ਸਿੱਖ ਸਿਆਸਤ ‘ਚ ਪ੍ਰਕਾਸ਼ ਬਿਖੇਰਦਾ “ਪਾਸ਼” ਵੱਡਾ ਕੁਨਬਾ ਛੱਡ ਅਨੰਤ ਸਫ਼ਰ ਵੱਲ ਹੋਇਆ ਰਵਾਨਾ 

Spread the love

ਅਸ਼ੋਕ ਵਰਮਾ , ਬਾਦਲ, 27 ਅਪ੍ਰੈਲ 2023
     ਪੰਜਾਬ ਦੇ ਪੰਜ ਵਾਰ ਮੁੱਖ ਮੰਤਰੀ ਰਹੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਆਪਣੇ ਪਿੱਛੇ ਵੱਡਾ ਸਿਆਸੀ ਪਰੀਵਾਰ ਛੱਡ ਕੇ ਅਨੰਤ ਸਫ਼ਰ ਵੱਲ ਰਵਾਨਾ ਹੋ ਗਏ ਹਨ। ਆਪਣੇ ਪਿੰਡ ਵਿੱਚ ਪਾਸ਼ ਵਜੋਂ ਜਾਣੇ ਜਾਂਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਸਦੀਵੀ ਵਿਛੋੜੇ ਨੂੰ ਲੈ ਕੇ ਅੱਜ ਵੀ ਸਮੁੱਚਾ ਪਿੰਡ ਬਾਦਲ ਹੀ ਨਹੀਂ ਬਲਕਿ ਇਲਾਕੇ ਭਰ ਵਿੱਚ ਸ਼ੋਕ ਪਸਰਿਆ ਰਿਹਾ। ਹਜ਼ਾਰਾਂ ਦੀ ਗਿਣਤੀ ਵਿੱਚ ਇਲਾਕਾ ਵਾਸੀਆਂ , ਅਕਾਲੀ ਦਲ ਸਮੇਤ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ , ਸਮਾਜਿਕ ਅਤੇ ਧਾਰਮਿਕ ਸਖਸ਼ੀਅਤਾਂ ਨੇ ਉਨ੍ਹਾਂ ਨੂੰ ਹੰਝੂਆਂ ਭਰੀ ਅੰਤਮ ਵਿਦਾਇਗੀ ਦਿੱਤੀ।                               
                ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8 ਦਸੰਬਰ 1927 ਨੂੰ ਇਸ ਵੇਲੇ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ  ਪਿੰਡ ਅਬੁਲ ਖੁਰਾਣਾ ਵਿੱਚ ਹੋਇਆ ਸੀ।  ਉਨ੍ਹਾਂ ਦੇ ਪਿਤਾ ਦਾ ਨਾਂ ਰਘੂਰਾਜ ਸਿੰਘ ਅਤੇ ਮਾਤਾ ਦਾ ਨਾਂ ਸੁੰਦਰੀ ਕੌਰ ਸੀ। ਸਾਲ 1959 ਵਿੱਚ ਉਨ੍ਹਾਂ ਦਾ ਵਿਆਹ ਸੁਰਿੰਦਰ ਕੌਰ ਨਾਲ ਹੋਇਆ।  ਪ੍ਰਕਾਸ਼ ਸਿੰਘ ਬਾਦਲ ਦੇ ਇੱਕ ਪੁੱਤਰ ਅਤੇ ਇੱਕ ਧੀ ਹੈ।  ਧੀ ਪ੍ਰਨੀਤ ਕੌਰ ਦਾ ਵਿਆਹ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਦੇ ਪੁੱਤਰ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨਾਲ ਹੋਇਆ । ਸ੍ਰੀ ਬਾਦਲ ਦੀ ਪਤਨੀ ਸੁਰਿੰਦਰ ਕੌਰ ਬਾਦਲ ਦਾ ਲੰਬੀ ਬਿਮਾਰੀ ਤੋਂ ਬਾਅਦ 2011 ਵਿੱਚ ਦੇਹਾਂਤ ਹੋ ਗਿਆ  ਸੀ।  ਬੀਬੀ ਬਾਦਲ ਨੂੰ ਵੱਡੇ ਬਾਦਲ ਦਾ ਸਿਆਸੀ ਸਲਾਹਕਾਰ ਅਤੇ ਉਹਨਾਂ ਦੀ ਰਾਜਨੀਤੀ ਦੀ ਰੀੜ੍ਹ ਦੀ ਹੱਡੀ ਮੰਨਿਆ ਜਾਂਦਾ ਸੀ। 
                ਪੰਜਾਬ ਤੇ ਮੁਲਕ ਦੀ ਰਾਜਨੀਤੀ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਪ੍ਰਕਾਸ਼  ਸਿੰਘ ਬਾਦਲ ਨੇ ਪੰਜ ਵਾਰ ਪੰਜਾਬ ਦੇ ਮੁੱਖ ਮੰਤਰੀ ਰਹਿ ਕੇ, ਪੰਜਾਬ ਸੂਬੇ ਅੰਦਰ ਰਿਕਾਰਡ ਕਾਇਮ ਕਰ ਦਿੱਤਾ, ਜਿਸ ਨੂੰ ਅਜ਼ੋਕੀ ਸਿਆਸਤ ਦਾ ਸ਼ਾਹ ਅਸਵਾਰ ਕੋਈ ਵੀ ਲੀਡਰ ਤੋੜ ਸਕਣਾ ਤਾਂ ਦੂਰ ਬਰਾਬਰੀ ਵੀ ਨਹੀਂ ਸਕੇਗਾ। ਬਾਦਲ ਨੇ ਗਿੱਦੜਬਾਹਾ ਤੋਂ ਆਪਣੀ ਪਹਿਲੀ ਵਿਧਾਨ ਸਭਾ ਚੋਣ ਜਿੱਤੀ ਸੀ।  ਬਾਅਦ ਵਿੱਚ ਲੰਬੀ ਵਿਧਾਨ ਸਭਾ ਹਲਕੇ ਤੋਂ ਜਿੱਤਾਂ ਦਰਜ ਕਰਦਿਆਂ ਉਹ ਸਿਆਸਤ ਦੇ ਭੀਸ਼ਮ ਪਿਤਾਮਾ ਬਣ ਗਏ । ਵੱਡੇ ਬਾਦਲ ਸਾਲ 1970 ਵਿੱਚ ਗਿੱਦੜਬਾਹਾ ਤੋਂ ਚੋਣ ਜਿੱਤ ਕੇ ਪਹਿਲੀ ਵਾਰ ਪੰਜਾਬ ਦੇ ਮੁੱਖ ਮੰਤਰੀ ਬਣੇ ਸਨ। ਪਰ ਉਸ ਸਮੇਂ ਸਰਕਾਰ ਜ਼ਿਆਦਾ ਦੇਰ ਤੱਕ ਨਾ ਚੱਲ ਸਕੀ ਅਤੇ ਉਹ 1971 ਤੱਕ ਸਿਰਫ਼ ਇੱਕ ਸਾਲ ਲਈ ਮੁੱਖ ਮੰਤਰੀ ਰਹੇ।  ਪ੍ਰਕਾਸ਼ ਸਿੰਘ ਬਾਦਲ ਨੇ ਐਮਰਜੈਂਸੀ ਦੌਰਾਨ 19 ਮਹੀਨੇ ਜੇਲ੍ਹ ਕੱਟੀ ਤੇ ਵੱਖ-ਵੱਖ ਮੋਰਚਿਆਂ ਦੀ ਅਗਵਾਈ ਵੀ ਕੀਤੀ ਹੈ।

ਡਿਪਟੀ ਮੁੱਖ ਮੰਤਰੀ  ਰਿਹਾ ਪੁੱਤਰ

ਪ੍ਰਕਾਸ਼ ਸਿੰਘ ਬਾਦਲ ਦੇ ਪੁੱਤਰ ਸੁਖਬੀਰ ਸਿੰਘ ਬਾਦਲ  ਮੌਜੂਦਾ ਸਮੇਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹਨ ਅਤੇ ਪੰਜਾਬ ਦੇ ਉਪ ਮੁੱਖ ਮੰਤਰੀ ਵੀ ਰਹਿ ਚੁੱਕੇ ਹਨ। ਸੁਖਬੀਰ ਬਾਦਲ  ਇੱਕ ਵਾਰ ਕੇਂਦਰ ਵਿੱਚ ਮੰਤਰੀ ਵੀ ਰਹੇ ਹਨ।  ਉਹ 2001 ਤੋਂ 2004 ਤੱਕ ਰਾਜ ਸਭਾ ਮੈਂਬਰ ਰਹਿ ਚੁੱਕੇ ਹਨ।  ਉਹ ਜਲਾਲਾਬਾਦ ਤੋਂ ਵਿਧਾਇਕ ਵੀ ਰਹਿ ਚੁੱਕੇ ਹਨ।  ਇਸ ਸਮੇਂ ਸੁਖਬੀਰ ਸਿੰਘ ਬਾਦਲ ਫਿਰੋਜ਼ਪੁਰ ਤੋਂ ਸੰਸਦ ਮੈਂਬਰ ਹਨ।ਉਨ੍ਹਾਂ ਦਾ ਵਿਆਹ ਮਜੀਠੀਆ ਪਰਿਵਾਰ ਦੀ ਲੜਕੀ ਹਰਸਿਮਰਤ ਕੌਰ ਨਾਲ ਹੋਇਆ ਸੀ। ਉਹਨਾਂ ਦੇ ਦੋ ਧੀਆਂ ਗੁਰਲੀਨ ਕੌਰ ਅਤੇ ਹਰਲੀਨ ਕੌਰ ਹਨ।  ਇਕਲੌਤੇ ਪੁੱਤਰ ਦਾ ਨਾਂ ਅਨੰਤਬੀਰ ਸਿੰਘ ਬਾਦਲ ਹੈ।

 

ਕੇਂਦਰੀ ਮੰਤਰੀ ਰਹਿ ਚੁੱਕੀ ਹਰਸਿਮਰਤ 

ਪ੍ਰਕਾਸ਼ ਸਿੰਘ ਬਾਦਲ ਦੀ ਇਕਲੌਤੀ ਨੂੰਹ ਹਰਸਿਮਰਤ ਕੌਰ ਬਾਦਲ ਕੇਂਦਰ ਵਿੱਚ ਮੰਤਰੀ ਰਹਿ ਹੈ। ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਬਾਦਲ ਸ ਕੇਂਦਰ ਵਿੱਚ ਮੰਤਰੀ ਵੀ ਰਹਿ ਚੁੱਕੀ ਹੈ। ਹਰਸਿਮਰਤ  ਨੇ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਵਿੱਚ ਆਪਣੇ ਮੰਤਰੀ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਤਾਂ  ਅਕਾਲੀ ਦਲ ਨੇ ਭਾਜਪਾ ਨਾਲ ਗਠਜੋੜ ਖਤਮ ਕਰ ਲਿਆ ਸੀ।  ਹਰਸਿਮਰਤ ਕੌਰ ਬਾਦਲ 2009 ਤੋਂ ਲਗਾਤਾਰ ਬਠਿੰਡਾ ਲੋਕ ਸਭਾ ਸੀਟ ਤੋਂ ਸੰਸਦ ਮੈਂਬਰ  ਬਣਦੇ ਆ ਰਹੇ  ਹਨ। 

 ਜੁਆਈ  ਤਿੰਨ ਵਾਰ ਮੰਤਰੀ ਬਣੇ

  ਪਰਕਾਸ਼ ਸਿੰਘ ਬਾਦਲ ਦੇ ਜੁਆਈ ਆਦੇਸ਼ ਪ੍ਰਤਾਪ ਸਿੰਘ ਕੈਰੋਂ ਤਿੰਨ ਵਾਰ ਮੰਤਰੀ ਰਹੇ ਹਨ। ਵੱਡੇ  ਬਾਦਲ ਦੀ ਬੇਟੀ ਪ੍ਰਨੀਤ ਕੌਰ ਦਾ ਵਿਆਹ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨਾਲ ਹੋਇਆ ਹੈ।  ਆਦੇਸ਼ ਪ੍ਰਤਾਪ ਸਿੰਘ ਕੈਰੋਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਦੇ ਪੁੱਤਰ ਹਨ।  ਆਦੇਸ਼ ਪੱਟੀ ਹਲਕੇ ਤੋਂ ਚਾਰ ਵਾਰ ਵਿਧਾਇਕ ਰਹਿ ਚੁੱਕੇ ਹਨ।  ਉੱਥੇ ਉਹ ਤਿੰਨ ਵਾਰ ਮੰਤਰੀ ਰਹਿ ਚੁੱਕੇ ਹਨ।

ਬਿਕਰਮ ਮਜੀਠੀਆ ਵੀ ਮੰਤਰੀ ਰਿਹਾ

ਬਿਕਰਮ ਮਜੀਠੀਆ ਹਰਸਿਮਰਤ ਕੌਰ ਬਾਦਲ ਦੇ ਭਰਾ ਹਨ।  ਉਹ 2007 ਵਿੱਚ ਮਜੀਠਾ ਵਿਧਾਨ ਸਭਾ ਸੀਟ ਤੋਂ ਚੋਣ ਜਿੱਤੇ ਸਨ।  ਇਸ ਤੋਂ ਬਾਅਦ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਵਿੱਚ ਮੰਤਰੀ ਬਣੇ।  ਹਾਲਾਂਕਿ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ।  ਦੂਜੇ ਪਾਸੇ ਉਨ੍ਹਾਂ ਦੀ ਪਤਨੀ ਗੁਣੀਵ ਕੌਰ ਆਪਣੀ ਰਵਾਇਤੀ ਸੀਟ ਮਜੀਠਾ ਤੋਂ ਚੋਣ ਜਿੱਤਣ ਵਿੱਚ ਸਫਲ ਰਹੀ। ਬਿਕਰਮ ਸਿੰਘ ਮਜੀਠੀਆ ਹੁਣ ਵੀ ਅਕਾਲੀ ਰਾਜਨੀਤੀ ਵਿਚ ਕਾਫੀ ਸਰਗਰਮ ਹਨ ਅਤੇ ਗਾਹੇ-ਬਗਾਹੇ ਉਨ੍ਹਾਂ ਵੱਲੋਂ ਅਕਾਲੀ ਦਲ ਦਾ ਪੂਰੀ ਸਰਗਰਮੀ ਨਾਲ ਸਾਥ ਦਿੱਤਾ ਜਾ ਰਿਹਾ ਹੈ।

ਭਾਜਪਾ ਵਿੱਚ ਭਤੀਜਾ ਮਨਪ੍ਰੀਤ ਬਾਦਲ

ਪ੍ਰਕਾਸ਼ ਸਿੰਘ ਬਾਦਲ ਦਾ ਭਤੀਜਾ ਮਨਪ੍ਰੀਤ ਸਿੰਘ ਬਾਦਲ ਗਿੱਦੜਬਾਹਾ ਤੋਂ  ਚਾਰ ਵਾਰ ਵਿਧਾਇਕ ਰਹਿ ਚੁੱਕੇ ਹਨ ਅਤੇ  ਹੁਣ ਉਹ ਭਾਜਪਾ ‘ਚ ਹਨ।  ਮਨਪ੍ਰੀਤ ਪਹਿਲੀ ਵਾਰ 1995 ‘ਚ ਅਕਾਲੀ ਦਲ ਦੀ ਟਿਕਟ ‘ਤੇ ਵਿਧਾਇਕ ਬਣੇ ਸਨ।  ਉਹ 1997, 2002 ਅਤੇ 2007 ਵਿਚ ਵੀ ਅਕਾਲੀ ਦਲ  ਤੋਂ ਵਿਧਾਇਕ ਬਣੇ। 2007 ਵਿੱਚ ਉਨ੍ਹਾਂ ਨੂੰ  ਵਿੱਤ ਮੰਤਰੀ ਬਣਾਇਆ ਗਿਆ ਪਰ  2010 ਵਿੱਚ ਸੁਖਬੀਰ ਬਾਦਲ ਨਾਲ ਮਤਭੇਦ ਦੇ ਚਲਦਿਆਂ  ਮਨਪ੍ਰੀਤ ਨੈ ਆਪਣੀ ਵੱਖਰੀ ਪਾਰਟੀ ਪੀਪਲਜ਼ ਪਾਰਟੀ ਆਫ ਪੰਜਾਬ  ਬਣਾ ਲਈ ਅਤੇ ਅਕਾਲੀ ਦਲ ਛੱਡ ਦਿੱਤਾ।  ਮਨਪ੍ਰੀਤ  ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵਿੱਚ ਵਿੱਤ ਮੰਤਰੀ ਵੀ ਰਹੇ ਹਨ।


Spread the love
Scroll to Top