ਐਤਕੀਂ ਦਮਦਮਾ ਸਾਹਿਬ ਦੀ ਵਿਸਾਖੀ ਮੌਕੇ ਸਿਆਸੀ ਸ਼ਰੀਕ ਨਹੀਂ ਹੋਣਗੇ ਮੇਹਣੋ-ਮਿਹਣੀ

Spread the love

ਅਸ਼ੋਕ ਵਰਮਾ , ਬਠਿੰਡਾ,10 ਅਪਰੈਲ 2023
     ਐਤਕੀਂ ਦਮਦਮਾ ਸਾਹਿਬ ਦੀ ਵਿਸਾਖੀ ’ਤੇ ਮਾਲਵੇ ਨਾਲ ਸਬੰਧਤ ਵੱਡੇ ਸਿਆਸੀ ਤੇ ਸਮਾਜਿਕ ਸ਼ਰੀਕਾਂ ਦੇ ਮਿਹਣਿਆਂ ਦੀ ਗੂੰਜ ਪੈਣ ਦੀ ਸੰਭਾਵਨਾ ਖਤਮ ਹੋ ਗਈ  ਹੈ। ਹਾਲਾਂ ਕਿ ਵਿਧਾਨ ਸਭਾ ਦੇ ਪਿਛਲੇ  ਸੈਸ਼ਨ ’ਚ  ਵੱਖ ਵੱਖ ਮੁੱਦਿਆਂ ਨੂੰ ਲੈ ਕੇ ਰਹੀ ਗਰਮੀ ਅਤੇ ਪੰਜਾਬ ਵਿਚ ਚੱਲ ਰਹੇ ਮਹੌਲ ਨੇ ਵਿਸਾਖੀ ਕਾਨਫ਼ਰੰਸਾਂ ਲਈ ਨਵੇਂ ਹੱਲਿਆਂ ਦਾ ਮੁੱਢ ਬੰਨ੍ਹਿਆ ਸੀ । ਫ਼ਿਰ ਵੀ ਸਿਆਸੀ ਭਲਵਾਨਾਂ ਨੇ ਇਸ ਵਾਰ ਵਿਸਾਖੀ ਮੇਲੇ ਤੋਂ ਪਾਸਾ ਵੱਟ ਲਿਆ ਹੈ ।
     ਸਿਆਸੀ ਧਿਰਾਂ ਦੇ ਇਸ ਫ਼ੈਸਲੇ ਦਾ ਸੁਖਾਵਾਂ ਪੱਖ ਇਹ ਹੈ ਕਿ ਸਿੱਖ ਸੰਗਤ ਨੂੰ ਲੀਡਰਾਂ ਦੇ ਲੱਛੇਦਾਰ ਭਾਸ਼ਣਾਂ ਤੋਂ ਮੁਕਤੀ ਮਿਲੇਗੀ। ਇਸ ਤੋਂ ਇਹ ਵੀ ਸਪਸ਼ਟ ਹੈ ਕਿ ਇਹ ਵਿਸਾਖੀ ਮੇਲਾ ਸ਼ੁੱਧ  ਸੰਗਤਾਂ ਦੇ ਧਾਰਮਕ ਅਕੀਦਿਆਂ ਦੀ ਪੂਰਤੀ ਨਾਲ ਜੁੜਿਆ ਰਹੇਗਾ। ਉਂਝ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਸੰਗਤ ਨੂੰ ਵਿਸਾਖੀ ਮੇਲੇ ਵਿਚ ਵੱਧ ਤੋਂ ਵੱਧ ਸ਼ਿਰਕਤ ਕਰਨ ਦੀ ਅਪੀਲ ਕਾਰਨ ਇਸ ਵਾਰ  ਮੇਲੇ ਵਿਚ ਭਾਰੀ ਇਕੱਠ ਹੋਣ ਦੇ ਅਨੁਮਾਨ ਲਾਏ ਜਾ ਰਹੇ ਹਨ।
  ਮੰਨਿਆ ਜਾ ਰਿਹਾ ਹੈ ਕਿ ਸਿਆਸੀ ਧਿਰਾਂ ਵੱਲੋਂ ਲਏ ਇਸ ਫੈਸਲੇ  ਦਾ ਸਭ ਤੋਂ ਅਹਿਮ ਕਾਰਨ ਜਲੰਧਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਹੈ ਜਦੋਂ ਕਿ ਅੰਮ੍ਰਿਤਪਾਲ ਸਿੰਘ ਨਾਲ ਜੁੜਿਆ ਮਾਮਲਾ ਵੀ ਇਸਦੀ ਦੂਸਰੀ ਵਜਾਹ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਐਤਕੀਂ ਤਲਵੰਡੀ ਸਾਬੋ ਦੇ ਵਿਸਾਖੀ ਮੇਲੇ ਮੌਕੇ ਪੰਜਾਬ ਦੀਆਂ ਚਾਰ ਪ੍ਰਮੁੱਖ ਸਿਆਸੀ ਧਿਰਾਂ ਸੱਤਾਧਾਰੀ ਆਮ ਆਦਮੀ ਪਾਰਟੀ, ਅਕਾਲੀ ਦਲ, ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਸਿਆਸੀ ਕਾਨਫਰੰਸਾਂ ਨਹੀਂ ਕਰ ਰਹੀਆਂ ਹਨ।
    ਭਗਵੰਤ ਮਾਨ ਸਰਕਾਰ ਨੇ ਇੱਕ ਵਰ੍ਹਾ ਮੁਕੰਮਲ ਵੀ ਕਰ ਲਿਆ ਹੈ ਅਤੇ ਹਾਕਮ ਧਿਰ ਕੋਲ ਆਪਣੀਆਂ ਪ੍ਰਾਪਤੀਆਂ ਦੱਸਣ ਦਾ ਵੀ ਮੌਕਾ ਹੈ । ਫਿਰ ਵੀ  ਸੱਤਾਧਾਰੀ ਪਾਰਟੀ  ਵਿਸਾਖੀ ਤੋਂ ਲਾਂਭੇ ਰਹੇਗੀ । ਸੱਤਾਧਾਰੀ ਧਿਰ ਦੇ ਜ਼ਿਲ੍ਹਾ ਪ੍ਰਧਾਨ ਅੰਮ੍ਰਿਤ ਲਾਲ ਅਗਰਵਾਲ ਦਾ ਕਹਿਣਾ ਸੀ ਕਿ ਅਜੇ ਤੱਕ ਪਾਰਟੀ ਨੇ ਉਨ੍ਹਾਂ ਨੂੰ ਵਿਸਾਖੀ ਮੇਲੇ ’ਤੇ ਕਾਨਫਰੰਸ ਕਰਨ ਦਾ ਕੋਈ ਪ੍ਰੋਗਰਾਮ ਨਹੀਂ ਦਿੱਤਾ ਹੈ। ਆਮ ਆਦਮੀ ਪਾਰਟੀ ਦੇ  ਬੁਲਾਰੇ ਨੀਲ ਗਰਗ ਨੇ ਦੱਸਿਆ ਕਿ  ਪਾਰਟੀ ਨੇ ਪਹਿਲਾਂ ਹੀ ਫੈਸਲਾ ਕਰ ਲਿਆ ਸੀ ਕਿ ਉਹ ਮੇਲਿਆਂ ’ਤੇ ਸਿਆਸੀ ਕਾਨਫਰੰਸਾਂ ਨਹੀਂ ਕਰਿਆ ਕਰੇਗੀ।
   ਦੱਸਣਯੋਗ ਹੈ ਕਿ ਹੈ ਪੰਜਾਬ ਵਿਚ ਸਰਕਾਰ ਬਣਨ ਤੋਂ ਬਾਅਦ ਹੀ  ਆਮ ਆਦਮੀ ਪਾਰਟੀ ਨੇ ਐਲਾਨ ਕੀਤਾ ਸੀ ਕਿ  ਮੇਲਿਆਂ ਮੌਕੇ ਸਿਆਸੀ ਕਾਨਫਰੰਸਾਂ ਨਹੀਂ ਕੀਤੀਆਂ ਜਾਣਗੀਆਂ। ਇਸ ਦੇ ਉਲਟ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਪ ਆਗੂਆਂ ਨੇ ਹਰ ਵਿਸਾਖੀ ਮੇਲੇ ਮੌਕੇ ਤਲਵੰਡੀ ਸਾਬੋ ਵਿੱਚ ਸਿਆਸੀ ਕਾਨਫਰੰਸ ਕੀਤੀ ਸੀ । ਹੁਣ ਜਦੋਂ ਸੂਬੇ ਵਿਚ ‘ਆਪ’ ਦੀ ਸਰਕਾਰ ਬਣੀ ਤਾਂ ਸੱਤਾਧਾਰੀ ਪਾਰਟੀ ਨੇ ਤਲਵੰਡੀ ਸਾਬੋ ਵਿਚ ਵਿਸਾਖੀ ਮੌਕੇ ਸਿਆਸੀ ਕਾਨਫਰੰਸ ਨਾ ਕਰਨ ਦਾ ਫੈਸਲਾ ਲਿਆ ਹੈ। 
     ਦੂਸਰੀ ਤਰਫ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਦੀ ਇਸ ਗੱਲੋਂ ਤਾਂ  ਅੱਡੀ ਨਹੀਂ ਲੱਗ ਰਹੀ ਕਿ ਉਨ੍ਹਾਂ ਕੋਲ ਮੁੱਦਿਆਂ ਦੀ ਕੋਈ ਕਮੀ ਨਹੀਂ ਫਿਰ ਵੀ ਅਕਾਲੀ ਦਲ ਵਿਸਾਖੀ ਮੇਲੇ ਤੇ ਕੋਈ ਸਿਆਸੀ ਪ੍ਰੋਗਰਾਮ ਨਹੀਂ ਕਰ ਰਿਹਾ ਹੈ। ਅਕਾਲੀ ਦਲ ਨੇ ਇਸ ਦਾ ਮੁੱਖ ਕਾਰਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਧਾਰਮਿਕ ਸਮਾਗਮ ਕਰਨ ਦੇ ਨਿਰਦੇਸ਼ ਦੇਣਾ ਹੈ। ਅਕਾਲੀ ਦਲ ਦੇ ਜਿਲ੍ਹਾ ਬਠਿੰਡਾ ਦਿਹਾਤੀ ਦੇ ਪ੍ਰਧਾਨ ਬਲਕਾਰ ਸਿੰਘ ਬਰਾੜ ਨੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਦਿੱਤੇ ਧਾਰਮਕ ਪ੍ਰੋਗਰਾਮ ਕਾਰਨ ਅਕਾਲੀ ਦਲ ਨੇ ਸਿਆਸੀ ਕਾਨਫਰੰਸਾਂ ਨਾ ਕਰਨ ਦਾ ਫੈਸਲਾ ਲਿਆ ਹੈ।
   ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਬਠਿੰਡਾ ਦਿਹਾਤੀ ਦੇ ਪ੍ਰਧਾਨ ਹਰਪ੍ਰੀਤ ਸਿੰਘ ਸਿੱਧੂ ਦਾ ਕਹਿਣਾ ਸੀ ਕਿ ਵਿਸਾਖੀ ਮੇਲੇ ਮੌਕੇ ਪਾਰਟੀ ਕੋਈ ਰਾਜਨੀਤਕ ਕਾਨਫਰੰਸ ਨਹੀਂ ਕਰ ਰਹੀ ਹੈ। ਉਨ੍ਹਾਂ ਦੱਸਿਆ ਕੇ ਪਾਰਟੀ ਦਾ ਸਾਰਾ ਧਿਆਨ ਜਲੰਧਰ ਜ਼ਿਮਨੀ ਚੋਣ ਵਿੱਚ ਲੱਗਿਆ ਹੋਇਆ ਹੈ ਜੋ ਇਸ ਦਾ ਮੁੱਖ ਕਾਰਨ ਹੈ। ਕਾਂਗਰਸ ਦੇ ਜ਼ਿਲ੍ਹਾ ਦਿਹਾਤੀ ਪ੍ਰਧਾਨ ਅਤੇ ਹਲਕਾ ਇੰਚਾਰਜ ਖੁਸ਼ਬਾਜ ਸਿੰਘ ਜਟਾਣਾ ਦਾ ਕਹਿਣਾ ਸੀ ਕਿ ਪਾਰਟੀ ਵੱਲੋਂ ਅਜੇ ਤੱਕ ਉਨ੍ਹਾਂ ਨੂੰ ਇਸ ਸੰਬੰਧ ਵਿੱਚ  ਕੋਈ ਸੁਨੇਹਾ ਨਹੀਂ ਆਇਆ ਹੈ। ਇੱਕ ਸੀਨੀਅਰ ਕਾਂਗਰਸੀ ਆਗੂ ਨੇ ਵੀ ਇਹੋ ਕਿਹਾ ਕਿ ਵਿਸਾਖੀ ਮੇਲਾ ਖ਼ੁਸ਼ੀ ਦਾ ਦਿਹਾੜਾ ਹੈ, ਜਿਸ ਕਰਕੇ ਕਾਂਗਰਸ ਵੱਲੋਂ ਕਾਨਫ਼ਰੰਸ ਨਹੀਂ ਕੀਤੀ ਜਾਵੇਗੀ। 

Spread the love
Scroll to Top