ਸਰਪੰਚ ਦੇ ਬੇਟੇ ਨੂੰ ਕਹਿੰਦਾ, ਜੇ ਮਾਰ ਮਾਰ ਲਫੇੜੇ, ਥਾਣੇ ਸੁੱਟਿਆ ਹੁੰਦਾ,,,[embedyt] https://www.youtube.com/watch?v=in0pEU7SWuY[/embedyt]
ਹਰਿੰਦਰ ਨਿੱਕਾ , ਬਰਨਾਲਾ 27 ਜਨਵਰੀ 2023
ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਲੰਘੀਆਂ ਵਿਧਾਨ ਸਭਾ ਚੋਣਾਂ ‘ਚ ਬਤੌਰ ਮੁੱਖ ਮੰਤਰੀ ਲੋਕ ਤਾਕਤ ਨਾਲ ਬੁਰੀ ਤਰਾਂ ਹਰਾਉਣ ਵਾਲੇ ਲਾਭ ਸਿੰਘ ਉੱਗੇਕੇ ਦਾ ਆਪਣੇ ਹਲਕੇ ਦੇ ਵੱਡੇ ਪਿੰਡ ਸ਼ਹਿਣਾ ਅੰਦਰ ਆਪਣਾ ਵਿਰੋਧ ਦੇਖਕੇ ਅੱਜ ਅਜਿਹਾ ਪਾਰਾ ਵਧਿਆ ਕਿ ਉਹ ਆਪਣੇ ਰੁਤਬੇ ਨੂੰ ਭੁੱਲ ਕੇ, ਅਸਭਿੱਅਕ ਵਿਵਹਾਰ ਤੇ ਉੱਤਰ ਆਇਆ। ਹੋਇਆ ਇਉਂ ਕਿ ਵਿਧਾਇਕ ਲਾਭ ਸਿੰਘ , ਸ਼ਹਿਣਾ ਕਸਬੇ ਅੰਦਰ ਪਹਿਲਾਂ ਤੋਂ ਚੱਲ ਰਹੇ ਸਰਕਾਰੀ ਹਸਪਤਾਲ ਨੂੰ ਆਮ ਆਦਮੀ ਕਲੀਨਕ ਵਿੱਚ ਤਬਦੀਲ ਕਰਨ ਲਈ, ਪਹੁੰਚਿਆਂ ਸੀ। ਤਾਂ ਪਿੰਡ ਦੀ ਸਰਪੰਚ ਮਲਕੀਤ ਕੌਰ ਕਲਕੱਤਾ ਦੇ ਬੇਟੇ ਤੇ ਸੀਨੀਅਰ ਕਾਂਗਰਸੀ ਆਗੂ ਸੁਖਵਿੰਦਰ ਸਿੰਘ ਕਲਕੱਤਾ ਦੀ ਅਗਵਾਈ ਵਿੱਚ ਵੱਡੀ ਗਿਣਤੀ ਪਿੰਡ ਵਾਲਿਆਂ ਨੇ ਤਿੱਖਾ ਵਿਰੋਧ ਸ਼ੁਰੂ ਕਰ ਦਿੱਤਾ। ਲੋਕਾਂ ਅੱਗੇ, ਲਾਜਵਾਬ ਹੋਏ ਵਿਧਾਇਕ ਲਾਭ ਸਿੰਘ ਨੇ ਕਿਹਾ ਕਿ ਜੇ ਮਾਰ ਮਾਰ ਲਫੇੜੇ, ਤੈਨੂੰ ਥਾਣੇ ਸੁੱਟਿਆ ਹੁੰਦਾ, ਤੂੰ ਫੇਰ ਦੇਖਦਾ। ਵਿਧਾਇਕ ਦੇ ਅਜਿਹੇ ਵਿਗੜੇ ਬੋਲਾਂ ਦੀ ਉੱਥੇ ਖੜ੍ਹੇ ਲੋਕਾਂ ਨੇ ਵੀਡੀਉ ਬਣਾ ਕੇ ਵਾਇਰਲ ਕਰ ਦਿੱਤੀ। ਅਜਿਹੀ ਬੋਲਬਾਣੀ ਤੋਂ ਬਾਅਦ, ਪਹਿਲਾਂ ਤੋਂ ਹੀ ਵਿਰੋਧ ਕਰ ਰਹੇ ਲੋਕਾਂ ਦਾ ਗੁੱਸਾ ਵੀ ਸੱਤਵੇਂ ਆਸਮਾਨ ਨੂੰ ਛੋਹ ਗਿਆ। ਜਿੱਥੇ ਸੁਖਵਿੰਦਰ ਸਿੰਘ ਕਲਕੱਤਾ ਨੇ, ਵਿਧਾਇਕ ਦੀ ਅਜਿਹੀ ਬੋਲੀ ਦਾ ਸਖਤ ਵਿਰੋਧ ਕੀਤਾ,ਉੱਥੇ ਹੀ ਮੌਜੂਦ ਪਿੰਡ ਵਾਲਿਆਂ ਨੇ ਵੀ, ਵਿਧਾਇਕ ਨੂੰ ਕਾਫੀ ਖਰੀਆਂ ਖੋਟੀਆਂ ਸੁਣਾਈਆਂ। ਆਖਿਰ ਲੋਕ ਵਿਰੋਧ ਦੇ ਸਾਹਮਣੇ, ਵਿਧਾਇਕ, ਉੱਥੇ ਖੜ੍ਹਨ ਦੀ ਬਜਾਏ,ਵਿਰੋਧ ਵਿੱਚ ਹੋ ਰਹੀ, ਨਾਅਰੇਬਾਜੀ ਦੇ ਦਰਮਿਆਨ ਹੀ ਉੱਥੋਂ ਦੱਬੇ ਪੈਰੀਂ ਖਿਸਕ ਗਿਆ। ਲੋਕਾਂ ਨੇ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਕਿ ਜਨਤਕ ਤੌਰ ਤੇ ਇੱਕ ਜਿੰਮੇਵਾਰ ਵਿਅਕਤੀ ਨੂੰ ਥਾਣੇ ਲਿਜਾ ਕੇ ਕੁੱਟਣ ਦੀਆਂ ਧਮਕੀਆਂ ਦੇਣ ਵਾਲੇ ਵਿਧਾਇਕ ਲਾਭ ਸਿੰਘ ਉੱਗੋਕੇ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ। ਹੈਰਾਨੀ ਦੀ ਗੱਲ ਇਹ ਵੀ ਰਹੀ, ਕਿ ਇਹ ਸਾਰਾ ਘਟਨਾਕ੍ਰਮ ਵਾਪਰਣ ਵੇਲੇ, ਡੀਐਸਪੀ ਤਪਾ ਰਵਿੰਦਰ ਸਿੰਘ ਰੰਧਾਵਾ ਦੀ ਅਗਵਾਈ ਵਿੱਚ ਪੁਲਿਸ ਪਾਰਟੀ ਵੀ, ਮੌਕੇ ਤੇ ਮੌਜੂਦ ਸੀ। ਕਾਂਗਰਸੀ ਆਗੂ ਸੁਖਵਿੰਦਰ ਸਿੰਘ ਕਲਕੱਤਾ ਨੇ ਕਿਹਾ ਕਿ ਪਿੰਡ ਦੇ ਲੋਕ ਹਿਲਾਂ ਤੋਂ ਹੀ ਬਣੇ, ਹਸਪਤਾਲ ਨੂੰ ਆਮ ਆਦਮੀ ਕਲੀਨਕ ਬਣਾਉਣ ਦਾ ਵਿਰੋਧ ਕਰਕੇ, ਕਿਸੇ ਹੋਰ ਜਗ੍ਹਾ ਤੇ ਕਲੀਨਕ ਬਣਾਉਣ ਦੀ ਮੰਗ ਕਰ ਰਹੇ ਸਨ, ਅਸੀਂ ਵਿਧਾਇਕ ਲਾਭ ਸਿੰਘ ਨੂੰ ਬੜੇ ਇੱਜਤਦਾਰ ਢੰਗ ਨਾਲ, ਆਪਣੀ ਗੱਲ ਕਰ ਰਹੇ ਸੀ, ਪਰੰਤੂ ਵਿਧਾਇਕ ਆਪੇ ਤੋਂ ਬਾਹਰ ਹੋ ਗਿਆ। ਉਨ੍ਹਾਂ ਕਿਹਾ ਕਿ ਸੱਤਾ ਵਿੱਚ ਆਉਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਇਹੋ ਆਗੂ, ਲੋਕਾਂ ਨੂੰ ਚੁਣੇ ਹੋਏ ਨੁਮਾਇੰਦਿਆਂ ਜਾਂ ਮੰਤਰੀਆਂ ਨੂੰ ਘੇਰ ਕੇ ਸਵਾਲ ਪੁੱਛਣ ਲਈ, ਉਕਸਾਉਂਦੇ ਸਨ, ਹੁਣ ਜਦੋਂ ਲੋਕ ਇੱਨ੍ਹਾਂ ਨੂੰ ਸਵਾਲ ਪੁੱਛਦੇ ਹਨ ਜਾਂ ਇੱਨ੍ਹਾਂ ਦੇ ਫੈਸਲਿਆਂ ਦਾ ਵਿਰੋਧ ਕਰਦੇ ਹਨ ਤਾਂ ਬੌਖਲਾਹਟ ਵਿੱਚ ਭੈੜੀ ਬੋਲਬਾਣੀ ਵਰਤਣ ਤੋਂ ਵਹ ਗੁਰੇਜ਼ ਨਹੀਂ ਕਰਦੇ। ਉੱਧਰ ਸ੍ਰੋਮਣੀ ਅਕਾਲੀ ਦਲ ਬਾਦਲ ਦੇ ਸੀਨੀਅਰ ਆਗੂ ਅਤੇ ਭਦੌੜ ਵਿਧਾਨ ਸਭਾ ਹਲਕੇ ਦੇ ਇੰਚਾਰਜ ਐਡਵੋਕੇਟ ਸਤਨਾਮ ਸਿੰਘ ਰਾਹੀਂ ਨੇ ਵਿਧਾਇਕ ਦੀ ਨੀਵੇਂ ਦਰਜ਼ੇ ਦੀ ਬੋਲਬਾਣੀ ਦੀ ਸਖਤ ਨਿਖੇਧੀ ਕੀਤੀ ਹੈ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਪਾਰਟੀ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜ਼ਰੀਵਾਲ ਤੋਂ ਮੰਗ ਕੀਤੀ, ਕਿ ਲਾਭ ਸਿੰਘ ਉੱਗੋਕੇ ਵਰਗੇ ਵਿਧਾਇਕ ਨੂੰ ਲੋਕਾਂ ਨਾਲ, ਚੰਗੇ ਢੰਗ ਨਾਲ ਬੋਲਣ ਦਾ ਵੱਲ ਦੱਸਣ।