ਪਹਿਲਵਾਨਾਂ ਦੇ ਹੱਕ ‘ਚ ਕੇਂਦਰ ਸਰਕਾਰ ਖਿਲਾਫ ਕੁਸ਼ਤੀ ਲੜਨ ਦਾ ਐਲਾਨ

Spread the love

ਅਸ਼ੋਕ ਵਰਮਾ , ਬਠਿੰਡਾ  11 ਮਈ 2023
      ਰਾਸ਼ਟਰੀ ਸਯੁੰਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਨੇ ਤਹਿ ਕੀਤੇ ਪ੍ਰੋਗਰਾਮ ਤਹਿਤ ਪਹਿਲਵਾਨ ਕੁੜੀਆਂ ਵੱਲੋਂ ਇਨਸਾਫ਼ ਲੈਣ ਲਈ ਦਿੱਲੀ ਜੰਤਰ ਮੰਤਰ ਵਿਖੇ ਦਿੱਤੇ ਜਾ ਰਹੇ ਧਰਨੇ ਦੀ ਹਮਾਇਤ ਵਿੱਚ ਕੁੜੀਆਂ ਦੇ ਜਿਣਸੀ ਸ਼ੋਸ਼ਣ ਦੇ ਨਾਮਜ਼ਦ ਦੋਸ਼ੀ ਬ੍ਰਿਜ ਭੂਸ਼ਨ ਸ਼ਰਨ ਸਿੰਘ ਨੂੰ ਸਾਰੇ ਅਹੁਦਿਆਂ ਤੋਂ ਬਰਖਾਸਤ ਕਰਕੇ ਤੁਰੰਤ ਗ੍ਰਿਫ਼ਤਾਰ ਕਰਵਾਉਣ ਅਤੇ ਉਸਦੀ ਸਰਪ੍ਰਸਤ ਮੋਦੀ ਸਰਕਾਰ ਖ਼ਿਲਾਫ਼ ਜ਼ਿਲ੍ਹਾ ਬਠਿੰਡਾ ਇਕਾਈ ਨੇ 12 ਮਈ ਨੂੰ ਜ਼ਿਲ੍ਹਾ ਪੱਧਰੀ  ਪ੍ਰਦਰਸ਼ਨ ਕਰਨ ਉਪਰੰਤ ਸ਼ਹਿਰ ਵਿੱਚ ਰੋਸ ਮਾਰਚ ਕਰਨ ਦਾ ਐਲਾਨ ਕੀਤਾ ਹੈ। ਇਸ ਮੌਕੇ ਅਧਿਕਾਰੀਆਂ ਨੂੰ ਇਕ ਮੰਗ ਪੱਤਰ ਵੀ ਦਿੱਤਾ ਜਾਵੇਗਾ।
     ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਅਤੇ ਜ਼ਿਲ੍ਹਾ ਜਰਨਲ ਸਕੱਤਰ ਹਰਜਿੰਦਰ ਸਿੰਘ ਬੱਗੀ ਨੇ ਸਾਂਝੇ ਬਿਆਨ ਰਾਹੀਂ  ਦੋਸ਼ ਲਾਉਂਦਿਆਂ ਕਿਹਾ ਕਿ ਮੋਦੀ ਹਕੂਮਤ ਵਾਲੀ ਕੇਂਦਰ ਦੀ ਭਾਜਪਾ ਸਰਕਾਰ ਦੋਸ਼ੀ ਦਾ ਬਚਾਅ ਕਰ ਰਹੀ ਹੈ।ਜਿਸ ਦੇ ਹੁਕਮਾਂ ਤੇ ਪੁਲਿਸ ਨੇ ਸ਼ਾਂਤਮਈ ਰੋਸ ਦਾ ਜਮਹੂਰੀ ਹੱਕ ਕੁਚਲਣ ਲਈ ਪਹਿਲਵਾਨਾਂ ਦੇ ਵਿਰੋਧ ਪ੍ਰਦਰਸ਼ਨ ਦੇ ਆਲੇ-ਦੁਆਲੇ ਬੈਰੀਕੇਡ ਲਗਾ ਦਿੱਤੇ ਹਨ ਅਤੇ ਕਿਸੇ ਨੂੰ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ ਹੈ
      ਉਨ੍ਹਾਂ ਆਖਿਆ ਕਿ ਜਥੇਬੰਦੀਆਂ ਦੇ ਕਾਰਕੁਨਾਂ ਨੂੰ ਪੁਲਿਸ ਨਾਲ ਦੋ ਦੋ ਹੱਥ ਕਰਕ ਧਰਨੇ ਵਾਲੀ ਥਾਂ ਤੇ ਜਾਣਾ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਇਸੇ ਤਹਿਤ ਪਿਛਲੇ ਦਿਨੀਂ ਬੀ ਕੇ ਯੂ ਏਕਤਾ ਉਗਰਾਹਾਂ ਦੇ ਔਰਤਾਂ ਦੇ ਜੱਥੇ ਨੂੰ ਟਿਕਰੀ ਬਾਰਡਰ ਤੋਂ ਨਾਕਾ ਤੋੜ ਕੇ ਧਰਨੇ ਵਿੱਚ ਜਾਣਾ ਪਿਆ ਸੀ।  ਉਨ੍ਹਾਂ ਆਖਿਆ ਕਿ ਪੁਲੀਸ ਸ਼ਹਿਰ ਦੀਆਂ ਹੱਦਾਂ ‘ਤੇ ਵਾਹਨਾਂ ਦੀ ਚੈਕਿੰਗ ਦਾ ਲੰਗੜਾ ਬਹਾਨਾ ਬਣਾ ਕੇ ਜੰਤਰ ਮੰਤਰ ਜਾਣ ਤੋਂ ਰੋਕਣ ਲਈ ਵਾਹ ਲਾ ਰਹੀ ਹੈ ਜੋ ਕਿ ਸੰਵਿਧਾਨ ਤਹਿਤ ਮਿਲੇ ਜਮਹੂਰੀ ਹੱਕਾਂ ਦੀ ਸ਼ਰੇਆਮ ਉਲੰਘਣਾਂ ਹੈ।
 ਉਹਨਾਂ ਕਿਹਾ ਕਿ  ਰੋਸ ਮੁਜ਼ਾਹਰੇ ਦੌਰਾਨ ਮੰਗ ਕੀਤੀ ਜਾਵੇਗੀ ਕਿ ਨਾਮਵਰ ਕੁਸ਼ਤੀ ਖਿਡਾਰਨਾਂ ਦਾ ਸਰੀਰਕ ਸ਼ੋਸ਼ਣ ਕਰਨ ਵਾਲੇ ਭਾਜਪਾ ਸੰਸਦ ਮੈਂਬਰ ਅਤੇ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਬ੍ਰਿਜ ਭੂਸ਼ਨ ਸ਼ਰਨ ਸਿੰਘ ਤੋਂ ਅਸਤੀਫਾ ਲੈਕੇ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ। ਪ੍ਰਦਰਸ਼ਨਕਾਰੀਆਂ ਦੀ ਘੇਰਾਬੰਦੀ ਖਤਮ ਕਰਕੇ ਜ਼ਖ਼ਮੀਆਂ ਦਾ ਸਰਕਾਰੀ ਇਲਾਜ਼ ਅਤੇ ਉਨ੍ਹਾਂ ਨੂੰ ਢੁੱਕਵਾਂ ਮੁਆਵਜ਼ਾ ਦਿੱਤਾ ਜਾਵੇ। ਉਨ੍ਹਾਂ ਸਮੂਹ ਇਨਸਾਫ਼ ਪਸੰਦ ਤੇ ਜਮਹੂਰੀ ਲੋਕਾਂ ਅਤੇ ਜਨਤਕ ਜਥੇਬੰਦੀਆਂ ਨੂੰ  ਹੱਕੀ ਲੜਾਈ ਲੜ ਰਹੀਆਂ ਮੁੰਡੇ ਕੁੜੀਆਂ ਨੂੰ ਇਨਸਾਫ ਦਿਵਾਉਣ ਲਈ ਇਸ ਰੋਸ ਪ੍ਰੋਗਰਾਮ ਵਿਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ।

Spread the love
Scroll to Top