ਆਹ ਪੰਘੂੜੇ ’ਚ ਧਰ ਗਿਆ ਕੋਈ ਨੰਨ੍ਹੀ ਪਰੀ

Spread the love

ਰਘਵੀਰ ਹੈਪੀ , ਬਰਨਾਲਾ, 2 ਮਈ 2023
       ਸਿਵਲ ਹਸਪਤਾਲ ਬਰਨਾਲਾ ਦੇ ਪੰਘੂੜੇ ਵਿੱਚ ਕੋਈ ਵਿਅਕਤੀ ਨੰਨ੍ਹੀ ਪਰੀ (ਬੱਚੀ) ਨੂੰ ਮੂੰਹ ਹਨ੍ਹੇਰੇ ਹੀ ਧਰ ਕੇ ਚਲਾ ਗਿਆ। ਇਸ ਦੀ ਸੂਚਨਾ ਮਿਲਿਦਆਂ ਹੀ ਹਸਪਤਾਲ ਪ੍ਰਬੰਧਕਾਂ ਵੱਲੋਂ ਪ੍ਰਸ਼ਾਸ਼ਨ ਨੂੰ ਸੂਚਿਤ ਕਰ ਦਿੱਤਾ ਗਿਆ। ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਬਰਨਾਲਾ ਸ੍ਰੀ ਅਭਿਸ਼ੇਕ ਸਿੰਗਲਾ ਨੇ ਅਪਣੀ ਟੀਮ ਸਣੇ ਮੌਕਾ ਤੇ ਪਹੁੰਚ ਕੇ ਲਾਵਾਰਿਸ ਬੱਚੀ ਨੂੰ ਕਬਜ਼ੇ ਵਿੱਚ ਲੈ ਕੇ , ਉਸ ਦੀ ਸੰਭਾਲ ਅਤੇ ਅਗਲੀ ਕਾਨੂੰਨੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ। ਇਸ ਸਬੰਧੀ ਮੀਡੀਆ ਨਾਲ ਗੱਲਬਾਤ ਕਰਦਿਆਂ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਬਰਨਾਲਾ ਸ੍ਰੀ ਅਭਿਸ਼ੇਕ ਸਿੰਗਲਾ ਨੇ ਦੱਸਿਆ ਕਿ ਸ਼ੁਕਰਵਾਰ ਸਵੇਰੇ ਕਰੀਬ ਸਾਢੇ ਕੁ ਪੰਜ ਵਜੇ , ਇਕ ਲਾਵਾਰਿਸ ਬੱਚੀ ਹਸਪਤਾਲ ਦੇ ਬਾਹਰ ਗੇਟ ਤੇ ਲੱਗੇ ਪੰਘੂੜੇ ’ਚੋਂ ਮਿਲੀ ਹੈ। ਉਨ੍ਹਾਂ ਦੱਸਿਆ ਕਿ ਬੇਸ਼ੱਕ ਇਹ ਪੰਘੂੜਾ, ਨਵਜੰਮੀਆਂ ਬੱਚੀਆਂ ਲਈ ਲਗਾਇਆ ਗਿਆ ਹੈ। ਪਰੰਤੂ ਹੁਣ ਪੰਘੂੜੇ ਵਿੱਚੋਂ ਮਿਲੀ ਬੱਚੀ ਕਰੀਬ ਢਾਈ ਕੁ ਸਾਲ ਦੀ ਪ੍ਰਤੀਤ ਹੁੰਦੀ ਹੈ। ਉਨਾਂ ਕਿਹਾ ਕਿ ਲਾਵਾਰਿਸ ਬੱਚੀ ਨੂੰ ਬਾਲ ਭਲਾਈ ਕਮੇਟੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬਾਲ ਘਰ ਵਿੱਚ ਸੰਭਾਲ ਲਈ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਕੋਲ ਇਸ ਬੱਚੀ ਨਾਲ ਸਬੰਧਤ ਜਾਣਕਾਰੀ ਹੈ ਤਾਂ ਉਹ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ, ਤਹਿਸੀਲ ਕੰਪਲੈਕਸ ਡੀ ਸੀ ਦਫ਼ਤਰ ਬਰਨਾਲਾ ਵਿਖੇ ਰਾਬਤਾ ਕਰਨ ਜਾਂ 9888735820,  9779033575 ’ਤੇ ਸੰਪਰਕ ਕਰਨ।


Spread the love
Scroll to Top