ਕੌਮਾਂਤਰੀ ਔਰਤ ਦਿਵਸ ਮੌਕੇ ਬਰਨਾਲਾ ਦੀ ਦਾਣਾ ਮੰਡੀ ‘ਚ ਆਇਆ ਬਸੰਤੀ ਚੁੰਨੀਆਂ ਦਾ ਹੜ੍ਹ

Spread the love

ਹਜ਼ਾਰਾਂ ਔਰਤਾਂ ਨੇ ਭਾਕਿਯੂ (ਏਕਤਾ-ਉਗਰਾਹਾਂ) ਦੇ ਝੰਡੇ ਥੱਲੇ ਮਨਾਇਆ ਕੌਮਾਂਤਰੀ ਔਰਤ ਦਿਵਸ, ਸੰਘਰਸ਼ਾਂ ਵਿੱਚ ਵਧ ਚੜ੍ਹ ਕੇ ਸ਼ਾਮਲ ਹੋਣ ਦਾ ਕੀਤਾ ਅਹਿਦ

ਹਰਿੰਦਰ ਨਿੱਕਾ , ਬਰਨਾਲਾ 8 ਮਾਰਚ 2023

      ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਦੇ ਸੱਦੇ ‘ਤੇ ਅੱਜ ਇੱਥੇ ਦਾਣਾ ਮੰਡੀ ਵਿੱਚ ਬਸੰਤੀ ਚੁੰਨੀਆਂ ਦਾ ਹੜ੍ਹ ਲਿਆ ਕੇ ਹਜ਼ਾਰਾਂ ਔਰਤਾਂ ਨੇ ਕੌਮਾਂਤਰੀ ਔਰਤ ਦਿਵਸ ਜੋਸ਼ ਤੇ ਉਤਸ਼ਾਹ ਨਾਲ ਮਨਾਇਆ। ਉਹ ‘ਔਰਤ ਦਿਵਸ ਦਾ ਇਹ ਪੈਗ਼ਾਮ, ਜਾਰੀ ਰੱਖਣਾ ਹੈ ਸੰਗਰਾਮ’ ਵਰਗੇ ਜੋਸ਼ੀਲੇ ਨਾਹਰੇ ਮਾਰਦੀਆਂ ਹੋਈਆਂ ਕਾਫ਼ਲਿਆਂ ਦੇ ਰੂਪ ਵਿੱਚ ਪੰਡਾਲ ਵਿੱਚ ਪੁੱਜ ਰਹੀਆਂ ਸਨ। ਵੱਖ ਵੱਖ ਜ਼ਿਲ੍ਹਿਆਂ ਤੋਂ ਪੁੱਜੀਆਂ ਮੁੱਖ ਆਗੂ ਔਰਤਾਂ ਹੀ ਸਟੇਜ ਉੱਤੇ ਬਿਰਾਜਮਾਨ ਸਨ ਅਤੇ ਸਟੇਜ ਸਕੱਤਰ ਦੀ ਭੂਮਿਕਾ ਕਮਲਦੀਪ ਕੌਰ ਬਰਨਾਲਾ ਨਿਭਾ ਰਹੀ ਸੀ।
ਦਿੱਲੀ ਤੋਂ ਪੁੱਜੀ ਕੌਮੀ ਪੱਧਰ ਦੀ ਜਮਹੂਰੀ ਹੱਕਾਂ ਦੀ ਕਾਰਕੁਨ ਨਵਸ਼ਰਨ ਕੌਰ ਨੇ ਔਰਤ ਦਿਵਸ ਦੇ ਸੰਘਰਸ਼ਮਈ ਇਤਿਹਾਸ ਉੱਤੇ ਝਾਤ ਪੁਆਈ। ਕਿਵੇਂ ਸਾਡੇ ਸਮਾਜਿਕ ਰਾਜਨੀਤਕ ਢਾਂਚੇ ਵਿੱਚ ਔਰਤ ਦਾ ਦਰਜਾ ਅਜੇ ਵੀ ਦੂਜੇ ਦਰਜੇ ਦੇ ਸ਼ਹਿਰੀ ਵਾਲ਼ਾ ਹੋਣ ਕਰਕੇ ਜ਼ਿੰਦਗੀ ਦੇ ਹਰ ਖੇਤਰ ਵਿੱਚ ਅਣਗਿਣਤ ਦੁਸ਼ਵਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਕਿਸਾਨਾਂ ਮਜ਼ਦੂਰਾਂ ਤੇ ਸਮੂਹ ਕਿਰਤੀਆਂ ਦੀ ਆਰਥਿਕ ਲੁੱਟ ਤੇ ਸਮਾਜਿਕ ਵਿਤਕਰੇਬਾਜ਼ੀ ਦਾ ਖਾਤਮਾ ਔਰਤਾਂ ਵੱਲੋਂ ਮਰਦਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਲੰਬੇ ਜਾਨਹੂਲਵੇਂ ਸੰਘਰਸ਼ਾਂ ਰਾਹੀਂ ਹੀ ਸੰਭਵ ਹੈ। ਔਰਤ ਆਗੂ ਹਰਿੰਦਰ ਕੌਰ ਬਿੰਦੂ ਨੇ ਪੰਜਾਬ ਦੀਆਂ ਔਰਤਾਂ ਵੱਲੋਂ ਹੁਣ ਤੱਕ ਲੜੇ ਗਏ ਅਤੇ ਜਿੱਤੇ ਗਏ ਸਾਰੇ ਕਿਸਾਨੀ ਸੰਘਰਸ਼ਾਂ ਵਿੱਚ ਨਿਭਾਈ ਗਈ ਸਿਰਕੱਢ ਆਪਾਵਾਰੂ ਭੂਮਿਕਾ ਦੀਆਂ ਚੋਣਵੀਆਂ ਮਿਸਾਲਾਂ ਦੇ ਜ਼ਿਕਰ ਨਾਲ ਜੈ ਜੈਕਾਰ ਕੀਤੀ। ਉਨ੍ਹਾਂ ਵੱਲੋਂ ਸਮੂਹ ਔਰਤਾਂ ਨੂੰ ਜਥੇਬੰਦੀ ਵੱਲੋਂ ਪ੍ਰਸਤਾਵਿਤ ਨਵੀਂ ਖੇਤੀ ਨੀਤੀ ਨੂੰ ਲਾਗੂ ਕਰਵਾਉਣ ਅਤੇ ਐੱਮ ਐੱਸ ਪੀ ਦੀ ਕਾਨੂੰਨੀ ਗਰੰਟੀ ਸਮੇਤ ਮੁਕੰਮਲ ਕਰਜ਼ਾ ਮੁਕਤੀ ਵਰਗੀ ਭਖਦੇ ਮਸਲਿਆਂ ਉੱਤੇ ਸਾਹਮਣੇ ਖੜ੍ਹੇ ਸੰਘਰਸ਼ਾਂ ਵਿੱਚ ਵੀ ਵਧ ਚੜ੍ਹ ਕੇ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ।
ਅੱਜ ਦੇ ਪ੍ਰਸੰਗ ਵਿੱਚ ਇਤਿਹਾਸਕ ਔਰਤ ਦਿਵਸ ਦੀ ਵਿਸ਼ੇਸ਼ ਮਹੱਤਤਾ ਉੱਤੇ ਚਾਨਣ ਪਾਉਂਦਿਆਂ ਜਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਚਰਚਾ ਅਧੀਨ ਲਿਆਂਦੀ ਗਈ ਨਵੀਂ ਖੇਤੀ ਨੀਤੀ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੀ ਹੋਣੀ ਨੂੰ ਤਹਿ ਕਰਨ ਵਾਲ਼ਾ ਭਖਦਾ ਮੁੱਦਾ ਅੱਜ ਦੀ ਔਰਤ ਕਾਨਫਰੰਸ ਦਾ ਕੇਂਦਰੀ ਮੁੱਦਾ ਹੈ। ਕਿਉਂਕਿ ਔਰਤ ਮੁਕਤੀ ਦਾ ਮਸਲਾ ਸਾਡੇ ਖੇਤੀ ਪ੍ਰਧਾਨ ਦੇਸ਼ ਦੀ ਵਸੋਂ ਦੇ ਸਭ ਤੋਂ ਵੱਡੇ ਇਸ ਕਿਰਤੀ ਹਿੱਸੇ ਦੀ ਅੰਨ੍ਹੀ ਲੁੱਟ ਤੋਂ ਮੁਕੰਮਲ ਮੁਕਤੀ ਨਾਲ਼ ਹੀ ਜੁੜਿਆ ਹੋਇਆ ਹੈ। ਖੇਤੀ ਧੰਦੇ ਦੀ ਹੱਡ ਭੰਨਵੀਂ ਕਿਰਤ ਨੂੰ ਚੁੰਬੜੀਆਂ ਤਿੰਨ ਵੱਡੀਆਂ ਜੋਕਾਂ ਜਗੀਰਦਾਰਾਂ, ਸੂਦਖੋਰਾਂ ਅਤੇ ਸਾਮਰਾਜੀ ਕਾਰਪੋਰੇਟਾਂ ਦਾ ਖੇਤੀ ਖੇਤਰ ‘ਚੋਂ ਸਫ਼ਾਇਆ ਕਰਨ ਨਾਲ ਹੀ ਇਸ ਅੰਨ੍ਹੀ ਲੁੱਟ ਤੋਂ ਮੁਕਤੀ ਹੋਣੀ ਹੈ। ਜ਼ਮੀਨਾਂ ਤੇ ਖੇਤੀ ਸੰਦਾਂ ਸਾਧਨਾਂ ਦੀ ਕਾਣੀ ਵੰਡ ਦੇ ਖਾਤਮੇ ਲਈ ਜ਼ਮੀਨੀ ਹੱਦਬੰਦੀ ਕਾਨੂੰਨ ਸਖ਼ਤੀ ਨਾਲ ਲਾਗੂ ਕਰਨਾ, ਸੂਦਖੋਰੀ ਦੇ ਮੁਕੰਮਲ ਖਾਤਮੇ ਲਈ ਸਖ਼ਤ ਕਰਜ਼ਾ ਕਾਨੂੰਨ ਬਣਾਉਣਾ ਅਤੇ ਖੇਤੀ ਲਾਗਤਾਂ ਤੇ ਫ਼ਸਲਾਂ ਦੀਆਂ ਮੰਡੀਆਂ ਵਿੱਚੋਂ ਸਾਮਰਾਜੀ ਕਾਰਪੋਰੇਟਾਂ ਨੂੰ ਬਾਹਰ ਕੱਢਣਾ ਨਵੀਂ ਖੇਤੀ ਨੀਤੀ ਦੇ ਮੁੱਖ ਮੁੱਦੇ ਹਨ।
ਦਿੱਲੀ ਦੀ ਵਸਨੀਕ ਮੀਨਾ ਰਾਠੀ ਵੱਲੋਂ ਹਕੂਮਤੀ ਖ਼ੌਫ਼ ਤੋਂ ਬੇਪਰਵਾਹ ਹੋ ਕੇ ਟਿਕਰੀ ਬਾਰਡਰ ਮੋਰਚੇ ਵਿੱਚ ਆਵਦੇ ਘਰ ਨੂੰ ਜਥੇਬੰਦੀ ਦਾ ਦਫ਼ਤਰ ਬਣਾ ਕੇ ਕੀਤੀ ਗਈ ਸਰਵਪੱਖੀ ਹਮਾਇਤ ਨੂੰ ਉਭਾਰਦਿਆਂ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਵੱਲੋਂ ਉਨ੍ਹਾਂ ਨੂੰ ਸਟੇਜ ਤੇ ਇੱਕ ਸ਼ਾਲ ਅਤੇ ਜਥੇਬੰਦਕ ਬੈਜ ਵਾਲ਼ਾ ਟਾਈਮਪੀਸ ਭੇਂਟ ਕਰਕੇ ਬਣਦਾ ਸਨਮਾਨ ਦਿੱਤਾ ਗਿਆ। ਸ਼੍ਰੀ ਉਗਰਾਹਾਂ ਵੱਲੋਂ ਕਿਹਾ ਗਿਆ ਕਿ ਔਰਤ ਮੁਕਤੀ ਦਾ ਰਾਹ ਕਿਸਾਨਾਂ ਮਜ਼ਦੂਰਾਂ ਦੀ ਮੁਕਤੀ ਵੱਲ ਸੇਧਿਤ ਜਾਨਹੂਲਵੇਂ ਸੰਘਰਸ਼ਾਂ ਦਾ ਰਾਹ ਹੀ ਬਣਦਾ ਹੈ।ਵਾਰ ਵਾਰ ਬਦਲ ਕੇ ਲਿਆਂਦੀਆਂ ਗਈਆਂ ਸਰਕਾਰਾਂ ਦਾ ਜਗੀਰਦਾਰਾਂ, ਸੂਦਖੋਰਾਂ ਤੇ ਸਾਮਰਾਜੀ ਕਾਰਪੋਰੇਟਾਂ ਪੱਖੀ ਕਿਰਦਾਰ ਅਜਿਹੇ ਸੰਘਰਸ਼ਾਂ ਦੀ ਅਣਸਰਦੀ ਲੋੜ ਉਤੇ ਹੀ ਮੋਹਰ ਲਾਉਂਦਾ ਹੈ। ਸਟੇਜ ਉੱਤੋਂ ਪੇਸ਼ ਕੀਤੇ ਗਏ ਇੱਕ ਮਤੇ ਰਾਹੀਂ ਪੰਡਾਲ਼’ਚ ਹਾਜ਼ਰ ਸਮੂਹ ਔਰਤਾਂ ਵੱਲੋਂ ਆਉਣ ਵਾਲੇ ਸੰਘਰਸ਼ਾਂ ਵਿੱਚ ਵਧ ਚੜ੍ਹ ਕੇ ਸ਼ਾਮਲ ਹੋਣ ਦਾ ਅਹਿਦ ਕੀਤਾ ਗਿਆ। ਦੂਜੇ ਮਤੇ ਰਾਹੀਂ ਹਰਿਆਣਾ ਸਰਕਾਰ ਦੇ ਖੇਡ ਮੰਤਰੀ ਸੰਦੀਪ ਸਿੰਘ ਵੱਲੋਂ ਇੱਕ ਔਰਤ ਕੋਚ ਨਾਲ਼ ਛੇੜਖਾਨੀ ਕਰਨ ਦੀ ਸਖ਼ਤ ਨਿਖੇਧੀ ਕੀਤੀ ਗਈ ਅਤੇ ਮੰਤਰੀ ਦਾ ਅਹੁਦਾ ਬਰਖਾਸਤ ਕਰਨ ਤੇ ਉਸ ਵਿਰੁੱਧ ਕੇਸ ਦਰਜ ਕਰਕੇ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਗਈ।
       ਇਸ ਮੌਕੇ ਪ੍ਰਮੁੱਖ ਔਰਤ ਆਗੂਆਂ ਮਨਜੀਤ ਕੌਰ ਸੰਗਰੂਰ, ਬਚਿੱਤਰ ਕੌਰ ਮੋਗਾ,ਸਰੋਜ ਰਾਣੀ ਮਾਨਸਾ, ਪਰਮਜੀਤ ਕੌਰ ਬਠਿੰਡਾ, ਰਾਜਨਦੀਪ ਕੌਰ ਫਾਜ਼ਿਲਕਾ ਅਤੇ ਜਸਪਾਲ ਕੌਰ ਮੁਕਤਸਰ ਤੋਂ ਇਲਾਵਾ ਸੂਬਾ ਆਗੂ ਝੰਡਾ ਸਿੰਘ ਜੇਠੂਕੇ, ਸ਼ਿੰਗਾਰਾ ਸਿੰਘ ਮਾਨ, ਹਰਦੀਪ ਸਿੰਘ ਟੱਲੇਵਾਲ, ਰੂਪ ਸਿੰਘ ਛੰਨਾਂ, ਜਨਕ ਸਿੰਘ ਭੁਟਾਲ, ਜਗਤਾਰ ਸਿੰਘ ਕਾਲਾਝਾੜ ਅਤੇ ਸੀਮਤ ਗਿਣਤੀ ਵਿੱਚ ਜ਼ਿਲ੍ਹਾ/ ਬਲਾਕ/ ਪਿੰਡ ਪੱਧਰੇ ਆਗੂ ਵੀ ਹਾਜ਼ਰ ਸਨ।ਸਾਬਕਾ ਸੈਨਿਕ ਸੈਂਕੜਿਆਂ ਦੀ ਗਿਣਤੀ ਵਿੱਚ ਸਮੇਤ। ਪ੍ਰੀਵਾਰ ਪਹੁੰਚੇ ਸਨ।


Spread the love
Scroll to Top