ਹੁਣ ਲੱਖੇ ਸਿਧਾਣੇ ਖਿਲਾਫ ਇੱਕ ਹੋਰ FIR ,ਕੇਸ ‘ਚ ਭਾਨਾ ਸਿੱਧੂ ਵੀ ਨਾਮਜ਼ਦ

Spread the love

ਪੰਜਾਬੀ ਭਾਸ਼ਾ ਨਾਲ ਹੋ ਰਹੇ ਵਿਤਕਰੇ ਬਾਰੇ ਬੋਲਣਾ ਵੀ ਬਣ ਗਿਆ ਜ਼ੁਰਮ !

ਹਰਿੰਦਰ ਨਿੱਕਾ , ਬਰਨਾਲਾ 5 ਨਵੰਬਰ 2022

  ਗੈਂਗਸਟਰ ਤੋਂ ਰਾਜਨੀਤਕ ਲੀਡਰ ਬਣੇ ਲਖਬੀਰ ਸਿੰਘ ਲੱਖਾ ਸਿਧਾਣਾ ਨੂੰ ਬੇਸ਼ੱਕ ਕਰੀਬ 2 ਮਹੀਨੇ ਪਹਿਲਾਂ ਤਰਨਤਾਰਨ ਦੇ ਥਾਣਾ ਹਰੀਕੇ ਵਿਖੇ ਦਰਜ਼ ਕੇਸ ਵਿੱਚੋਂ, ਸਰਕਾਰ ਦੀ ਕਾਫੀ ਕਿਰਕਿਰੀ ਹੋਣ ਤੋਂ ਬਾਅਦ ਬੇਗੁਨਾਹ ਕਰਾਰ ਦੇ ਦਿੱਤਾ ਗਿਆ ਸੀ। ਪਰੰਤੂ ਹੁਣ ਫਿਰ ਲੱਖਾ ਸਿਧਾਣਾ ਦੇ ਖਿਲਾਫ ਬਰਨਾਲਾ ਜਿਲ੍ਹੇ ਦੇ ਥਾਣਾ ਸ਼ਹਿਣਾ ਵਿਖੇ ਇੱਕ ਹੋਰ ਐਫ.ਆਈ.ਆਰ. ਦਰਜ਼ ਕੀਤੀ ਗਈ ਹੈ। ਥਾਣਾ ਸ਼ਹਿਣਾ ਵਿਖੇ ਮੁਕੱਦਮਾ ਨੰਬਰ 74 ਮਿਤੀ 4-11-2022 , ਏ.ਐਸ.ਆਈ. ਕਰਮਜੀਤ ਸਿੰਘ ਦੇ ਬਿਆਨ ਦੇ ਅਧਾਰ ਤੇ ਦਰਜ਼ ਕੀਤਾ ਗਿਆ ਹੈ। ਐਫ.ਆਈ.ਆਰ. ਮੁਖਬਰ ਦੀ ਇਤਲਾਹ ਤੋਂ ਬਾਅਦ ਦਰਜ਼ ਹੋਈ ਹੈ। ਏ.ਐਸ.ਆਈ. ਕਰਮਜੀਤ ਸਿੰਘ ਨੇ ਆਪਣੇ ਬਿਆਨ ਵਿੱਚ ਕਿਹਾ ਹੈ ਕਿ ਉਸ ਨੂੰ ਮੁਖਬਰ ਨੇ ਇਤਲਾਹ ਦਿੱਤੀ ਕਿ ਟੋਲ ਪਲਾਜਾ ਜਗਜੀਤਪੁਰਾ ਵਿਖੇ ਕਿਸਾਨ ਯੂਨੀਅਨ ਦਾ ਕਰੀਬ ਢਾਈ ਮਹੀਨੇ ਤੋਂ ਧਰਨਾ ਚੱਲ ਰਿਹਾ ਹੈ।  2 ਨਵੰਬਰ ਨੂੰ ਲਖਵੀਰ ਸਿੰਘ ਉਰਫ ਲੱਖਾ ਸਿਧਾਣਾ ਅਤੇ ਭਗਵਾਨ ਸਿੰਘ ਉਰਫ਼ ਭਾਨਾ ਸਿੱਧੂ ਵਾਸੀ ਕੋਟਦੁੱਨਾ ਨੇ ਆਪਣੇ  10/12 ਨਾ-ਮਲੂਮ ਵਿਅਕਤੀਆਂ ਨੂੰ ਨਾਲ ਲੈ ਕੇ ਟੋਲਪਲਾਜਾ ਪਰ ਲੱਗੇ ਧਰਨੇ ਵਿੱਚ ਪੰਜਾਬ ਸਰਕਾਰ ਵੱਲੋਂ ਪੰਜਾਬੀ ਭਾਸ਼ਾ ਨਾਲ ਕੀਤੇ ਵਿਤਕਰੇ ਬਾਰੇ ਬੋਲਿਆ ਅਤੇ ਫਿਰ ਟੋਲਪਲਾਜਾ ਤੇ ਲੱਗੇ ਅੰਗਰੇਜ਼ੀ ਵਾਲੇ ਸਾਇਨ ਬੋਰਡਾਂ ਉੱਪਰ ਕਾਲਾ ਰੰਗ ਕਰਕੇ ਉਨ੍ਹਾਂ ਨੂੰ ਖਰਾਬ ਕਰ ਦਿੱਤਾ । ਇਸ ਬਿਆਨ ਦੇ ਅਧਾਰ ਤੇ ਪੁਲਿਸ ਥਾਣਾ ਸ਼ਹਿਣਾ ਵਿਖੇ ਲੱਖਾ ਸਿਧਾਣਾ ਅਤੇ ਭਾਨਾ ਸਿੱਧੂ ਤੇ ਉਨ੍ਹਾਂ ਦੇ 10/12 ਹੋਰ ਅਣਪਛਾਤੇ ਸਾਥੀਆਂ ਖਿਲਾਫ ਅਧੀਨ ਜ਼ੁਰਮ 434 IPC , SEC. 3 PUNJAB PREVENTION OF DEFACEMENT  PROPERTY ORDINANCE ACT 1997, SEC 3 PREVENTION OF DAMAGE TO PUBLIC PROPERTY ACT 1984 ਤਹਿਤ ਕੇਸ ਦਰਜ਼ ਕੀਤਾ ਗਿਆ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਕਤ ਕੇਸ ਵਿੱਚ ਹਾਲੇ ਤੱਕ ਕੋਈ ਗਿਰਫਤਾਰੀ ਨਹੀਂ ਹੋਈ ਹੈ। ਵਰਨਣਯੋਗ ਹੈ ਕਿ ਲੱਖਾ ਸਿਧਾਣਾ ਖਿਲਾਫ ਤਰਨਤਾਰਨ ਦੇ ਥਾਣਾ ਹਰੀਕੇ ਵਿਖੇ ਐਫ.ਆਈ.ਆਰ. ਨੰਬਰ-75 ਮਿਤੀ:-2 ਸਤੰਬਰ 2022 ਨੂੰ ਅਧੀਨ ਜ਼ੁਰਮ 386/387/388/389/120 ਬੀ/ 25/54/59 ਅਸਲਾ ਐਕਟ ਤੇ ਐਨਡੀਪੀਐਸ ਐਕਟ ਦੀ ਸੈਕਸ਼ਨ 21/29 ਤਹਿਤ ਦਰਜ਼ ਕੀਤਾ ਗਿਆ ਸੀ। ਇਸ ਕੇਸ ਵਿੱਚੋਂ ਲੱਖਾ ਸਿਧਾਣਾ ਨੂੰ, ਉਨ੍ਹਾਂ ਦੇ ਸਮੱਰਥਕਾਂ ਵੱਲੋਂ ਪ੍ਰਗਟਾਏ ਤਿੱਖੇ ਵਿਰੋਧ ਤੋਂ ਬਾਅਦ 8 ਅਕਤੂਬਰ 2022 ਨੂੰ ਰਪਟ ਨੰਬਰ 19 ਰਾਹੀਂ ਬੇਗੁਨਾਹ ਕਰਾਰ ਦੇ ਦਿੱਤਾ ਗਿਆ ਸੀ। ਇਹ ਕੇਸ ਦਰਜ਼ ਹੋਣ ਤੇ ਵਿਰੋਧ ਤੋਂ ਬਾਅਦ ਖਾਰਿਜ਼ ਕਰ ਦੇਣ ਕਾਰਣ, ਆਪ ਸਰਕਾਰ ਦੀ ਭਾਰੀ ਬਦਨਾਮੀ ਹੋਈ ਸੀ। ਹੁਣ ਬਰਨਾਲਾ ਪੁਲਿਸ ਨੇ ਵੀ ਆਪ ਸਰਕਾਰ ਨੂੰ ਇੱਕ ਉਲਾਂਭਾ ਖੱਟ ਕੇ ਦੇ ਦਿੱਤਾ। ਇਸ ਕੇਸ ਦਾ ਕੀ ਹਸ਼ਰ ਹੋਵੇਗਾ,ਇਹ ਆਉਣ ਵਾਲੇ ਦਿਨਾਂ ਵਿੱਚ ਹੀ ਪਤਾ ਲੱਗੇਗਾ। ਸ਼ਹਿਣਾ ਪੁਲਿਸ ਦੁਆਰਾ ਦਰਜ਼ ਇਸ ਕੇਸ ਵਿੱਚ ਵੀ ਹੈਰਾਨ ਕਰਨ ਵਾਲੇ ਤੱਥ ਉਭਰਕੇ ਸਾਹਮਣੇ ਆਏ ਹਨ। ਟੋਲਪਲਾਜਾ ਤੇ ਚੱਲ ਰਹੇ ਧਰਨੇ ਨੇੜੇ ਹਮੇਸ਼ਾ ਇਹਤਿਆਤਨ ਤਾਇਨਾਤ ਪੁਲਿਸ ਨੂੰ 2 ਨਵੰਬਰ ਨੂੰ ਵਾਪਰੀ ਘਟਨਾ ਬਾਰੇ, 2 ਦਿਨ ਬਾਅਦ, ਉਹ ਵੀ ਮੁਖਬਰ ਦੀ ਇਤਲਾਹ ਤੋਂ ਬਾਅਦ ਹੀ ਪਤਾ ਲੱਗਿਆ।  


Spread the love
Scroll to Top