ਅਸ਼ੋਕ ਵਰਮਾ,ਜਲੰਧਰ 11 ਮਈ 2023
ਲੋਕ ਸਭਾ ਹਲਕਾ ਜਲੰਧਰ ਦੇ ਸਿਆਸੀ ਆਗੂਆਂ ਨੇ ਢੋਲੀਆਂ ਅਤੇ ਹਲਵਾਈਆਂ ਤੋਂ ਪਾਸਾ ਵੱਟ ਲਿਆ ਹੈ। ਜਲੰਧਰ ਹਲਕੇ ਦੀ ਜਿਮਨੀ ਚੋਣ ਲੜਨ ਵਾਲੀਆਂ ਪ੍ਰਮੁੱਖ ਪਾਰਟੀਆਂ ਦੇ ਵੱਡੇ ਲੀਡਰ, ਉਮੀਦਵਾਰ ਅਤੇ ਸਮਰਥਕ ਆਪੋ ਆਪਣੀ ਜਿੱਤ ਦਾ ਦਾਅਵਾ ਤਾਂ ਕਰ ਰਹੇ ਹਨ । ਪਰ ਜਸ਼ਨ ਮਨਾਉਣ ਲਈ ਨਾ ਕੋਈ ਲੱਡੂਆਂ ਦੇ ਆਰਡਰ ਦੇ ਰਿਹਾ ਹੈ ਤੇ ਨਾ ਹੀ ਢੋਲੀ ਬੁੱਕ ਕੀਤੇ ਹਨ।ਇਸ ਹਲਕੇ ਵਿੱਚ ਵੱਖ-ਵੱਖ ਸਿਆਸੀ ਧਿਰਾਂ ਨੇ ਆਪਣੀ ਜਿੱਤ ਨੂੰ ਵੱਕਾਰ ਦਾ ਸੁਆਲ ਤਾਂ ਬਣਾਇਆ ਜਸ਼ਨ ਮਨਾਉਣ ਲਈ ਕੋਈ ਵੀ ਤਿਆਰ ਨਹੀਂ ਹੈ। ਟੱਕਰ ਜਬਰਦਸਤ ਹੋਣ ਕਾਰਨ ਹਰੇਕ ਉਮੀਦਵਾਰ ਨੂੰ ਜਿੱਤ ਹਾਰ ਦਾ ਧੁੜਕੂ ਲੱਗਿਆ ਹੋਇਆ ਹੈ।
ਇਸ ਕਰਕੇ ਲੀਡਰ ਅਤੇ ਉਨ੍ਹਾਂ ਦੇ ਹਮਾਇਤੀ ਆਪਣੇ ਆਪ ਨੂੰ ਜਿੱਤ ਦੇ ਜਸ਼ਨਾਂ ਲਈ ਤਿਆਰ ਹੀ ਨਹੀਂ ਕਰ ਪਾ ਰਹੇ ਹਨ। ਇਹੋ ਕਾਰਨ ਹੈ ਕਿ ਹਾਲੇ ਤੱਕ ਕਿਸੇ ਵੀ ਸਿਆਸੀ ਨੇ ਇਸ ਸਬੰਧ ਵਿਚ ਹੌਂਸਲਾ ਨਹੀ ਫੜਿਆ ਹੈ। ਚੋਣ ਪ੍ਰਚਾਰ ਦੌਰਾਨ ਚੱਲੇ ਢੋਲ ਢਮੱਕੇ ਕਾਰਨ ਹਲਵਾਈਆਂ ਨੂੰ ਉਮੀਦ ਹੈ ਕਿ ਜਿੱਤ ਕਿਸੇ ਦੀ ਹੋਵੇ ਲੱਡੂ ਹਰ ਹਾਲਤ ਵਿੱਚ ਉਨ੍ਹਾਂ ਦੇ ਹੀ ਵਿਕਣਗੇ। ਇਸੇ ਤਰ੍ਹਾਂ ਹੀ ਢੋਲੀ ਆਸਵੰਦ ਹਨ ਕਿ ਢੋਲਾਂ ਉੱਤੇ ਜਿੱਤ ਦਾ ਡੱਗਾ ਉਨ੍ਹਾਂ ਨੇ ਹੀ ਲਾਉਣਾ ਹੈ। ਇਸ ਦੇ ਉਲਟ ਸਿਆਸੀ ਧਿਰਾਂ ਸੰਭਾਵਿਤ ਨਮੋਸ਼ੀ ਦੇ ਡਰੋਂ ਖ਼ਤਰਾ ਮੁੱਲ ਲੈਣ ਤੋਂ ਡਰ ਰਹੀਆਂ ਹਨ। ਅੱਜ ਤੱਕ ਨਾ ਤਾਂ ਕਿਸੇ ਨੇ ਲੱਡੂਆਂ ਦਾ ਆਰਡਰ ਦਿੱਤਾ ਹੈ ਅਤੇ ਨਾ ਹੀ ਢੋਲੀ ਬੁੱਕ ਕੀਤੇ ਹਨ ਜਦੋਂ ਕਿ ਫੁੱਲ ਵੇਚਣ ਵਾਲਿਆਂ ਨਾਲ ਸੰਪਰਕ ਤਾਂ ਦੂਰ ਦੀ ਗੱਲ ਹੈ। ਦਰਅਸਲ ਕਈ ਸਿਆਸੀ ਨੇਤਾਵਾਂ ਨੂੰ ਤਾਂ ਸਾਲ 2012 ਵੀ ਯਾਦ ਹੈ ਜਦੋਂ ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੇ ਹਮਾਇਤੀਆਂ ਵੱਲੋਂ ਕੀਤੀਆਂ ਤਿਆਰੀਆਂ ਧਰੀਆਂ-ਧਰਾਈਆਂ ਰਹਿ ਗਈਆਂ ਸਨ ਅਤੇ ਅਕਾਲੀ ਦਲ ਦੂਸਰੀ ਵਾਰ ਬਾਜ਼ੀ ਮਾਰ ਗਿਆ ਸੀ। ਜਾਣਕਾਰੀ ਅਨੁਸਾਰ ਕਈ ਨੇਤਾ ਸਾਲ 2022 ਦੇ ਤਜਰਬੇ ਤੋਂ ਵੀ ਖੌਫ਼ਜ਼ਦਾ ਹਨ ਜਦੋਂ ਕੁੱਝ ਹੱਦੋ ਵੱਧ ਉਤਸ਼ਾਹੀ ਨੇਤਾਵਾਂ ਨੇ ਜਿੱਤ ਦੀ ਆਸ ਵਿੱਚ ਅੰਦਰੋ ਅੰਦਰੀ ਜਸ਼ਨਾਂ ਦੀ ਤਿਆਰੀ ਤਾਂ ਕਰ ਲਈ ਪਰ ਨਤੀਜਿਆਂ ਦੌਰਾਨ ਝਾੜੂ ਫਿਰ ਗਿਆ।ਸਿਆਸੀ ਲੀਡਰਾਂ ਨੇ ਅਜਿਹੇ ਵਰਤਾਰੇ ਤੋਂ ਕਾਫ਼ੀ ਕੁੱਝ ਸਿੱਖਿਆ ਹੈ ਜਿਸ ਕਰਕੇ ਕਿਸੇ ਨੇਤਾ ਜਾਂ ਉਨ੍ਹਾਂ ਦੇ ਸਮਰਥਕਾਂ ਨੇ ਜਸ਼ਨਾਂ ਲਈ ਜਿਗਰਾ ਨਹੀਂ ਦਿਖਾਇਆ ਹੈ ।
ਜਲੰਧਰ ਵਿੱਚ ਕੰਮ ਕਰਨ ਵਾਲੇ ਕਈ ਹਲਵਾਈਆਂ ਅਤੇ ਢੋਲੀਆਂ ਨੇ ਇਨ੍ਹਾਂ ਤੱਥਾਂ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਹਰ ਸਿਆਸੀ ਨੇਤਾ ਡਰ ਰਿਹਾ ਹੈ ਕਿ ਪਤਾ ਨਹੀਂ ਨਤੀਜੇ ਮੌਕੇ ਕੀ ਹੋ ਜਾਵੇ। ਉਨ੍ਹਾਂ ਆਖਿਆ ਕਿ ਉਨ੍ਹਾਂ ਕੋਲ ਲੱਡੂ ਤਿਆਰ ਹਨ ਜਿਸਨੂੰ ਜਦੋਂ ਜ਼ਰੂਰਤ ਹੋਵੇ ਉਹ ਲਿਜਾ ਸਕਦਾ ਹੈ। ਇਕੱਲੇ ਜਲੰਧਰ ਸ਼ਹਿਰ ਵਿਚ ਪੰਜ ਦਰਜਨ ਤੋਂ ਵੱਧ ਢੋਲ ਮਾਸਟਰ ਹਨ ਜਦੋਂ ਕਿ ਹਲਕੇ ਪੈਂਦੇ ਬਾਕੀ ਵਿਧਾਨ ਸਭਾ ਹਲਕਿਆਂ ਵਿੱਚ ਵੀ ਢੋਲੀਆਂ ਦੀ ਗਿਣਤੀ ਕਾਫ਼ੀ ਹੈ। ਢੋਲ ਵਾਲਿਆਂ ਨੇ ਤਿਆਰੀ ਤਾਂ ਵਿੱਢੀ ਪਰ ਸਿਆਸੀ ਧਿਰਾਂ ਵੱਲੋਂ ਸਾਰ ਨਾ ਲੈਣ ਕਾਰਨ ਮਾਯੂਸ ਹਨ ।ਜਲੰਧਰ ਦਾ ਢੋਲ ਮਾਸਟਰ ਸ਼ਿੰਗਾਰਾ ਰਾਮ ਦੱਸਦਾ ਹੈ ਕਿ ਪ੍ਰਚਾਰ ਦੌਰਾਨ ਤਾਂ ਕੰਮ ਮਿਲਿਆ ਪਰ ਵੋਟਾਂ ਪੈਣ ਤੋਂ ਬਾਅਦ ਹੁਣ ਸਭ ਚੁੱਪ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਉਮੀਦ ਸੀ ਕਿ ਜਿਸ ਤਰਾਂ ਵੋਟਾਂ ਲਈ ਮਾਰੋ ਮਾਰ ਰਹੀ ਹੈ ਜਸ਼ਨ ਵੀ ਵੱਡੇ ਹੋਣਗੇ ਪਰ ਹਾਲ ਦੀ ਘੜੀ ਕਿਸੇ ਨੇ ਬਾਤ ਨਹੀਂ ਪੁੱਛੀ। ਵਿਜੇਨਗਰ ਨਾਲ ਲੱਗਦੀ ਸੜਕ ’ਤੇ ਵੱਡੀ ਗਿਣਤੀ ਢੋਲੀ ਭੰਗੜੇ ਅਤੇ ਗਿੱਧੇ ਦਾ ਕਾਰੋਬਾਰ ਕਰਦੇ ਹਨ ਜਿਨ੍ਹਾਂ ਦਾ ਕਹਿਣਾ ਸੀ ਕਿ ਅਜੇ ਤੱਕ ਤਾਂ ਉਨ੍ਹਾਂ ਨੂੰ ਕਿਸੇ ਨੇ ਵੀ ਬੁੱਕ ਨਹੀਂ ਕੀਤਾ ਹੈ।ਉਨ੍ਹਾਂ ਦੱਸਿਆ ਕਿ ਜਿੱਤਣ ਤੋਂ ਬਾਅਦ ਜਿਸਨੇ ਸੱਦਿਆ ਉਹ ਢੋਲ ਵਜਾਉਣ ਲਈ ਚਲੇ ਜਾਣਗੇ।
ਉਨ੍ਹਾਂ ਆਖਿਆ ਕਿ ਜਿੱਤਣ ਵਾਲਾ ਖੁਸ਼ੀ ਮਨਾਉਣ ਲਈ ਢੋਲ ਤਾਂ ਵਜਾਏਗਾ ਇਸ ਲਈ ਜਿੱਤ ਕਿਸੇ ਦੀ ਵੀ ਹੋਵੇ, ਉਨ੍ਹਾਂ ਨੂੰ ਗੱਫਾ ਮਿਲਣ ਦੀ ਆਸ ਹੈ। ਜਲੰਧਰ ਵਿੱਚ ਵੱਕਾਰੀ ਸੀਟ ਹੈ ਜਿਸ ਕਰਕੇ ਚੋਣ ਨਤੀਜਿਆਂ ਮਗਰੋਂ ਇੱਥੇ ਢੋਲ ਢਮੱਕਾ ਵੱਧ ਹੋਵੇਗਾ।
ਦੱਸਣਯੋਗ ਹੈ ਕਿ ਹੈ ਜ਼ਿਮਨੀ ਚੋਣ ਕਾਂਗਰਸ ਦੇ ਲੋਕ ਸਭਾ ਮੈਂਬਰ ਸੰਤੋਖ ਸਿੰਘ ਚੌਧਰੀ ਦੀ ਮੌਤ ਪਿੱਛੋਂ ਕਰਵਾਈ ਗਈ ਹੈ। ਕਾਂਗਰਸ ਦੀ ਕਰਮਜੀਤ ਕੌਰ ਚੌਧਰੀ , ਆਮ ਆਦਮੀ ਪਾਰਟੀ ਦੇ ਸੁਸ਼ੀਲ ਰਿੰਕੂ, ਅਕਾਲੀ ਦਲ ਦੇ ਸੁਖਵਿੰਦਰ ਸੁੱਖੀ ਅਤੇ ਭਾਰਤੀ ਜਨਤਾ ਪਾਰਟੀ ਇਕਬਾਲ ਇੰਦਰ ਸਿੰਘ ਅਟਵਾਲ ਸਮੇਤ 19 ਉਮੀਦਵਾਰ ਮੈਦਾਨ ਵਿਚ ਹਨ। ਲੰਘੀ 10 ਮਈ ਨੂੰ ਵੋਟਾਂ ਪਈਆਂ ਸਨ ਜਿਨ੍ਹਾਂ ਦੀ ਗਿਣਤੀ 13 ਮਈ ਦਿਨ ਸ਼ਨੀਵਾਰ ਨੂੰ ਹੋਵੇਗੀ।