ਪੀ ਕੇ,ਨਕਲੀ ਸ਼ਰਾਬ ਉਹ ਸਦਾ ਦੀ ਨੀਂਦ ਸੌਂ ਗਏ ””””

Spread the love

ਰਿੰਕੂ ਝਨੇੜੀ , ਸੰਗਰੂਰ 8 ਅਪ੍ਰੈਲ 2023 

     ਜਿਲ੍ਹੇ ਦੇ ਪਿੰਡ ਨਮੋਲ ਦੇ ਰਹਿਣ ਵਾਲੇ ਤਿੰਨ ਮਜੂਦਰ ਨਕਲੀ ਸ਼ਰਾਬ ਪੀਣ ਤੋਂ ਬਾਅਦ, ਰਾਤ ਨੂੰ ਅਜਿਹੇ ਸੁੱਤੇ ਕਿ ਸਦਾ ਦੀ ਨੀਂਦ ਹੀ ਸੌਂ ਗਏ। ਪਰਿਵਾਰਿਕ ਮੈਂਬਰਾਂ ਨੂੰ ਉਦੋਂ ਪਤਾ ਲੱਗਿਆ, ਜਦੋਂ ਉਹ ਸਵੇਰੇ ਨਾ ਉਠਿਆ ਤਾਂ ਉਨਾਂ ਨੂੰ ਉਠਾਉਣ ਦੀ ਕੋਸ਼ਿਸ਼ ਕੀਤੀ ਤੇ ਉਨਾਂ ਦੀ ਮੌਤ ਹੋ ਚੁੱਕੀ ਸੀ। ਵੇਖਦਿਆਂ ਹੀ ਵੇਖਦਿਆਂ ਆਲੇ-ਦੁਆਲੇ ਵਿੱਚ ਰੌਲਾ ਪੈ ਗਿਆ। ਮਰਨ ਵਾਲਿਆਂ ਦੀ ਪਹਿਚਾਣ ਗੁਰਮੇਲ ਸਿੰਘ, ਗੁਰਤੇਜ ਸਿੰਘ ਅਤੇ ਚਮਕੌਰ ਸਿੰਘ ਦੇ ਰੂਪ ਵਿੱਚ ਹੋਈ ਹੈ। ਚਮਕੌਰ ਸਿੰਘ ਦੀ ਪਤਨੀ ਨੇ ਦੱਸਿਆ ਕਿ ਉਸ ਦਾ ਪਤੀ ਹਰ ਦਿਨ ਸ਼ਰਾਬ ਪੀ ਕੇ ਆਉਂਦਾ ਸੀ ਅਤੇ ਸੌਂ ਜਾਂਦਾ ਸੀ। ਸ਼ਨੀਵਾਰ ਦੀ ਸਵੇਰ ਜਦੋਂ ਕਾਫੀ ਦੇਰ ਤੱਕ ਵੀ ਉਹ ਨਹੀਂ ਉਠਿਆ ਤਾਂ ਚਾਦਰ ਚੁੱਕ ਕੇ ਦੇਖਿਆ , ਉਹ ਮਰਿਆ ਪਿਆ ਸੀ। ਚਮਕੌਰ ਸਿੰਘ ਆਪਣੇ ਘਰ ਵਿਚ ਇਕੱਲਾ ਹੀ ਕਮਾਊ ਸੀ।

ਕਾਫੀ ਸਮੇਂ ਤੋਂ ਵਿਕਦੀ ਸੀ ਨਕਲੀ ਸ਼ਰਾਬ

    ਨਮੋਲ ਵਾਸੀਆਂ ਮੁਤਾਬਿਕ ਉਨਾਂ ਦੇ ਪਿੰਡ ਵਿੱਚ ਪਿਛਲੇ ਕਾਫੀ ਲੰਬੇ ਸਮੇਂ ਤੋਂ ਨਕਲੀ ਸ਼ਰਾਬ ਦਾ ਕੰਮ ਚੱਲ ਰਿਹਾ ਹੈ ਅਤੇ ਇਨ੍ਹਾਂ ਮਜ਼ਦੂਰਾਂ ਦੀ ਮੌਤ ਵੀ ਇਸੇ ਨਕਲੀ ਸ਼ਰਾਬ ਕਾਰਨ ਹੋ ਰਹੀ ਹੈ। ਲੋਕਾਂ ਨੇ ਪ੍ਰਸ਼ਾਸਨ ’ਤੇ ਵਰ੍ਹਦਿਆਂ ਕਿਹਾ ਕਿ ਨਾ ਤਾਂ ਪ੍ਰਸ਼ਾਸਨ ਨਸ਼ਿਆਂ ਪ੍ਰਤੀ ਸੁਚੇਤ ਹੈ ਅਤੇ ਨਾ ਹੀ ਪ੍ਰਸ਼ਾਸਨ ਵੱਲੋਂ ਨਕਲੀ ਸ਼ਰਾਬ ਵੇਚਣ ਵਾਲਿਆਂ ’ਤੇ ਕੋਈ ਸ਼ਿਕੰਜਾ ਕਸਿਆ ਜਾ ਰਿਹਾ ਹੈ। ਆਪਣੇ ਪਿੰਡ ਵਿੱਚ ਇੱਕੋ ਸਮੇਂ ਹੋਈਆਂ ਤਿੰਨ ਮੌਤਾਂ ਤੋਂ ਭੜ੍ਹਕੇ ਲੋਕਾਂ ਨੇ ਪ੍ਰਸ਼ਾਸਨ ਨੂੰ ਤਾੜਨਾ ਕੀਤੀ ਕਿ ਜੇਕਰ ਨਕਲੀ ਸ਼ਰਾਬ ਵੇਚਣ ਵਾਲਿਆਂ ਖ਼ਿਲਾਫ਼ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਨਾ ਕੀਤੀ ਗਈ ਤਾਂ ਪਿੰਡ ਵਾਸੀ ਸੰਘਰਸ਼ ਵਿੱਢਣ ਲਈ ਮਜਬੂਰ ਹੋਣਗੇ।  

ਐੱਸ.ਐੱਚ.ਓ ਬੋਲਿਆ,  ਬਖਸ਼ੇ ਨਹੀਂ ਜਾਣਗੇ ਦੋਸ਼ੀ
ਪੁਲਿਸ ਥਾਣਾ ਚੀਮਾ ਦੇ ਐਸਐਚਓ ਲਖਬੀਰ ਸਿੰਘ ਨੇ                              ਕਿਹਾ ਕਿ ਉਨਾਂ ਨੂੰ ਸਵੇਰੇ ਪਿੰਡ ਨਮੋਲ ਦੇ ਸਰਪੰਚ ਦਾ ਫੋਨ ਆਇਆ ਸੀ।ਜਿੰਨ੍ਹਾਂ ਦੱਸਿਆ ਸੀ ਕਿ ਉਨ੍ਹਾਂ ਦੇ ਪਿੰਡ ਵਿੱਚ 3 ਮਜ਼ਦੂਰਾਂ ਦੀ ਮੌਤ ਹੋ ਗਈ ਹੈ। ਜਦੋਂ ਮੌਕੇ ’ਤੇ ਜਾ ਕੇ ਦੇਖਿਆ ਤਾਂ ਘਰ ਵਿੱਚ ਤਿੰਨ ਮਜ਼ਦੂਰ ਗੁਰਮੇਲ ਸਿੰਘ, ਗੁਰਤੇਜ ਸਿੰਘ ਅਤੇ ਚਮਕੌਰ ਸਿੰਘ ਮ੍ਰਿਤਕ ਪਾਏ ਗਏ। ਉਨਾਂ ਕਿਹਾ ਕਿ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ, ਜੋ ਵੀ ਦੋਸ਼ੀ ਪਾਇਆ ਗਿਆ, ਉਸ ਦੇ ਖ਼ਿਲਾਫ਼ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਅਮਲ ਵਿੱਚ ਜਾਵੇਗੀ।


Spread the love
Scroll to Top