ਡੀ.ਸੀ. ਦਫਤਰ ਦੇ ਕੱਚੇ ਕਾਮਿਆਂ ਦੇ ਹੱਕ ‘ਚ ਐਮ.ਪੀ. ਮਾਨ ਨੇ ਮਾਰਿਆ ਹਾਅ ਦਾ ਨਾਅਰਾ

Spread the love

ਆਊਟਸੋਰਸਿੰਗ ਕਰਮਚਾਰੀਆਂ ਨੇ ਕੀਤੀ ਐਮ.ਪੀ ਮਾਨ ਮੁਲਾਕਾਤ
ਮੈਂਬਰ ਪਾਰਲੀਮੈਂਟ ਨੇ ਨੌਕਰੀ ਸੁਰੱਖਿਅਤ ਰੱਖਣ ਦੀ ਪੈਰਵੀ ਕਰਨ ਦਾ ਦਿੱਤਾ ਭਰੋਸਾ
 ਰਘਬੀਰ ਹੈਪੀ , ਬਰਨਾਲਾ 28 ਜਨਵਰੀ 2023   ਡੀ.ਸੀ. ਦਫਤਰ ਬਰਨਾਲਾ ਦੇ ਆਊਟਸੋਰਸਿੰਗ ਕਰਮਚਾਰੀਆਂ ਨੇ ਅੱਜ ਆਊਟਸੋਰਸਿੰਗ ਕਰਮਚਾਰੀ ਯੂਨੀਅਨ (ਡੀਸੀ ਦਫਤਰ ਬਰਨਾਲਾ) ਪੰਜਾਬ ਦੀ ਪ੍ਰਧਾਨ ਬੀਬੀ ਰਮਨਪ੍ਰੀਤ ਕੌਰ ਮਾਨ ਦੀ ਅਗਵਾਈ ਹੇਠ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਅਤੇ ਸ਼੍ਰੋਮਣੀ ਅਕਾਲੀ ਦਲ (ਅ) ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਮੁੱਖ ਮੰਤਰੀ ਪੰਜਾਬ ਦੇ ਨੌਕਰੀ ਸੁਰੱਖਿਅਤ ਰਹਿਣ ਦੇ ਐਲਾਨ ਦੇ ਬਾਵਜੂਦ ਨੌਕਰੀ ਤੋਂ ਫਾਰਗ ਕੀਤੇ ਜਾਣ ਦੀ ਸਿਰ ਲਟਕ ਰਹੀ ਤਲਵਾਰ ਬਾਰੇ ਜਾਣੂ ਕਰਵਾਇਆ |
ਯੂਨੀਅਨ ਦੀ ਸੂਬਾ ਪ੍ਰਧਾਨ ਬੀਬੀ ਰਮਨਪ੍ਰੀਤ ਕੌਰ ਮਾਨ ਨੇ ਮੈਂਬਰ ਪਾਰਲੀਮੈਂਟ ਸ. ਸਿਮਰਨਜੀਤ ਸਿੰਘ ਮਾਨ ਨੂੰ ਦੱਸਿਆ ਕਿ ਉਹ ਜਨਵਰੀ 2010 ਤੋਂ ਡਿਪਟੀ ਕਮਿਸ਼ਨਰ ਬਰਨਾਲਾ ਦੀਆਂ ਸੈਕਸ਼ਨ ਪੋਸਟਾਂ ‘ਤੇ ਆਊਟਸੋਰਸਿੰਗ ਰਾਹੀਂ ਨੌਕਰੀ ਕਰ ਰਹੇ ਹਨ ਪਰ ਹੁਣ ਅਧੀਨ ਸੇਵਾਵਾਂ ਚੋਣ ਬੋਰਡ ਰਾਹੀਂ 24 ਨਵੇਂ ਕਲਰਕਾਂ ਦੇ ਨਿਯੁਕਤੀ ਪੱਤਰ ਇਸ ਦਫਤਰ ਵਿਖੇ ਪਹੁੰਚ ਗਏ ਹਨ, ਜਿਸ ਕਾਰਨ ਉਨ੍ਹਾਂ ਦੀ ਨੌਕਰੀ ਖਤਰੇ ਵਿੱਚ ਹੈ | ਆਪਣੇ ਰੁਜਗਾਰ ਨੂੰ ਬਚਾਉਣ ਲਈ ਉਹ ਦਸੰਬਰ 2022 ਤੋਂ ਲਗਾਤਾਰ ਧਰਨੇ ਅਤੇ ਭੁੱਖ ਹੜਤਾਲ ਕਰਕੇ ਸੰਘਰਸ਼ ਕਰ ਰਹੇ ਹਨ | ਇਸੇ ਦੌਰਾਨ 19 ਜਨਵਰੀ 2023 ਨੂੰ ਅਮਰ ਸ਼ਹੀਦ ਸ. ਸੇਵਾ ਸਿੰਘ ਠੀਕਰੀਵਾਲਾ ਦੀ ਬਰਸੀ ਮੌਕੇ ਪਿੰਡ ਠੀਕਰੀਵਾਲਾ ਵਿਖੇ ਸ਼ਰਧਾਂਜਲੀ ਭੇਂਟ ਕਰਨ ਆਏ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਨੂੰ ਵੀ ਮਿਲੇ, ਜਿਨ੍ਹਾਂ ਨੇ ਮੌਕੇ ‘ਤੇ ਮੌਜੂਦ ਹਲਕੇ ਦੇ ਕੈਬਿਨੇਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ, ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ, ਵਿਧਾਇਕ ਲਾਭ ਸਿੰਘ ਉਗੋਕੇ ਸਮੇਤ ਪ੍ਰਮੁੱਖ ਸਖਸ਼ੀਅਤਾਂ ਦੀ ਹਾਜਰੀ ਵਿੱਚ ਭਰੋਸਾ ਦਿੱਤਾ ਸੀ ਕਿ ਤੁਹਾਡੀ ਨੌਕਰੀ ਸੁਰੱਖਿਅਤ ਰਹੇਗੀ, ਤੁਹਾਡੇ ਰੁਜਗਾਰ ਨੂੰ ਕੋਈ ਖਤਰਾ ਨਹੀਂ ਹੈ | ਮੁੱਖ ਮੰਤਰੀ ਪੰਜਾਬ ਤੋਂ ਮਿਲੇ ਭਰੋਸੇ ਮਗਰੋਂ ਯੂਨੀਅਨ ਦਾ ਵਫਦ ਮੁੱਖ ਮੰਤਰੀ ਪੰਜਾਬ ਦੇ ਪਿ੍ੰਸੀਪਲ ਸਕੱਤਰ ਨੂੰ ਵੀ ਮਿਲਿਆ, ਜਿਨ੍ਹਾਂ ਨੇ ਵੀ ਰੁਜਗਾਰ ਸੁਰੱਖਿਅਤ ਰਹਿਣ ਦਾ ਭਰੋਸਾ ਦਿੱਤਾ | ਇਸ ਭਰੋਸੇ ਮਗਰੋਂ ਯੂਨੀਅਨ ਵੱਲੋਂ ਲਾਇਆ ਪੱਕਾ ਮੋਰਚਾ ਤੇ ਭੁੱਖ ਹੜਤਾਲ ਸਮਾਪਤ ਕਰ ਦਿੱਤੀ ਗਈ ਸੀ | ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਵੱਲੋਂ ਨੌਕਰੀ ਸੁਰੱਖਿਅਤ ਦੇ ਕੀਤੇ ਗਏ ਐਲਾਨ ਦੇ ਬਾਵਜੂਦ ਉਨ੍ਹਾਂ ਦੀ ਨੌਕਰੀ ‘ਤੇ ਫਾਰਗ ਕੀਤੇ ਜਾਣ ਦੀ ਲਟਕ ਰਹੀ ਤਲਵਾਰ ਨਹੀਂ ਹਟੀ | ਅਜੇ ਵੀ ਉਨ੍ਹਾਂ ਦਾ ਮਸਲਾ ਹੱਲ ਨਹੀਂ ਹੋਇਆ ਤੇ ਉਨ੍ਹਾਂ ਨੂੰ ਨੌਕਰੀ ਤੋਂ ਫਾਰਗ ਕੀਤੇ ਜਾਣ ਦੀ ਪ੍ਰਸ਼ਾਸਨ ਵੱਲੋਂ ਤਿਆਰੀ ਕੀਤੀ ਜਾ ਰਹੀ ਹੈ, ਜਿਸ ਕਾਰਨ ਸਮੂਹ ਆਊਟਸੋਰਸਿੰਗ ਕਰਮਚਾਰੀਆਂ ਵਿੱਚ ਨਿਰਾਸ਼ਾ ਦਾ ਆਲਮ ਹੈ ਅਤੇ ਕਰਮਚਾਰੀ ਆਪਣੇ ਭਵਿੱਖ ਨੂੰ ਲੈ ਕੇ ਚਿੰਤਾ ਵਿੱਚ ਹਨ |
ਉਪਰੋਕਤ ਸਾਰੇ ਮਸਲੇ ਨੂੰ ਧਿਆਨ ਨਾਲ ਸੁਣਨ ਉਪਰੰਤ ਮੈਂਬਰ ਪਾਰਲੀਮੈਂਟ ਸ. ਮਾਨ ਨੇ ਭਰੋਸਾ ਦੁਆਇਆ ਕਿ ਆਊਟਸੋਰਸਿੰਗ ਕਰਮਚਾਰੀਆਂ ਦੇ ਰੁਜਗਾਰ ਨੂੰ ਬਚਾਉਣ ਲਈ ਹਰ ਸੰਭਵ ਪੈਰਵੀ ਕਰਨਗੇ | ਸ. ਮਾਨ ਨੇ ਕਿਹਾ ਕਿ ਬਤੌਰ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵੱਲੋਂ ਐਲਾਨ ਕਰਕੇ ਮੁਕਰਨਾ ਮਾੜੀ ਗੱਲ ਹੈ | ਇਸ ਵਾਅਦਾ ਖਿਲਾਫੀ ਲਈ ਉਨ੍ਹਾਂ ‘ਤੇ ਕਾਨੂੰਨੀ ਕਾਰਵਾਈ ਵੀ ਹੋ ਸਕਦੀ ਹੈ | ਉਨ੍ਹਾਂ ਕਿਹਾ ਕਿ ਉਂਝ ਵੀ ਬੇਰੁਜਗਾਰੀ ਨੂੰ ਖਤਮ ਕਰਨ, ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਅਤੇ ਘਰ-ਘਰ ਨੌਕਰੀਆਂ ਦੇ ਵੱਡੇ-ਵੱਡੇ ਵਾਅਦੇ ਤੇ ਦਾਅਵੇ ਕਰਕੇ ਹੀ ਆਮ ਆਦਮੀ ਪਾਰਟੀ ਸੱਤਾ ਵਿੱਚ ਆਈ ਹੈ | ਜੇਕਰ ਪੰਜਾਬ ਵਿਚਲੀ ਆਮ ਆਦਮੀ ਪਾਰਟੀ ਦੀ ਸਰਕਾਰ ਆਪਣੇ ਵਾਅਦੇ ਮੁਤਾਬਿਕ ਕੱਚੇ ਮੁਲਾਜ਼ਮਾਂ ਨੂੰ ਪੱਕੇ ਨਹੀਂ ਕਰ ਸਕਦੀ ਤਾਂ ਘੱਟੋ-ਘੱਟ ਇਹ ਯਕੀਨੀ ਜਰੂਰ ਬਣਾਵੇ ਕਿ ਲੰਬੇ ਸਮੇਂ ਤੋਂ ਸਰਕਾਰੀ ਦਫਤਰਾਂ ਵਿੱਚ ਕੰਮ ਕਰਦੇ ਆਊਟਸੋਰਸਿੰਗ ਮੁਲਾਜ਼ਮਾਂ ਨੂੰ ਨੌਕਰੀ ਤੋਂ ਫਾਰਗ ਨਾ ਕੀਤਾ ਜਾਵੇ | ਸ. ਮਾਨ ਨੇ ਯੂਨੀਅਨ ਦੇ ਵਫਦ ਨੂੰ ਭਰੋਸਾ ਦੁਆਇਆ ਕਿ ਸ਼੍ਰੋਮਣੀ ਅਕਾਲੀ ਦਲ (ਅ) ਹਮੇਸ਼ਾ ਉਨ੍ਹਾਂ ਦੇ ਨਾਲ ਹੈ ਅਤੇ ਪਾਰਟੀ ਵੱਲੋਂ ਉਨ੍ਹਾਂ ਦੀ ਹਰ ਸੰਭਵ ਸਹਾਇਤਾ ਕੀਤੀ ਜਾਵੇਗੀ |
    ਮੈਂਬਰ ਪਾਰਲੀਮੈਂਟ ਸ. ਸਿਮਰਨਜੀਤ ਸਿੰਘ ਮਾਨ ਨੂੰ ਮਿਲੇ ਯੂਨੀਅਨ ਦੇ ਵਫਦ ਵਿੱਚ ਸੂਬਾ ਪ੍ਰਧਾਨ ਰਮਨਪ੍ਰੀਤ ਕੌਰ ਮਾਨ, ਜਰਨਲ ਸਕੱਤਰ ਵੀਰਪਾਲ ਕੌਰ, ਸੀਨੀਅਰ ਮੀਤ ਪ੍ਰਧਾਨ ਨਿਸ਼ਾ ਰਾਣੀ, ਸੂਬਾ ਖਜਾਨਚੀ ਕਰਮਜੀਤ ਸਿੰਘ, ਪ੍ਰੈਸ ਸਕੱਤਰ ਮਨਦੀਪ ਸਿੰਘ, ਊਸ਼ਾ ਰਾਣੀ, ਗੁਰਜੀਤ ਕੌਰ, ਪ੍ਰੀਤੀ ਗਰਗ, ਮੱਖਣ ਸਿੰਘ, ਹਰਜਿੰਦਰ ਸਿੰਘ ਸਮੇਤ ਹੋਰ ਕਰਮਚਾਰੀ ਵੀ ਹਾਜਰ ਸਨ, ਜਦੋਂਕਿ ਸ. ਮਾਨ ਦੇ ਨਾਲ ਸ਼੍ਰੋਮਣੀ ਅਕਾਲੀ ਦਲ (ਅ) ਦੇ ਜ਼ਿਲ੍ਹਾ ਬਰਨਾਲਾ ਪ੍ਰਧਾਨ ਦਰਸ਼ਨ ਸਿੰਘ ਮੰਡੇਰ, ਗੁਰਜੰਟ ਸਿੰਘ ਕੱਟੂ ਨਿੱਜੀ ਸਕੱਤਰ ਮੈਂਬਰ ਪਾਰਲੀਮੈਂਟ, ਪੀ.ਏ.ਸੀ. ਮੈਂਬਰ ਬਹਾਦਰ ਸਿੰਘ ਭਸੌੜ, ਹਰਬੰਸ ਸਿੰਘ ਸਲੇਮਪੁਰ ਸਮੇਤ ਹੋਰ ਅਹੁਦੇਦਾਰ ਵੀ ਹਾਜਰ ਸਨ |


Spread the love
Scroll to Top