ਲੋੜਵੰਦ ਬੱਚੇ ਪੜ੍ਹਾਓ ਦੇਸ਼ ਖ਼ੁਸ਼ਹਾਲ ਬਣਾਓ ਡਿਪਟੀ ਕਮਿਸ਼ਨਰ ਨੇ ‘ਮਸਤੀ ਦੀ ਪਾਠਸ਼ਾਲਾ’ ਦੇ ਬੱਚਿਆਂ ਨਾਲ ਬਿਤਾਇਆ ਸਮਾਂ

Spread the love

ਲੋੜਵੰਦ ਬੱਚੇ ਪੜ੍ਹਾਓ ਦੇਸ਼ ਖ਼ੁਸ਼ਹਾਲ ਬਣਾਓ
ਡਿਪਟੀ ਕਮਿਸ਼ਨਰ ਨੇ ‘ਮਸਤੀ ਦੀ ਪਾਠਸ਼ਾਲਾ’ ਦੇ ਬੱਚਿਆਂ ਨਾਲ ਬਿਤਾਇਆ ਸਮਾਂ

ਪਟਿਆਲਾ, 9 ਅਕਤੂਬਰ (ਰਾਜੇਸ਼ ਗੌਤਮ)

ਪਟਿਆਲਾ ਵਿਖੇ ਪਿਛਲੇ 25 ਸਾਲਾਂ ਤੋਂ ਸਲੱਮ ਬਸਤੀਆਂ ਦੇ ਬੱਚਿਆਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰਨ ਤੇ ਉੱਚ ਦਰਜੇ ਦੀਆਂ ਕਦਰਾਂ ਕੀਮਤਾਂ ਦੇ ਧਾਰਨੀ ਬਣਾਉਣ ਲਈ ਚਲਾਈ ਜਾ ਰਹੀ ‘ਮਸਤੀ ਦੀ ਪਾਠਸ਼ਾਲਾ’ ਵਿੱਚ ਆਰਟ ਐਂਡ ਕਰਾਫ਼ਟ ਵਰਕਸ਼ਾਪ ਕਰਵਾਈ ਗਈ ਤੇ ਬੱਚਿਆਂ ਨੂੰ ਤਿਉਹਾਰਾਂ ਦੀ ਮਹੱਤਤਾ ਤੋਂ ਜਾਣੂ ਕਰਵਾਉਣ ਲਈ ਦੁਸਹਿਰਾ ਮਨਾਇਆ ਗਿਆ। ਇਸ ਸਮਾਗਮ ਵਿੱਚ ਵਿਸ਼ੇਸ਼ ਤੌਰ ਉਤੇ ਸ਼ਾਮਲ ਹੋਏ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਬੱਚਿਆਂ ਨਾਲ ਸਮਾਂ ਬਿਤਾਇਆ ਤੇ ਬੱਚਿਆਂ ਵੱਲੋਂ ਤਿਆਰ ਕੀਤੀਆਂ ਵਸਤਾਂ ਲਈ ਉਨ੍ਹਾਂ ਦੀ ਹੌਸਲਾ ਅਫ਼ਜ਼ਾਈ ਕੀਤੀ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਈਸ਼ਾ ਸਿੰਘਲ ਤੇ ਡੀ.ਡੀ.ਐਫ. ਪ੍ਰਿਆ ਸਿੰਘ ਵੀ ਮੌਜੂਦ ਸਨ।
ਡਿਪਟੀ ਕਮਿਸ਼ਨਰ ਨੇ ‘ਮਸਤੀ ਦੀ ਪਾਠਸ਼ਾਲਾ’ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੀ ਬੱਚਿਆਂ ਦੀ ਭਲਾਈ ਲਈ ਚਲਾਏ ਜਾ ਰਹੇ ‘ਮੇਰਾ ਬਚਪਨ’ ਪ੍ਰਾਜੈਕਟ ਨੂੰ ‘ਮਸਤੀ ਦੀ ਪਾਠਸ਼ਾਲਾ’ ਨਾਲ ਜੋੜਿਆ ਗਿਆ ਹੈ ਜਿਸ ਦਾ ਮਕਸਦ ਬੱਚਿਆਂ ਨੂੰ ਪੜ੍ਹਾਈ ਦੇ ਨਾਲ ਨਾਲ ਸਹਿ ਵਿੱਦਿਅਕ ਗਤੀਵਿਧੀਆਂ ਨਾਲ ਜੋੜਨਾ ਹੈ। ਉਨ੍ਹਾਂ ਕਿਹਾ ਕਿ ਅੱਜ ਬੱਚਿਆਂ ਵੱਲੋਂ ਆਰਟ ਐਂਡ ਕਰਾਫ਼ਟ ਰਾਹੀਂ ਵੱਖ ਵੱਖ ਵਸਤੂਆਂ ਬਣਾਈਆਂ ਗਈਆਂ ਹਨ ਤੇ ਦੁਸਹਿਰਾ ਮਨਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਉਪਰਾਲਾ ਮੁੱਖ ਤੌਰ ਉਤੇ ਉਨ੍ਹਾਂ ਬੱਚਿਆਂ ਨੂੰ ਬਚਪਨ ਦੀਆਂ ਖੁਸ਼ੀਆਂ ਦੇਣਾ ਹੈ ਜੋ ਅਜਿਹੇ ਪਲਾਂ ਤੋਂ ਵਾਂਝੇ ਰਹਿ ਜਾਂਦੇ ਹਨ। ਉਨ੍ਹਾਂ ਕਿਹਾ ਕਿ ‘ਮਸਤੀ ਦੀ ਪਾਠਸ਼ਾਲਾ’ ਨੂੰ ਹੋਰ ਬਿਹਤਰ ਕਰਨ ਲਈ ਉਪਰਾਲੇ ਕੀਤੇ ਜਾ ਰਹੇ ਹਨ।
ਇਸ ਮੌਕੇ ‘ਮਸਤੀ ਦੀ ਪਾਠਸ਼ਾਲਾ’ ਦੇ ਸੰਸਥਾਪਕ ਰਾਜਪਾਲ ਕੌਰ ਨੇ ਦੱਸਿਆ ਕਿ ਸੰਸਥਾ ਵੱਲੋਂ ਇਥੇ ਬੱਚਿਆਂ ਨਾਲ ਹਰੇਕ ਤਿਉਹਾਰ ਮਨਾਇਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇਥੇ ਛੋਟੇ ਬੱਚਿਆਂ ਨੂੰ ਪਹਿਲਾਂ ਸਕੂਲ ਲਈ ਤਿਆਰ ਕੀਤਾ ਜਾਂਦਾ ਹੈ ਤੇ ਫੇਰ ਸਕੂਲ ਵਿਚ ਦਾਖਲਾ ਕਰਵਾਉਣ ਤੋਂ ਬਾਅਦ ਸ਼ਾਮ ਸਮੇਂ ਹੋਮ ਵਰਕ ਕਰਵਾਉਣ ਸਮੇਤ ਕਾਪੀ, ਪੈਨਸਲ ਤੇ ਹੋਰ ਸਕੂਲ ਲਈ ਲੋੜੀਂਦਾ ਸਮਾਨ ਉਪਲਬਧ ਕਰਵਾਇਆ ਜਾਂਦਾ ਹੈ।
ਸਮਾਜ ਸੇਵੀ ਪਵਨ ਗੋਇਲ ਨੇ ਦੱਸਿਆ ਕਿ ‘ਮਸਤੀ ਦੀ ਪਾਠਸ਼ਾਲਾ’ ਵਿੱਚ 70 ਦੇ ਕਰੀਬ ਬੱਚੇ ਵਿੱਦਿਆ ਹਾਸਲ ਕਰ ਰਹੇ ਹਨ ਤੇ ਇਨ੍ਹਾਂ ਨੂੰ ਪੜ੍ਹਾਈ ਦੇ ਨਾਲ ਨਾਲ ਨੈਤਿਕ ਕਦਰਾਂ ਕੀਮਤਾਂ ਦੇ ਧਾਰਨੀ ਬਣਾਉਣ ਸਮੇਤ ਸਹਿ ਵਿੱਦਿਅਕ ਗਤੀਵਿਧੀਆਂ ਵੀ ਕਰਵਾਈਆਂ ਜਾਂਦੀਆਂ ਹਨ। ਉਨ੍ਹਾਂ ਦੱਸਿਆ ਕਿ ਇਥੋਂ ਪੜ੍ਹੇ ਬੱਚੇ ਜ਼ਿੰਦਗੀ ਵਿੱਚ ਕਾਮਯਾਬ ਹੋ ਰਹੇ ਹਨ।
ਇਸ ਮੌਕੇ ਸੁਦਰਸ਼ਨ ਗੁਪਤਾ, ਮਮਤਾ ਗੋਇਲ ਤੇ ਇਨਰ ਵੀਲ ਪਟਿਆਲਾ ਸ਼ਾਹੀ ਦੀ ਟੀਮ ਮੈਂਬਰ, ਉਪਕਾਰ ਸਿੰਘ, ਸ੍ਰੀਅੰਗ ਗਰਗ, ਗੁਰਵਿੰਦਰ ਕੌਰ, ਡਾ. ਮੰਨੂ, ਬਲਜਿੰਦਰ ਠਾਕੁਰ, ਡਾ. ਪ੍ਰੇਮ ਸਿੰਗਲਾ, ਮੰਜੂ, ਸਜਨੀ, ਕਿਰਪਾਲ ਕੌਰ, ਨਵਨੀਤ ਕੌਰ, ਜਸਬੀਰ ਕੌਰ, ਪੂਜਾ ਸ਼ਾਰਦਾ ਵੀ ਮੌਜੂਦ ਸਨ।


Spread the love
Scroll to Top