ਵੋਟਰ ਸੂਚੀਆਂ ਦੀ ਸੁਧਾਈ ਲਈ ਵੋਟਰ ਸੂਚੀ ਦੀ ਮੁੱਢਲੀ ਪ੍ਰਕਾਸ਼ਨਾ ਹੋਈ

Spread the love

9 ਨਵੰਬਰ ਤੋਂ 8 ਦਸੰਬਰ ਤੱਕ ਲਏ ਜਾਣਗੇ ਇਤਰਾਜ਼ : ਜ਼ਿਲ੍ਹਾ ਚੋਣ ਅਫਸਰ

26 ਦਸਬੰਰ ਤੱਕ ਕੀਤਾ ਜਾਵੇਗਾ ਇਤਰਾਜ਼ਾਂ ਦਾ ਨਿਪਟਾਰਾ


ਸੋਨੀ ਪਨੇਸਰ , ਬਰਨਾਲਾ, 9 ਨਵੰਬਰ 2022

        ਯੋਗਤਾ ਮਿਤੀ 01-01-2023 ਦੇ ਆਧਾਰ ’ਤੇ ਫੋਟੋ ਵੋਟਰ ਸੂਚੀ ਦੀ ਵਿਸ਼ੇਸ਼ ਸਰਸਰੀ ਸੁਧਾਈ ਸਬੰਧੀ ਭਾਰਤ ਚੋਣ ਕਮਿਸ਼ਨ ਵੱਲੋਂ ਜਾਰੀ ਪ੍ਰੋਗਰਾਮ/ਹਦਾਇਤਾਂ ਅਨੁਸਾਰ ਵੋਟਰ ਸੂਚੀ ਦੀ ਮੁੱਢਲੀ ਪ੍ਰਕਾਸ਼ਨਾ ਕਰ ਦਿੱਤੀ ਗਈ ਹੈ। ਇਹ ਜਾਣਕਾਰੀ ਸਿਆਸੀ ਪਾਰਟੀਆਂ ਦੇ ਨੁੰਮਾਇੰਦਿਆਂ ਨੂੰ ਇਸ ਸਬੰਧੀ ਸੂਚੀ ਦੀਆਂ ਕਾਪੀਆਂ ਦੇਣ ਲਈ ਅਤੇ ਸਰਸਰੀ ਸੁਧਾਈ ਪ੍ਰੋਗਰਾਮ ਤੋਂ ਜਾਣੂ ਕਰਵਾਉਣ ਲਈ ਬੁਲਾਈ ਮੀਟਿੰਗ ਵਿਚ ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਡਾ ਹਰੀਸ਼ ਨਈਅਰ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਡ੍ਰਾਫਟ ਵੋਟਰ ਸੂਚੀਆਂ ਪ੍ਰਿੰਟ ਕਰਵਾ ਲਈਆਂ ਗਈਆਂ ਹਨ ਅਤੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਨੂੰ ਚੋਣ ਹਲਕੇਵਾਰ ਫੋਟੋ ਵੋਟਰ ਸੂਚੀ ਦੇ ਸੈੱਟ ਅਤੇ ਸੀ.ਡੀਜ਼.(ਬਿਨਾਂ ਫੋਟੋ) ਅੱਜ ਵੰਡੀਆਂ ਗਈਆਂ। ਵਧੇਰੇ ਜਾਣਕਾਰੀ ਦਿੰਦਿਆਂ ਡਾ ਨਈਅਰ ਨੇ ਦੱਸਿਆ ਕਿ ਚੋਣ ਕਮਿਸ਼ਨ ਵੱਲੋਂ ਚੋਣਕਾਰ ਰਜਿਸਟ੍ਰੇਸ਼ਨ ਨਿਯਮ 1960 ਵਿੱਚ ਕੀਤੀ ਗਈ ਸੋਧ ਅਨੁਸਾਰ ਵੋਟਰ ਸੂਚੀ ਦੀ ਵਿਸ਼ੇਸ਼ ਸਰਸਰੀ ਸੁਧਾਈ ਦੌਰਾਨ ਯੋਗਤਾ ਮਿਤੀ 01-01-2023 ਦੇ ਨਾਲ-ਨਾਲ ਹੁਣ ਕੋਈ ਵੀ ਯੋਗ ਨਾਗਰਿਕ, ਜੋ ਕਿ ਸਾਲ 2023 ਵਿੱਚ ਆਉਣ ਵਾਲੀਆਂ ਯੋਗਤਾ ਮਿਤੀਆਂ ਭਾਵ 1 ਅਪ੍ਰੈਲ 2023, 1 ਜੁਲਾਈ 2023 ਜਾਂ 1 ਅਕਤੂਬਰ 2023 ਵਿੱਚੋਂ ਕਿਸੇ ਨੂੰ ਵੀ 18 ਸਾਲ ਦੀ ਉਮਰ ਪੂਰੀ ਕਰਨ ਵਾਲਾ ਹੈ, ਸੂਚਨਾ ਦੀ ਮਿਤੀ ਤੋਂ ਅਗਾਊਂ ਹੀ ਫਾਰਮ ਨੰ. 6 ਰਾਹੀਂ ਵੋਟਰ ਸੂਚੀ ਵਿੱਚ ਆਪਣਾ ਨਾਮ ਸ਼ਾਮਲ ਕਰਨ ਲਈ ਦਾਅਵਾ ਕਰ ਸਕਦਾ ਹੈ। ਇਸ ਦਾਅਵੇ ’ਤੇ ਸਬੰਧਤ ਯੋਗਤਾ ਮਿਤੀ ਦੇ ਹਵਾਲੇ ਵਿੱਚ ਸਬੰਧਤ ਤਿਮਾਹੀ ਵਿੱਚ ਵਿਚਾਰ ਅਤੇ ਫੈਸਲਾ ਕੀਤਾ ਜਾਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਮੁੱਖ ਚੋਣ ਦਫ਼ਤਰ ਪੰਜਾਬ ਵੱਲੋਂ ਪੋਲਿੰਗ ਬੂਥਾਂ ’ਤੇ ਵਿਸ਼ੇਸ਼ ਕੈਂਪ ਲਗਾਉਣ ਲਈ 19-20 ਨਵੰਬਰ ਅਤੇ 3-4 ਦਸੰਬਰ ਮਿਤੀਆਂ ਤੈਅ ਕੀਤੀਆਂ ਗਈਆਂ ਹਨ। ਇਨ੍ਹਾਂ ਨਿਰਧਾਰਿਤ ਮਿਤੀਆਂ ਨੂੰ ਬੀ.ਐਲ.ਓਜ਼ ਵੱਲੋਂ ਸਬੰਧਤ ਬੂਥਾਂ ’ਤੇ ਬੈਠ ਕੇ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਆਮ ਜਨਤਾ/ਵੋਟਰਾਂ ਪਾਸੋਂ ਦਾਅਵੇ ਅਤੇ ਇਤਰਾਜ਼ਾਂ ਸਬੰਧੀ ਫਾਰਮ ਨੰ. 6, 6ਏ 7ਅਤੇ 8 ਪ੍ਰਾਪਤ ਕੀਤੇ ਜਾਣਗੇ। ਇਸ ਤੋਂ ਇਲਾਵਾ 9 ਨਵੰਬਰ ਤੋਂ 8 ਦਸੰਬਰ ਤੱਕ ਪ੍ਰਾਪਤ ਹੋਣ ਵਾਲੇ ਦਾਅਵੇ ਅਤੇ ਇਤਰਾਜ਼ਾਂ ਦਾ ਨਿਪਟਾਰਾ ਸਬੰਧਤ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ ਵੱਲੋਂ 26 ਦਸਬੰਰ 2022 ਤੱਕ ਕੀਤਾ ਜਾਵੇਗਾ ਅਤੇ ਵੋਟਰ ਸੂਚੀ ਦੀ ਅੰਤਿਮ ਪ੍ਰਕਾਸ਼ਨਾ 5 ਜਨਵਰੀ 2023 ਨੂੰ ਕੀਤੀ ਜਾਵੇਗੀ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਸੁਧਾਈ ਪ੍ਰੋਗਰਾਮ ਦੌਰਾਨ ਹਰੇਕ ਯੋਗ ਵਿਅਕਤੀ ਆਪਣੀ ਵੋਟ ਜਰੂਰ ਬਣਵਾਏ। ਇਸ ਮੌਕੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਨੁਮਾਇੰਦੇ, ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ਼੍ਰੀਮਤੀ ਲਵਜੀਤ ਕਲਸੀ, ਉਪ ਮੰਡਲ ਮੈਜਿਸਟ੍ਰੇਟ ਬਰਨਾਲਾ ਸ਼੍ਰੀ ਗੋਪਾਲ ਸਿੰਘ, ਚੋਣ ਤਹਿਸੀਲਦਾਰ ਹਰਜਿੰਦਰ ਕੌਰ ਅਤੇ ਹੋਰ ਅਫਸਰ ਸ਼ਾਮਲ ਸਨ ।

ਚੋਣ ਅਫਸਰ ਵਲੋਂ 18 ਸਾਲ ਦੇ ਨਵੇਂ ਵੋਟਰਾਂ ਨੂੰ ਵੰਡੇ ਵੋਟਰ ਆਈ ਕਾਰਡ 

   ਜ਼ਿਲ੍ਹਾ ਚੋਣ ਅਫਸਰ ਡਾ ਹਰੀਸ਼ ਨਈਅਰ ਨੇ ਇਸ ਮੌਕੇ 18 ਸਾਲ ਦੀ ਉਮਰ ਵਾਲੇ ਨੌਜਵਾਨਾਂ ਨੂੰ ਅੱਜ ਵੋਟਰ ਆਈ ਕਾਰਡ ਵੰਡੇ। ਇਹ ਉਹ ਨੌਜਵਾਨ ਵੋਟਰ ਹਨ ਜਿਨ੍ਹਾਂ ਦੀ ਵੋਟ ਪਹਿਲੀ ਵਾਰ ਬਣੀ ਹੈ। ਉਹਨਾਂ ਕਿਹਾ ਕਿ ਹਰ ਇਕ ਵੋਟਰ ਆਪਣੀ ਵੋਟ ਜ਼ਰੂਰ ਬਣਾਵੇ ਅਤੇ ਆਪਣੇ ਵੋਟ ਅਧਿਕਾਰ ਦਾ ਇਸੇਤਮਲ ਜ਼ਰੂਰ ਕਰੇ ।


Spread the love
Scroll to Top