Skip to content
ਕਿਊ ਆਰ ਕੋਡ ਸਕੈਨ ਕਰਕੇ ਵੀ ਖਰੀਦ ਸਕਦੇ ਹੋ ਐਂਟਰੀ ਟਿਕਟ
ਰਾਜੇਸ਼ ਗੋਤਮ , ਪਟਿਆਲਾ, 24 ਫਰਵਰੀ 2023
ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਸਮੂਹ ਪਟਿਆਲਵੀਆਂ ਨੂੰ ਪਟਿਆਲਾ ਦੀ ਵਿਰਾਸਤੀ ਇਮਾਰਤ ਸ਼ੀਸ਼ ਮਹਿਲ ਦੇ ਵਿਹੜੇ ‘ਚ 25 ਫਰਵਰੀ ਤੋਂ 5 ਮਾਰਚ ਤੱਕ ਲੱਗਣ ਜਾ ਰਹੇ ਕਰਾਫ਼ਟ ਮੇਲਾ-ਰੰਗਲਾ ਪੰਜਾਬ 2023 ਦਾ ਹਿੱਸਾ ਬਣਨ ਦਾ ਸੱਦਾ ਦਿੱਤਾ ਹੈ। ਅੱਜ ਇੱਥੇ ਸ਼ੀਸ਼ ਮਹਿਲ ਵਿਖੇ ਇਸ ਮੇਲੇ ਲਈ ਮੁਕੰਮਲ ਹੋ ਰਹੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਮੌਕੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਮੇਲੇ ਦਾ ਉਦਘਾਟਨ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ 25 ਫਰਵਰੀ ਨੂੰ ਸਵੇਰੇ 10 ਵਜੇ ਕਰਨਗੇ।
ਉਨ੍ਹਾਂ ਦੱਸਿਆ ਕਿ ਦਰਸ਼ਕ ਇਸ ਕਰਾਫ਼ਟ ਮੇਲੇ ਦੀਆਂ ਟਿਕਟਾਂ ਲਾਇਨਾਂ ਵਿੱਚ ਲੱਗਕੇ ਖਰੀਦਣ ਦੀ ਥਾਂ ਆਨਲਾਈਨ ਵੈਬਸਾਇਟ ‘ਕਰਾਫਟਮੇਲਾ ਡਾਟ ਮਾਈਗੈਟਪੇ ਡਾਟ ਕਾਮ’ ਤੋਂ ਵੀ ਖਰੀਦ ਸਕਦੇ ਹਨ। ਇਸ ਤੋਂ ਬਿਨ੍ਹਾਂ ਕਿਊਆਰ ਕੋਡ ਸਕੈਨ ਕਰਕੇ ਵੀ 20 ਰੁਪਏ ਦੀ ਟਿਕਟ ਖਰੀਦੀ ਜਾ ਸਕੇਗੀ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਦਿੱਤੇ ‘ਰੰਗਲਾ ਪੰਜਾਬ’ ਸੰਕਲਪ ਤਹਿਤ ਕਰਾਫ਼ਟ ਮੇਲਾ ਪਹਿਲੀ ਵਾਰ ਰੰਗਲਾ ਪੰਜਾਬ ਦੇ ਨਾਮ ਹੇਠ ਕਰਵਾਇਆ ਜਾ ਰਿਹਾ ਹੈ।
ਸਾਕਸ਼ੀ ਸਾਹਨੀ ਨੇ ਦੱਸਿਆ ਕਿ ਰੰਗਲਾ ਪੰਜਾਬ ਕਰਾਫ਼ਟ ਮੇਲੇ ਵਿੱਚ ਦਰਸ਼ਕਾਂ ਲਈ 26 ਫਰਵਰੀ ਦੀ ਸ਼ਾਮ 6 ਵਜੇ ਮਸ਼ਹੂਰ ਗਾਇਕ ਅੰਮ੍ਰਿਤ ਮਾਨ ਆਪਣੀ ਪੇਸ਼ਕਾਰੀ ਦੇਣਗੇ। ਜਦੋਂਕਿ ਸਮੇਤ ਉੱਤਰ ਖੇਤਰੀ ਸਭਿਆਚਾਰਕ ਕੇਂਦਰ ਪਟਿਆਲਾ ਵਲੋਂ ਦਰਜਨ ਤੋਂ ਵੱਧ ਰਾਜਾਂ ਦੇ ਲੋਕ ਨਾਚਾਂ ਅਤੇ ਲੋਕ ਕਲਾਵਾਂ ਦੇ 125 ਦੇ ਕਰੀਬ ਕਲਾਕਾਰ ਆਪਣੀਆਂ ਵੰਨਗੀਆਂ ਪੇਸ਼ ਕਰਨਗੇ। ਇਸ ਤੋਂ ਬਿਨ੍ਹਾਂ ਅਫ਼ਗਾਨਿਸਤਾਨ, ਦੱਖਣੀ ਅਫ਼ਰੀਕਾ ਤੇ ਥਾਈਲੈਂਡ ਸਮੇਤ ਦੇਸ਼ ਭਰ ਤੋਂ ਪੁੱਜਣ ਵਾਲੇ ਵੱਖ-ਵੱਖ ਹਸਤ ਕਲਾਵਾਂ ਦੇ ਮਾਹਰਾਂ ਦੀਆਂ ਦਸਤਕਾਰੀ ਵਸਤਾਂ ਦੇ 110 ਸਟਾਲ ਲੱਗਣਗੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕਰਾਫਟ ਮੇਲੇ ‘ਚ ਬੱਚਿਆਂ ਲਈ ਕਿਡਜ਼ ਕਾਰਨਰ, ਝੂਲੇ, ਖੇਡਾਂ ਤੇ ਹੋਰ ਮੰਨੋਰੰਜਨ, ਲਜ਼ੀਜ ਖਾਣਿਆਂ ਦੀਆਂ ਸਟਾਲਾਂ, ਲੋਕ ਨਾਚ ਸਮੇਤ ਹੋਰ ਬਹੁਤ ਕੁਝ ਹੋਵੇਗਾ, ਇਸ ਲਈ ਸਾਰੇ ਪਟਿਆਲਾ ਵਾਸੀਆਂ ਸਮੇਤ ਪੰਜਾਬ ਵਾਸੀ ਇਸ ਮੇਲੇ ਦਾ ਜਰੂਰ ਆਨੰਦ ਮਾਨਣ ਲਈ ਪੁੱਜਣ।
ਇਸ ਮੌਕੇ ਮੇਲੇ ਦੇ ਨੋਡਲ ਅਫ਼ਸਰ ਤੇ ਵਧੀਕ ਡਿਪਟੀ ਕਮਿਸ਼ਨਰ (ਦਿਹਾਤੀ ਵਿਕਾਸ) ਈਸ਼ਾ ਸਿੰਘਲ, ਨਗਰ ਨਿਗਮ ਦੇ ਸੰਯੁਕਤ ਕਮਿਸ਼ਨਰ ਜੀਵਨ ਜੋਤ ਕੌਰ, ਐਸ.ਡੀ.ਐਮ. ਰਾਜਪੁਰਾ ਡਾ. ਸੰਜੀਵ ਕੁਮਾਰ, ਆਬਕਾਰੀ ਵਿਭਾਗ ਦੇ ਸਹਾਇਕ ਕਮਿਸ਼ਨਰ ਕੰਨੂ ਗਰਗ ਤੇ ਡੀ.ਐਸ.ਪੀ. ਸਕਿਉਰਟੀ ਕਰਨੈਲ ਸਿੰਘ ਆਦਿ ਅਧਿਕਾਰੀਆਂ ਨਾਲ ਬੈਠਕ ਕਰਨ ਦੌਰਾਨ ਡਿਪਟੀ ਕਮਿਸ਼ਨਰ ਨੇ ਕਰਾਫ਼ਟ ਮੇਲੇ ‘ਚ ਵਲੰਟੀਅਰਾਂ ਵਜੋਂ ਸੇਵਾ ਨਿਭਾਉਣ ਵਾਲੇ ਨੌਜਵਾਨਾਂ ਨਾਲ ਵੀ ਗੱਲਬਾਤ ਕੀਤੀ।