ਜਮੀਨ ਦੀ ਨਿਸ਼ਾਨਦੇਹੀ ਦਾ ਵਿਰੋਧ ਕਰਦੇ ਪ੍ਰਦਰਸ਼ਨਕਾਰੀਆਂ ਨੂੰ ਪੁਲਿਸ ਨੇ ਘੜੀਸਿਆ
ਅਸ਼ੋਕ ਵਰਮਾ ,ਬਠਿੰਡਾ, 8 ਮਈ 2023
ਕੇਂਦਰ ਸਰਕਾਰ ਵੱਲੋਂ ਭਾਰਤ ਮਾਲਾ ਨਾਂ ਹੇਠ ਪਿੰਡ ਦੁੱਨੇਵਾਲਾ ਵਿਚਕਾਰ ਬਣਾਈ ਜਾ ਰਹੀ ਨਵੀ ਛੇ ਮਾਰਗੀ ਸੜਕ ਲਈ ਐਕਵਾਇਰ ਕੀਤੀ ਜ਼ਮੀਨ ਦੀ ਨਿਸ਼ਾਨਦੇਹੀ ਕਰਨ ਆਏ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਰੋਕਣ ਮੌਕੇ ਪੁਲਸ ਨੇ ਕਿਸਾਨਾਂ ਦੀ ਧੂਹ ਘੜੀਸ ਕੀਤੀ ਅਤੇ ਵਿਰੋਧ ਕਰਦੇ ਤਿੰਨ ਦਰਜ਼ਨ ਦੇ ਕਰੀਬ ਕਿਸਾਨਾਂ ਨੂੰ ਹਿਰਾਸਤ ਵਿੱਚ ਲੈ ਲਿਆ। ਪੁਲਿਸ ਕਾਰਵਾਈ ਤੋਂ ਭੜਕੇ ਕਿਸਾਨਾਂ ਨੇ ਪੰਜਾਬ ਸਰਕਾਰ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕਰਕੇ ਆਪਣੀ ਭੜਾਸ ਕੱਢੀ । ਕਿਸਾਨਾਂ ਨੇ ਚੇਤਾਵਨੀ ਦਿੱਤੀ ਕਿ ਉਹ ਧੱਕੇ ਨਾਲ ਜ਼ਮੀਨ ਨੂੰ ਐਕੁਆਇਰ ਨਹੀਂ ਕਰਨ ਦੇਣਗੇ ਚਾਹੇ ਇਸ ਲਈ ਉਨ੍ਹਾਂ ਨੂੰ ਜਿੰਨੀਆਂ ਮਰਜ਼ੀ ਕੁਰਬਾਨੀਆਂ ਕਿਉਂ ਨਾ ਦੇਣੀਆਂ ਪੈਣ। ਕਿਸਾਨਾਂ ਨੇ ਪੁਲਿਸ ਕਾਰਵਾਈ ਦੀ ਵੀਡੀਓ ਬਣਾਉਣ ਵਾਲੇ ਨੌਜਵਾਨ ਕਿਸਾਨ ਦੀ ਕੁੱਟਮਾਰ ਕਰਨ ਦੇ ਵੀ ਦੋਸ਼ ਲਾਏ ਹਨ। ਉਨ੍ਹਾਂ ਆਖਿਆ ਕਿ ਬੇਸ਼ਕੀਮਤੀ ਜ਼ਮੀਨਾਂ ਦਾ ਬਿਲਕੁਲ ਨਿਗੂਣਾ ਮੁਆਵਜ਼ਾ ਦਿੱਤਾ ਜਾ ਰਿਹਾ ਹੈ ਜੋ ਉਨ੍ਹਾਂ ਨੂੰ ਬਿਲਕੁਲ ਮਨਜ਼ੂਰ ਨਹੀਂ ਹੈ।
ਜਾਣਕਾਰੀ ਅਨੁਸਾਰ ਕੇਂਦਰ ਸਰਕਾਰ ਵੱਲੋਂ ਜਾਮਨਗਰ ਤੋਂ ਸ਼੍ਰੀ ਅੰਮ੍ਰਿਤਸਰ ਸਾਹਿਬ ਲਈ ਛੇ ਮਾਰਗੀ ਚੌੜੀ ਭਾਰਤ ਮਾਲਾ ਨਾਂ ਹੇਠ ਨਵੀ ਸੜਕ ਬਣਾਈ ਜਾ ਰਹੀ ਹੈ। ਹਰਿਆਣਾ ਅਤੇ ਰਾਜਸਥਾਨ ’ਚ ਇਸ ਸੜਕ ਦਾ ਨਿਰਮਾਣ ਜੰਗੀ ਪੱਧਰ ਤੇ ਚੱਲ ਰਿਹਾ ਹੈ । ਪ੍ਰੰਤੂ ਜਦ ਇਹ ਸੜਕ ਪੰਜਾਬ ’ਚ ਦਾਖਲ ਹੁੰਦੀ ਹੈ ਤਾਂ ਇੱਥੋ ਦੇ ਕਿਸਾਨ ਘੱਟ ਮੁਆਵਜ਼ਾ ਦੇਣ ਕਾਰਨ ਵਿਰੋਧ ਕਰ ਰਹੇ ਹਨ। ਜਦੋਂ ਅੱਜ ਸਵੇਰੇ ਭਾਰੀ ਗਿਣਤੀ ਪੁਲਿਸ ਫੋਰਸ ਨਾਲ ਅਧਿਕਾਰੀ ਜੇਸੀਬੀ ਮਸ਼ੀਨਾਂ ਆਦਿ ਨਾਲ ਜ਼ਮੀਨ ਦੀ ਨਿਸ਼ਾਨਦੇਹੀ ਕਰਨ ਪਹੁੰਚੇ ਤੱਕ ਕਿਸਾਨਾਂ ਨੂੰ ਇਸ ਦੀ ਭਿਣਕ ਪੈ ਗਈ।
ਅਧਿਕਾਰੀਆਂ ਦੀ ਇਸ ਕਾਰਵਾਈ ਖ਼ਿਲਾਫ਼ ਕਿਸਾਨਾਂ ਨੇ ਮੌਕੇ ਤੇ ਹੀ ਧਰਨਾ ਲਾ ਦਿੱਤਾ। ਇਸ ਮੌਕੇ ਹਾਜ਼ਰ ਅਫ਼ਸਰਾਂ ਨੇ ਸ਼ਾਂਤਮਈ ਧਰਨਾ ਦੇ ਰਹੇ ਕਿਸਾਨਾਂ ਨੂੰ ਥਾਂ ਖਾਲੀ ਕਰਨ ਦੀ ਅਪੀਲ ਕੀਤੀ ,ਪਰ ਕਿਸਾਨਾਂ ਤੇ ਅਧਿਕਾਰੀਆਂ ਦੀ ਅਪੀਲ ਬੇਅਸਰ ਰਹੀ ,ਉਹ ਟਸ ਤੋਂ ਮਸ ਨਾ ਹੋਏ । ਪੁਲੀਸ ਨੇ ਕਿਸਾਨਾਂ ਨੂੰ ਧੱਕੇ ਨਾਲ ਧਰਨੇ ਵਾਲੀ ਥਾਂ ਤੋਂ ਹਟਾ ਕੇ ਆਪਣੀਆ ਗੱਡੀਆ ਵਿੱਚ ਬਿਠਾਉਣਾ ਸ਼ੁਰੂ ਕਰ ਦਿੱਤਾ। ਜਦੋਂ ਕਿਸਾਨਾਂ ਨੇ ਵਿਰੋਧ ਕੀਤਾ ਤਾਂ ਪੁਲਿਸ ਨੇ ਉਨ੍ਹਾਂ ਨਾਲ ਕਾਫੀ ਧੂਹ ਘੜੀਸ ਵੀ ਕੀਤੀ। ਕਿਸਾਨਾਂ ਨੇ ਦੋਸ਼ ਲਾਇਆ ਕਿ ਪੁਲਿਸ ਨੇ ਉਨ੍ਹਾਂ ਨੂੰ ਧੱਕੇ ਮਾਰੇ ਹਨ। ਪੁਲਸ ਵੱਲੋਂ ਕਿਸਾਨਾਂ ਨਾਲ ਕੀਤੀ ਜਾ ਰਹੀ ਧੱਕਾ–ਮੁੱਕੀ ਦੀ ਕੁੱਝ ਕਿਸਾਨ ਮੋਬਾਇਲ ਤੇ ਵੀਡੀਓ ਬਣਾ ਰਹੇ ਸਨ ਤਾਂ ਪੁਲਸ ਨੇ ਉਨ੍ਹਾਂ ਨੂੰ ਵੀ ਆਪਣੇ ਹੱਥ ਦਿਖਾਏ।
ਇਸ ਤੋਂ ਬਾਅਦ ਅਧਿਕਾਰੀਆਂ ਨੇ ਪੁਲੀਸ ਦੇ ਜੋਰ ਤੇ ਕਿਸਾਨਾਂ ਦੀ ਜ਼ਮੀਨ ਦੀ ਨਿਸ਼ਾਨਦੇਹੀ ਕਰ ਦਿੱਤੀ। ਕਿਸਾਨਾਂ ਦਾ ਕਹਿਣਾ ਸੀ ਕਿ ਕੇਂਦਰ ਸਰਕਾਰ ਵੱਲੋਂ ਸੜਕ ਲਈ ਐਕਵਾਇਰ ਕੀਤੀ ਜ਼ਮੀਨ ਦਾ ਉਨ੍ਹਾਂ ਨੂੰ ਨਿਗੂਣਾ ਮੁਆਵਜ਼ਾ ਦਿੱਤਾ ਜਾ ਰਿਹਾ ਹੈ , ਜਦਕਿ ਜ਼ਮੀਨ ਦਾ ਭਾਅ ਇਸ ਤੋਂ ਕਿਤੇ ਜਿਆਦਾ ਹੈ। ਉਨ੍ਹਾਂ ਕਿਹਾ ਕਿ ਜਿੰਨ੍ਹਾਂ ਸਮਾਂ ਉਨ੍ਹਾਂ ਨੂੰ ਐਕਵਾਇਰ ਕੀਤੀ ਜ਼ਮੀਨ ਦਾ ਪੂਰਾ ਮੁੱਲ ਨਹੀਂ ਮਿਲਦਾ , ਉਹ ਕਿਸੇ ਵੀ ਕੀਮਤ ਤੇ ਆਪਣੀ ਜ਼ਮੀਨ ਉਪਰ ਸੜਕ ਨਹੀਂ ਬਣਨ ਦੇਣਗੇ। ਉਨ੍ਹਾਂ ਆਖਿਆ ਕਿ ਇੱਕ ਪਾਸੇ ਸਰਕਾਰ ਕਿਸਾਨ ਹਿਤੈਸ਼ੀ ਹੋਣ ਦਾ ਦਾਅਵਾ ਕਰਦੀ ਹੈ । ਪਰ ਧੱਕੇ ਨਾਲ ਕਿਸਾਨਾਂ ਦੀਆਂ ਜਮੀਨਾਂ ਕਬਜਾਈਆਂ ਜਾ ਰਹੀਆਂ ਹਨ।
ਪੁਲਿਸ ਨੇ ਧੱਕਾ ਨਹੀਂ ਕੀਤਾ: ਡੀਸੀ
ਡਿਪਟੀ ਕਮਿਸ਼ਨਰ ਬਠਿੰਡਾ ਸ਼ੌਕਤ ਅਹਿਮਦ ਪਰੈ ਦਾ ਕਹਿਣਾ ਸੀ ਕੇ ਪੁਲੀਸ ਨੇ ਕਿਸੇ ਵੀ ਕਿਸਾਨ ਨਾਲ ਕੋਈ ਧੱਕਾ ਨਹੀਂ ਕੀਤਾ। ਬਲਕਿ ਉਨ੍ਹਾਂ ਨੂੰ ਮੌਕੇ ਤੋਂ ਪਾਸੇ ਹਟਇਆ ਹੈ। ਉਨ੍ਹਾਂ ਦੱਸਿਆ ਕਿ ਕਿਸਾਨਾਂ ਦੀਆਂ ਕੁਝ ਸਮੱਸਿਆਵਾਂ ਸਨ । ਜਿਨ੍ਹਾਂ ਦਾ ਹੱਲ ਮੀਟਿੰਗ ਕਰਕੇ ਕੱਢ ਲਿਆ ਗਿਆ ਹੈ। ਉਨ੍ਹਾਂ ਆਖਿਆ ਕਿ ਕਿਸਾਨਾਂ ਨੂੰ ਪੂਰਾ ਮੁਆਵਜ਼ਾ ਮਿਲਿਆ ਹੈ ਘੱਟ ਮੁਆਵਜ਼ੇ ਵਾਲੀ ਗੱਲ ਸਹੀ ਨਹੀਂ ਹੈ।
ਹੋਸ਼ ‘ਚ ਆਵੇ ਸਰਕਾਰ: ਕਿਸਾਨ ਆਗੂ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੀਨੀਅਰ ਆਗੂ ਜਗਸੀਰ ਸਿੰਘ ਟਿਵਾਣਾ ਦਾ ਕਹਿਣਾ ਸੀ ਕਿ ਪੰਜਾਬ ਸਰਕਾਰ ਵੱਲੋਂ ਧੱਕੇ ਨਾਲ ਕਿਸਾਨਾਂ ਦੀਆਂ ਜ਼ਮੀਨਾਂ ਖੋਹੀਆਂ ਜਾ ਰਹੀਆਂ ਹਨ। ਉਨ੍ਹਾਂ ਪੰਜਾਬ ਸਰਕਾਰ ਨੂੰ ਹੋਸ਼ ਵਿੱਚ ਆਉਣ ਦੀ ਨਸੀਹਤ ਵੀ ਦਿੱਤੀ ਅਤੇ ਕਿਸਾਨਾਂ ਦੇ ਤਿੱਖੇ ਰੋਹ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ ਵਾਸਤੇ ਵੀ ਕਿਹਾ। ਉਹਨਾਂ ਸਮੂਹ ਕਿਸਾਨਾਂ ਨੂੰ ਇਕੱਠੇ ਹੋ ਕੇ ਸਰਕਾਰ ਦੇ ਵਿਰੋਧ ਵਿੱਚ ਨਿੱਤਰਣ ਦਾ ਸੱਦਾ ਵੀ ਦਿੱਤਾ।