ਰਿਸ਼ਤੇ ਨੂੰ ਕਿਹਾ ਨਾਂਹ ਤਾਂ ਫਿਰ ਕੁੜੀ ਨੂੰ ਲੈ ਗਏ ,,

Spread the love

ਹਰਿੰਦਰ ਨਿੱਕਾ , ਪਟਿਆਲਾ 3 ਜਨਵਰੀ 2023

    ਜਿਲ੍ਹੇ ਦੇ ਥਾਣਾ ਸਦਰ ਨਾਭਾ ਦੇ ਇੱਕ ਪਿੰਡ ਦੇ ਰਹਿਣ ਵਾਲੇ ਇੱਕ ਵਿਅਕਤੀ ਨੇ ਆਪਣੀ ਕੁੜੀ ਦਾ ਰਿਸ਼ਤਾ ਕਰਨ ਤੋਂ ਨਾਂਹ ਕਰ ਦਿੱਤੀ, ਤਾਂ ਰਿਸ਼ਤਾ ਲੈਣ ਦੀ ਜਿੱਦ ਫੜ੍ਹੀ ਬੈਠੀ ਮੁੰਡੇ ਵਾਲੀ ਧਿਰ ਕੁੜੀ ਨੂੰ ਹੀ ਘਰੋਂ ਅਗਵਾ ਕਰਕੇ ਭਜਾ ਕੇ ਲੈ ਗਈ। ਜਦੋਂ ਇਸ ਬਾਰੇ ਕੁੜੀ ਦੇ ਪਿਉ ਦੀ ਸ਼ਕਾਇਤ ਤੇ ਪੁਲਿਸ ਨੇ ਦੋਸ਼ੀ ਲੜਕੇ ਤੇ ਉਸ ਦੇ ਰਿਸ਼ਤੇਦਾਰਾਂ ਦੇ ਖਿਲਾਫ ਸਾਜਿਸ਼ ਤਹਿਤ ਕੁੜੀ ਨੂੰ ਅਗਵਾ ਕਰਕੇ ਲੈ ਜਾਣ ਦੇ ਜ਼ੁਰਮ ਵਿੱਚ ਕੇਸ ਦਰਜ਼ ਕਰਕੇ,ਉਨ੍ਹਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ। ਪੁਲਿਸ ਨੂੰ ਦਿੱਤੀ ਸ਼ਕਾਇਤ ਵਿੱਚ ਕਥਿਤ ਤੌਰ ਤੇ ਅਗਵਾ ਕੁੜੀ ਦੇ ਪਿਉ ਨੇ ਦੱਸਿਆ ਕਿ ਲੰਘੀ 29 ਦਸੰਬਰ 2022 ਨੂੰ ਬਾਅਦ ਦੁਪਹਿਰ ਜਦੋਂ ਮੁਦਈ ਕਿਸੇ ਕੰਮ ਤੋਂ ਬਾਅਦ ਆਪਣੇ ਘਰ ਪੁੱਜਿਆ ਤਾਂ ਦੇਖਿਆ ਕਿ ਉਸ ਦੀ ਲੜਕੀ ਘਰ ਮੌਜੂਦ ਨਹੀ ਸੀ, ਜੋ ਕਾਫੀ ਭਾਲ ਕਰਨ ਪਰ ਵੀ ਨਹੀ ਮਿਲੀ। ਮੁਦਈ    ਮੁਤਾਬਿਕ ਕੁੱਝ ਦਿਨ ਪਹਿਲਾਂ ਉਸ ਦੀ ਮਾਸੀ ਸੱਸ ਦਰਸ਼ੋ ਵਗੈਰਾ ਨੇ ਫੋਨ ਕਰਕੇ ਕਿਹਾ ਸੀ ਕਿ ਉਸ ਦੀ ਲੜਕੀ ਦਾ ਰਿਸ਼ਤਾ ਦੋਸ਼ੀ ਸੰਦੀਪ ਸਿੰਘ ਵਾਸੀ,ਪਿੰਡ ਰੋਹੜਾ ਭੈਣੀ ਨੇੜੇ ਲੁਧਿਆਣਾ ਨਾਲ ਕਰਨਾ ਹੈ । ਪਰ ਮੁਦਈ ਨੇ ਰਿਸ਼ਤਾ ਕਰਨ ਤੋ ਨਾਹ ਕਰ ਦਿੱਤੀ ਤਾ ਦੋਸ਼ੀਆਨ ਨੇ ਕਿਹਾ ਕਿ ਉਹ ਲੜਕੀ ਨੂੰ ਜਬਰਦਸਤੀ ਭਜਾ ਕੇ ਲੈ ਜਾਣਗੇ।        ਇਸ ਧਮਕੀ ਤੋਂ ਬਾਅਦ ਉਸ ਦੀ ਗੈਰਹਾਜ਼ਿਰੀ ਵਿੱਚ ਦੋਸ਼ੀ ਸੰਦੀਪ ਸਿੰਘ ਪੁੱਤਰ ਜਗਸੀਰ ਸਿੰਘ ਵਾਸੀ ਪਿੰਡ ਰੋਹੜਾ ਭੈਣੀ ਨੇੜੇ ਲੁਧਿਆਣਾ, ਦਰਸ਼ੋ ਪਤਨੀ ਪ੍ਰੀਤਮ ਸਿੰਘ, ਜੱਗਾ ਰਾਮ ਪੁੱਤਰ ਪ੍ਰੀਤਮ ਸਿੰਘ, ਜੱਗਾ ਰਾਮ ਦੀ ਨਾਮਾਲੂਮ ਪਤਨੀ ਸਾਰੇ ਵਾਸੀ ਆਲੀਵਾਲ ਨੇੜੇ ਲੁਧਿਆਣਾ , ਉਸ ਦੀ ਲੜਕੀ ਨੂੰ ਵਰਗਲਾ ਫੁਸਲਾ ਕੇ ਵਿਆਹ ਕਰਾਉਣ ਦਾ ਝਾਂਸਾ ਦੇ ਕੇ ਭਜਾ ਕੇ ਲੈ ਗਏ। ਥਾਣਾ ਸਦਰ ਨਾਭਾ ਦੇ ਐਸ.ਐਚ.ੳ ਨੇ ਦੱਸਿਆ ਕਿ ਮੁਦਈ ਦੇ ਬਿਆਨ ਪਰ, ਉਕਤ ਨਾਮਜ਼ਦ ਦੋਸ਼ੀਆਂ ਦੇ ਵਿਰੁੱਧ U/S 363,366-A, 120-B IPC ਤਹਿਤ ਐਫਆਈਆਰ ਦਰਜ਼ ਕਰਕੇ,ਉਨਾਂ ਦੀ ਤਲਾਸ਼ ਤੇ ਮਾਮਲੇ ਦੀ ਤਫਤੀਸ਼ ਸ਼ੁਰੂ ਕਰ ਦਿੱਤੀ ਹੈ। ਜਲਦ ਹੀ ਦੋਸ਼ੀਆਂ ਨੂੰ ਗਿਰਫਤਾਰ ਕਰਕੇ,ਉਨਾਂ ਦੇ ਕਬਜ਼ੇ ਵਿੱਚੋਂ ਕਥਿਤ ਤੌਰ ਤੇ ਅਗਵਾ ਲੜਕੀ ਨੂੰ ਛੁਡਾ ਕੇ ਅਗਲੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। 

 


Spread the love
Scroll to Top