੀ ਵਿੱਢਣ ਵਾਲੇ ਵਿਜੀਲੈਂਸ ਬਿਊਰੋ ਦੀ ਟੀਮ ਨੇ ਅੱਜ ਫਿਰ ਆਈ.ਐਫ.ਐਸ ਅਫਸਰ ਪਰਵੀਨ ਕੁਮਾਰ ਨੂੰ ਗ੍ਰਿਫਤਾਰ ਕਰ ਲਿਆ ਹੈ। ਬੁਲਾਰੇ ਅਨੁਸਾਰ ਪਰਵੀਨ ਕੁਮਾਰ, ਆਈ.ਐਫ.ਐਸ. ਜੰਗਲਾਤ ਵਿਭਾਗ ਵਿੱਚ ਸੀ.ਈ.ਓ., ਪਨਕੈਂਪਾ ਅਤੇ ਨੋਡਲ ਅਫ਼ਸਰ ਵੀ ਰਹਿ ਚੁੱਕੇ ਹਨ। ਉਨ੍ਹਾਂ  ਨੂੰ ਸੰਗਤ ਸਿੰਘ ਗਿਲਜੀਆਂ ਦੇ 26/9/2021 ਨੂੰ ਜੰਗਲਾਤ ਮੰਤਰੀ ਬਣਨ ਤੋਂ ਬਾਅਦ, ਅਕਤੂਬਰ 2021 ਵਿੱਚ ਪੀ.ਸੀ.ਸੀ.ਐਫ. ਦਾ ਚਾਰਜ ਵੀ ਦਿੱਤਾ ਗਿਆ ਸੀ।                                                                                       

      ਮੁੱਢਲੀ ਪੜਤਾਲ ਦੌਰਾਨ ਪਰਵੀਨ ਕੁਮਾਰ ਨੇ ਵਿਜੀਲੈਂਸ ਬਿਊਰੋ ਅੱਗੇ ਇੰਕਸ਼ਾਫ ਕੀਤਾ ਹੈ ਕਿ ਸੰਗਤ ਸਿੰਘ ਗਿਲਜੀਆਂ ਨੇ ਉਸ ਨੂੰ ਦੱਸਿਆ ਸੀ ਕਿ ਵਿਧਾਨ ਸਭਾ ਚੋਣਾਂ ਵਿੱਚ ਉਸ ਦਾ ਵਿਰੋਧੀ ਇੱਕ ਅਮੀਰ ਵਿਅਕਤੀ ਹੈ । ਜਿਸ ਕੋਲ ਅਮਰੀਕਾ ਤੋਂ ਵਿੱਤੀ ਬੈਕਅੱਪ ਹੈ ਅਤੇ ਇਸ ਲਈ ਉਸ ਨੂੰ ਚੋਣ ਲੜਨ ਲਈ ਹੋਰ ਵਾਧੂ ਪੈਸੇ ਦੀ ਵੀ ਲੋੜ ਹੈ। ਅੱਗੇ ਮੰਤਰੀ ਨੇ ਉਨ੍ਹਾਂ ‘ਤੇ ਵੱਖ-ਵੱਖ ਸਰਕਾਰੀ ਗਤੀਵਿਧੀਆਂ ਲਈ ਵਿਭਾਗ ਦੇ ਫੰਡਾਂ ਵਿੱਚੋਂ ਫੰਡਾਂ ਦਾ ਪ੍ਰਬੰਧ ਕਰਨ ਲਈ ਵੀ ਦਬਾਅ ਪਾਇਆ ਸੀ ।

      ਤਤਕਾਲੀ ਮੰਤਰੀ ਗਿਲਜੀਆ ਦੇ ਹੁਕਮਾਂ ਤੇ ਫੁੱਲ ਚੜ੍ਹਾਉਂਦਿਆਂ ਪਰਵੀਨ ਕੁਮਾਰ ਨੇ ਮੰਤਰੀ ਦੇ ਭਤੀਜੇ ਦਲਜੀਤ ਸਿੰਘ ਗਿਲਜੀਆਂ ਨਾਲ ਸਾਜ਼ਿਸ਼ ਰਚੀ ਅਤੇ ਦਲਜੀਤ ਗਿਲਜੀਆਂ ਤੇ ਵਿਪੁਲ ਸਹਿਗਲ ਨੂੰ ਵਿਸ਼ਾਲ ਚੌਹਾਨ, IFS, CF ਨਾਲ ਮਿਲਾਇਆ ਅਤੇ ਉਨ੍ਹਾਂ ਨੂੰ ਕਿਹਾ ਕਿ ਉਹ ਉਨ੍ਹਾਂ ਦੀ ਮਦਦ ਕਰਨ ਤੇ ਵਿਭਾਗ ਨੂੰ ਬਿਨਾਂ ਕਿਸੇ ਟੈਂਡਰ/ਕੋਟੇਸ਼ਨ ਦੇ ਜਾਂ ਸਰਕਾਰ ਦੇ ਨਿਯਮਾਂ ਅਨੁਸਾਰ ਜੇਮ ਪੋਰਟਲ ਤੋਂ ਟ੍ਰੀਗਾਰਡ ਸਪਲਾਈ ਕਰੋ। ਨਤੀਜੇ ਵਜੋਂ, ਨਿਤਿਨ ਬਾਂਸਲ, ਬਿੰਦਰ ਸਿੰਘ, ਸਚਿਨ ਮਹਿਤਾ, ਵਿਪੁਲ ਸਹਿਗਲ ਅਤੇ ਹੋਰ ਸਾਥੀਆਂ ਵੱਲੋਂ ਮਿਲ ਕੇ ਟ੍ਰੀਗਾਰਡਾਂ ਦੀ ਖਰੀਦ ਦੀ ਆੜ ਹੇਠ ਕਰੋੜਾਂ ਰੁਪਏ ਦਾ ਗਬਨ ਕੀਤਾ ਗਿਆ।

     ਬੁਲਾਰੇ ਨੇ ਅੱਗੇ ਦੱਸਿਆ ਕਿ ਸੰਗਤ ਸਿੰਘ ਗਿਲਜੀਆਂ ਅਤੇ ਪਰਵੀਨ ਕੁਮਾਰ ਵੱਲੋਂ ਲਾਭਪਾਤਰੀਆਂ ਤੋਂ ਪੈਸੇ ਲੈ ਕੇ ਪੰਜਾਬ ਵਿੱਚ ਚੋਣ ਜ਼ਾਬਤਾ ਲਾਗੂ ਹੋਣ ਤੋਂ ਇੱਕ ਦਿਨ ਪਹਿਲਾਂ 7/1/2022 ਨੂੰ 23 ਕਾਰਜਕਾਰੀ ਫੀਲਡ ਅਧਿਕਾਰੀਆਂ ਦੇ ਤਬਾਦਲੇ ਦੇ ਹੁਕਮ ਜਾਰੀ ਕਰਨ ਲਈ ਵੀ ਨਿਰਧਾਰਤ ਮਾਪਦੰਡਾਂ ਨੂੰ ਨਜ਼ਰਅੰਦਾਜ਼ ਕੀਤਾ ਗਿਆ । ਵਿਜੀਲੈਂਸ ਬਿਊਰੋ ਦੇ ਬੁਲਾਰੇ ਅਨੁਸਾਰ ਪਰਵੀਨ ਕੁਮਾਰ ਦੀ ਪੰਜਾਬ ਦੇ ਵੱਖ-ਵੱਖ ਵਪਾਰਕ ਅਦਾਰਿਆਂ ਦੇ ਐਨ.ਓ.ਸੀ. ਸਬੰਧੀ ਕੇਸ ਪਾਸ ਕਰਨ ਦੇ ਬਦਲੇ ਨਜਾਇਜ਼ ਪੈਸੇ ਲੈਣ ਦੇ ਭੇਦ ਵੀ ਖੁੱਲ੍ਹ ਕੇ ਆ ਰਹੇ ਹਨ।


Spread the love
Scroll to Top