ਪੰਜਾਬ & ਸਿੰਧ ਬੈਂਕ ਨੇ ਵਿਜੀਲੈਂਸ ਬਿਊਰੋ ਨਾਲ ਮਿਲਕੇ ਕਰਵਾਇਆ ਭ੍ਰਿਸ਼ਟਾਚਾਰ ਵਿਰੋਧੀ ਜਾਗਰੂਕਤਾ ਸਮਾਰੋਹ

Spread the love

ਪੰਜਾਬ ਦੀ ਇਮਾਨਦਾਰ ਭਗਵੰਤ ਮਾਨ ਸਰਕਾਰ ਨੇ ਭ੍ਰਿਸ਼ਟਾਰੀਆਂ ਨੂੰ ਨੱਥ ਪਾਈ-ਬਲਤੇਜ ਪੰਨੂ

ਭ੍ਰਿਸ਼ਟਾਚਾਰ ਨੇ ਸਮਾਜ ਨੂੰ ਸਿਊਂਕ ਵਾਂਗ ਖਾਧਾ-ਐਸ.ਐਸ.ਪੀ

ਸਮਾਰਟ ਸਕੂਲ ਫੀਲਖ਼ਾਨਾ, ਸਿਵਲ ਲਾਈਨ, ਮਾਡਲ ਟਾਊਨ ਤੇ ਨਿਊ ਪਾਵਰ ਹਾਊਸ ਕਲੋਨੀ ਦੇ ਵਿਦਿਆਰਥੀਆਂ ਦੇ ਨਾਟਕ ਤੇ ਭਾਸ਼ਣ ਮੁਕਾਬਲੇ


ਰਿਚਾ ਨਾਗਪਾਲ , ਪਟਿਆਲਾ, 4 ਨਵੰਬਰ 2022
     ਪੰਜਾਬ ਐਂਡ ਸਿੰਧ ਬੈਂਕ ਨੇ ਵਿਜੀਲੈਂਸ ਬਿਊਰੋ ਰੇਂਜ ਪਟਿਆਲਾ ਦੇ ਸਹਿਯੋਗ ਨਾਲ ਭ੍ਰਿਸ਼ਟਾਚਾਰ ਵਿਰੋਧੀ ਜਾਗਰੂਕਤਾ ਹਫ਼ਤੇ ਨੂੰ ਸਮਰਪਿਤ ਇੱਕ ਸਮਾਰੋਹ ਇੱਥੇ ਸਰਕਾਰੀ ਬਿਕਰਮ ਕਾਲਜ ਆਫ਼ ਕਾਮਰਸ ਵਿਖੇ ਕਰਵਾਇਆ। ਇਸ ਮੌਕੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਦੇ ਭਾਸ਼ਣ ਅਤੇ ਨਾਟਕ ਮੁਕਾਬਲੇ ਕਰਵਾਏ ਗਏ, ਜਿਸ ਵਿੱਚ ਸਰਕਾਰੀ ਸਮਾਰਟ ਸਕੂਲ ਫੀਲਖ਼ਾਨਾ, ਸਿਵਲ ਲਾਈਨ, ਮਾਡਲ ਟਾਊਨ ਅਤੇ ਨਿਊ ਪਾਵਰ ਹਾਊਸ ਕਲੋਨੀ ਦੇ ਵਿਦਿਆਰਥੀਆਂ ਨੇ ਹਰ ਤਰ੍ਹਾਂ ਦੇ ਭ੍ਰਿਸ਼ਟਾਚਾਰ, ਸਿਫ਼ਾਰਸ਼ਾਂ ਅਤੇ ਰਿਸ਼ਵਤਖੋਰੀ ਦੇ ਵਿਰੁਧ ਬੁਲੰਦ ਆਵਾਜ ‘ਚ ਸੁਨੇਹਾ ਦਿੱਤਾ। ਜਦੋਂਕਿ ਬੈਂਕ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਵੀ ਭ੍ਰਿਸ਼ਟਾਚਾਰ ਮੁਕਤ ਸਮਾਜ ਸਿਰਜਣ ਦਾ ਸੁਨੇਹਾ ਦਿੰਦਾ ਇੱਕ ਨਾਟਕ ਪੇਸ਼ ਕੀਤਾ।                                                   
ਸਮਾਰੋਹ ‘ਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਮੁੱਖ ਮੰਤਰੀ ਦਫ਼ਤਰ ਦੇ ਡਾਇਰੈਕਟਰ ਮੀਡੀਆ ਰਿਲੇਸ਼ਨਜ਼ ਬਲਤੇਜ ਪੰਨੂ ਨੇ ਕਿਹਾ ਕਿ ਸਾਡੀ ਖੁਸ਼ਕਿਸਮਤੀ ਹੈ ਕਿ ਪੰਜਾਬ ਦੀ ਇਮਾਨਦਾਰ ਸਰਕਾਰ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਭ੍ਰਿਸ਼ਟਾਚਾਰੀਆਂ ਨੂੰ ਨੱਥ ਪਾਈ ਹੈ। ਬਲਤੇਜ ਪੰਨੂ ਨੇ ਪੰਜਾਬ ‘ਚੋਂ ਬ੍ਰੇਨ ਡ੍ਰੇਨ ਅਤੇ ਮਨੀ ਡ੍ਰੇਨ ਹੋਣ ‘ਤੇ ਚਿੰਤਾ ਜਾਹਰ ਕਰਦਿਆਂ ਕਿਹਾ ਕਿ ਭਗਵੰਤ ਮਾਨ ਸਰਕਾਰ ਨੇ ਭ੍ਰਿਸ਼ਟ ਹੋ ਚੁੱਕੇ ਸਿਸਟਮ ਨੂੰ ਬਦਲਣ ਦਾ ਬੀੜਾ ਉਠਾਇਆ ਹੈ। ਬਲਤੇਜ ਪੰਨੂ ਨੇ ਵਿਦਿਆਰਥੀਆਂ ਵੱਲੋਂ ਪੇਸ਼ ਕੀਤੇ ਗਏ ਨਾਟਕਾਂ ਤੇ ਭਾਸ਼ਣਾਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਭ੍ਰਿਸ਼ਟਾਚਾਰ ਵਿਰੁੱਧ ਜਾਗਰੂਕਤਾ ਤੇ ਆਵਾਜਾਈ ਨੇਮਾਂ ਨੂੰ ਸਿਲੇਬਸ ਦਾ ਹਿੱਸਾ ਬਣਾਇਆ ਜਾਣਾ ਚਾਹੀਦਾ ਹੈ।                                             
ਐਸ.ਐਸ.ਪੀ. ਵਿਜੀਲੈਂਸ ਰੇਂਜ ਪਟਿਆਲਾ ਜਗਤਪ੍ਰੀਤ ਸਿੰਘ ਨੇ ਕਿਹਾ ਕਿ ਰਿਸ਼ਵਤਖੋਰੀ ਸਾਡੇ ਸਮਾਜ ਨੂੰ ਸਿਊਂਕ ਵਾਂਗ ਖੋਖਲਾ ਕਰ ਰਹੀ ਹੈ, ਇਸ ਲਈ ਸਾਡੇ ਬੱਚੇ ਅੱਜ ਬਾਹਰਲੇ ਮੁਲਕਾਂ ਨੂੰ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਕਿਸੇ ਵੀ ਤਰ੍ਹਾਂ ਦੇ ਭ੍ਰਿਸ਼ਟਾਚਾਰ ਵਿਰੁੱਧ ਸ਼ਿਕਾਇਤ ਪੰਜਾਬ ਸਰਕਾਰ ਵੱਲੋਂ ਜਾਰੀ ਐਂਟੀ ਕੁਰਪਸ਼ਨ ਹੈਲਪਲਾਈਨ 9501200200 ਵਟਸਐਪ ਨੰਬਰ ‘ਤੇ ਕੀਤੀ ਜਾਵੇ।
ਪੰਜਾਬ ਐਂਡ ਸਿੰਧ ਬੈਂਕ ਦੇ ਫੀਲਡ ਜਨਰਲ ਮੈਨੇਜਰ ਡਾ. ਪ੍ਰਵੀਨ ਮੌਂਗੀਆ ਨੇ ਕਿਹਾ ਕਿ ਭ੍ਰਿਸ਼ਟਾਚਾਰ ਮੁਕਤ ਭਾਰਤ ਹੀ ਵਿਕਸਤ ਭਾਰਤ ਬਣ ਸਕਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਐਂਡ ਸਿੰਧ ਬੈਂਕ ਵੱਲੋਂ ਅੱਜ ਇਹ ਸਮਾਗਮ ਕਰਵਾ ਕੇ ਨੌਜਵਾਨਾਂ ਨੂੰ ਇਹ ਸੁਨੇਹਾ ਦਿਤਾ ਗਿਆ ਹੈ ਕਿ ਉਹ ਮਿਹਨਤ ਕਰਨ ਕਿਉਂਕਿ ਬੈਂਕਿੰਗ ਖੇਤਰ ਵਿੱਚ ਹਰ ਵਰ੍ਹੇ ਪਾਰਦਰਸ਼ੀ ਢੰਗ ਨਾਲ ਭਰਤੀਆਂ ਹੋ ਰਹੀਆਂ ਹਨ। ਡਾ. ਮੌਂਗੀਆ ਨੇ ਕਿਹਾ ਆਨਲਾਈਨ ਸੇਵਾਵਾਂ ਨੇ ਭ੍ਰਿਸ਼ਟਾਚਾਰ ਵਿੱਚ ਕਾਫ਼ੀ ਹੱਦ ਤੱਕ ਕਮੀ ਲਿਆਂਦੀ ਹੈ।
ਸਮਾਰੋਹ ਮੌਕੇ ਵਧੀਕ ਐਡਵੋਕੇਟ ਜਨਰਲ ਮੋਹਿਤ ਕਪੂਰ, ਪੰਜਾਬ ਐਂਡ ਸਿੰਧ ਬੈਂਕ ਦੇ ਜੋਨਲ ਮੈਨੇਜਰ ਮਲਕੀਤ ਜਿੰਦਲ, ਬਿਕਰਮ ਕਾਲਜ ਦੇ ਪ੍ਰੋ. ਰਾਮ ਕੁਮਾਰ, ਡੀ.ਐਸ.ਪੀ. ਵਿਜੀਲੈਂਸ ਸਤਪਾਲ ਸ਼ਰਮਾ, ਪੰਜਾਬ ਐਂਡ ਸਿੰਧ ਬੈਂਕ ਦੇ ਬ੍ਰਾਂਚ ਮੈਨੇਜਰ, ਬੈਂਕ ਨਾਲ ਇੰਪੈਨਲਡ ਵਕੀਲ, ਗਾਹਕ ਤੇ ਵਿਦਿਆਰਥੀ ਵੀ ਮੌਜੂਦ ਸਨ।
ਸਰਕਾਰੀ ਬਿਕਰਮ ਕਾਲਜ ਆਫ਼ ਕਾਮਰਸ ਵਿਖੇ ਪੰਜਾਬ ਐਂਡ ਸਿੰਧ ਬੈਂਕ ਵੱਲੋਂ ਵਿਜੀਲੈਂਸ ਬਿਊਰੋ ਰੇਂਜ ਪਟਿਆਲਾ ਦੇ ਸਹਿਯੋਗ ਨਾਲ ਕਰਵਾਏ ਸਮਾਰੋਹ ਦਾ ਉਦਘਾਟਨ ਕਰਦੇ ਹੋਏ ਬਲਤੇਜ ਪੰਨੂ, ਐਸ.ਐਸ.ਪੀ. ਵਿਜੀਲੈਂਸ ਜਗਤਪ੍ਰੀਤ ਸਿੰਘ ਤੇ ਫੀਡਲ ਜਨਰਲ ਮੈਨੇਜਰ ਡਾ. ਪ੍ਰਵੀਨ ਮੌਂਗੀਆ ਅਤੇ ਹੋਰ ਪਤਵੰਤੇ।


Spread the love
Scroll to Top