ਡੇਰਾ ਸ਼ਰਧਾਲੂਆਂ ਨੇ ਸਲਾਬਤਪੁਰਾ ’ਚ ਭਲਾਈ ਕਾਰਜ ਕਰਕੇ ਮਨਾਇਆ  ‘ਸਤਿਸੰਗ ਭੰਡਾਰਾ’  

Spread the love

ਅਸ਼ੋਕ ਵਰਮਾ , ਸਲਾਬਤਪੁਰਾ 14ਮਈ 2023
     ਡੇਰਾ ਸੱਚਾ ਸੌਦਾ ਦੀ ਪੰਜਾਬ ਦੀ ਸਾਧ ਸੰਗਤ ਵੱਲੋਂ ਅੱਜ ਸਲਾਬਤਪੁਰਾ ਵਿਖੇ ਸਥਿਤ ‘ਸ਼ਾਹ ਸਤਿਨਾਮ ਜੀ ਰੂਹਾਨੀ ਧਾਮ ਡੇਰਾ ਰਾਜਗੜ੍ਹ ਸਲਾਬਤਪੁਰਾ’ ਵਿਖੇ ਮਈ ਮਹੀਨੇ ਦੇ ‘ਪਵਿੱਤਰ ਭੰਡਾਰੇ’ ਦੀ ਖੁਸ਼ੀ  ਨਾਮ ਚਰਚਾ ਮੌਕੇ ਲੋੜਵੰਦਾਂ ਦੀ ਮੱਦਦ ਕਰਕੇ ਮਨਾਈ ਗਈ। ਇਸ ਭੰਡਾਰੇ ਦੀ ਨਾਮ ਚਰਚਾ ’ਚ ਸਖਤ ਗਰਮੀ ਦੇ ਬਾਵਜ਼ੂਦ ਵੱਡੀ ਗਿਣਤੀ ’ਚ ਸਾਧ ਸੰਗਤ ਪੁੱਜੀ। ਇਸ ਮੌਕੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ਅਨੁਸਾਰ ਮਾਨਵਤਾ ਭਲਾਈ ਕਾਰਜ਼ ਕੀਤੇ ਗਏ ਜਿਸ ਤਹਿਤ 75 ਲੋੜਵੰਦਾਂ ਰਾਸ਼ਨ ਵੰਡਿਆ ਗਿਆ, 75 ਲੋੜਵੰਦ ਬੱਚਿਆਂ ਨੂੰ ਕੱਪੜੇ ਅਤੇ ਗਰਮੀਆਂ ਦੇ ਇਸ ਮੌਸਮ ’ਚ ਪੰਛੀਆਂ ਨੂੰ ਭੁੱਖ-ਪਿਆਸ ਤੋਂ ਬਚਾਉਣ ਲਈ ਪਾਣੀ ਰੱਖਣ ਵਾਲੇ 175 ਕਟੋਰੇ ਵੰਡੇ ਗਏ। ਸਾਧ ਸੰਗਤ ਵੱਲੋਂ ਏਕਤਾ ’ਚ ਰਹਿ ਕੇ ਮਾਨਵਤਾ ਭਲਾਈ ਦੇ ਕਾਰਜ ਕਰਦੇ ਰਹਿਣ ਦਾ ਸੰਕਲਪ ਵੀ ਦੁਹਰਾਇਆ ਗਿਆ।                                           
ਵੇਰਵਿਆਂ ਮੁਤਾਬਿਕ ਡੇਰਾ ਸੱਚਾ ਸੌਦਾ ਦੀ ਸਥਾਪਨਾ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਅਪ੍ਰੈਲ 1948 ’ਚ ਕੀਤੀ ਸੀ ਅਤੇ ਮਈ ਮਹੀਨੇ ’ਚ ਪਹਿਲੀ ਵਾਰ ਡੇਰੇ ’ਚ ਸਤਿਸੰਗ ਫਰਮਾਇਆ ਸੀ। ਸਾਧ ਸੰਗਤ ਨੂੰ ਇਹ ਜਾਣਕਾਰੀ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ 29 ਅਪ੍ਰੈਲ ਨੂੰ ਡੇਰਾ ਸੱਚਾ ਸੌਦਾ ਦੇ ਸਥਾਪਨਾ ਦਿਵਸ ਮੌਕੇ ਭੇਜੇ 15ਵੇਂ ਪਵਿੱਤਰ ਸੰਦੇਸ਼ ਰਾਹੀਂ ਦਿੱਤੀ ਸੀ ਤੇ ਨਾਲ ਹੀ ਫਰਮਾਇਆ ਸੀ ਕਿ ਸਾਧ ਸੰਗਤ ਹੁਣ ਮਈ ਮਹੀਨੇ ਨੂੰ ਵੀ ‘ਪਵਿੱਤਰ ਸਤਿਸੰਗ ਭੰਡਾਰੇ’ ਦੇ ਰੂਪ ’ਚ ਮਨਾਇਆ ਕਰੇਗੀ। ਅੱਜ ਪੰਜਾਬ ਦੀ ਸਾਧ ਸੰਗਤ ਵੱਲੋਂ ਸਲਾਬਤਪੁਰਾ ’ਚ ਸਤਿਸੰਗ ਭੰਡਾਰੇ ਦੀ ਨਾਮ ਚਰਚਾ ਕੀਤੀ ਗਈ, ਜਿਸ ’ਚ ਵੱਡੀ ਗਿਣਤੀ ’ਚ ਸਾਧ ਸੰਗਤ ਪੁੱਜੀ।                                          ਇਸ ਮੌਕੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ  ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਅਨਮੋਲ ਬਚਨ ਵੀ ਸਾਧ ਸੰਗਤ ਨੂੰ ਸੁਣਾਏ ਗਏ। ਆਪ ਜੀ ਨੇ ਫ਼ਰਮਾਇਆ ਕਿ ਭਾਵਨਾ ਨਾਲ ਪ੍ਰਮਾਤਮਾ ਨੂੰ ਪਾਇਆ ਜਾ ਸਕਦਾ ਹੈ, ਜੋ ਜ਼ਰੇ-ਜ਼ਰੇ ’ਚ ਵਸਦਾ ਹੈ। ਆਪ ਜੀ ਨੇ ਫਰਮਾਇਆ ਕਿ ਡੇਰਾ ਸੱਚਾ ਸੌਦਾ ਦੀ ਸਾਧ ਸੰਗਤ ਕਿਸੇ ਵੀ ਧਰਮ ਦੀ ਨਿੰਦਿਆ ਤਾਂ ਦੂਰ ਸਗੋਂ ਸਿਜ਼ਦਾ ਕਰਦੀ ਹੈ, ਇਸ ਲਈ ਅਸੀਂ ਵੀ ਸਭ ਨਾਲ ਪਿਆਰ ਕਰਦੇ ਹਾਂ, ਮੁਹੱਬਤ ਕਰਦੇ ਹਾਂ। ਇਹ ਸਭ ਸਿੱਖਿਆ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਤੇ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਦਿੱਤੀ। ਆਪ ਜੀ ਨੇ ਅੱਗੇ ਫ਼ਰਮਾਇਆ ਕਿ ਧਰਮਾਂ ਦੀ ਸਿੱਖਿਆ ਮੁਤਾਬਿਕ ਮਨੁੱਖ ਨੂੰ ਵਿਖਾਵਾ ਨਹੀਂ ਸਗੋਂ ਕਹਿਣੀ ਤੇ ਕਰਨੀ ਦੇ ਇੱਕ ਰਹਿਣਾ ਚਾਹੀਦਾ ਹੈ, ਫਿਰ ਅੰਦਰ ਬਾਹਰ ਕਿਸੇ ਚੀਜ ਦੀ ਕਮੀਂ ਨਹੀਂ ਰਹਿੰਦੀ। ਆਪ ਜੀ ਨੇ ਫਰਮਾਇਆ ਕਿ ਰੂਹਾਨੀ ਸਤਿਸੰਗਾਂ ਦੇ ਸਫ਼ਰਨਾਮੇ ਦੌਰਾਨ ਆਮ ਲੋਕਾਂ ਵੱਲੋਂ ਪੁੱਛਿਆ ਜਾਂਦਾ ਕਿ ਸਾਧ ਸੰਗਤ ਨੂੰ ਅਜਿਹਾ ਕੀ ਪਿਆਉਂਦੇ ਹੋ ਜਿਹੜਾ ਇਹ ਖੂਨਦਾਨ, ਗੁਰਦਾ ਦਾਨ ਆਦਿ ਲਈ ਵੀ ਤਿਆਰ ਰਹਿੰਦੇ ਹਨ ਤੇ ਉਨ੍ਹਾਂ ਨੂੰ ਕਿਹਾ ਕਿ ਸਾਧ ਸੰਗਤ ਨੂੰ ਰਾਮ-ਨਾਮ ਦਾ ਪਿਆਲਾ ਪਿਆਉਂਦੇ ਹਾਂ। ਆਪ ਜੀ ਨੇ ਫਰਮਾਇਆ ਕਿ ਪ੍ਰਮਾਤਮਾ ਹਰ ਥਾਂ, ਹਰ ਕਣ-ਕਣ ’ਚ ਹੈ, ਇਸ ਲਈ ਕਿਤੇ ਵੀ ਕੋਈ ਵੀ ਬੁਰਾਈ, ਗਲਤ ਕੰਮ ਨਾ ਕਰੋ ਕਿਉਂਕਿ ਹਰ ਗੱਲ ਦਾ ਪਤਾ ਉਸ ਪਰਮ ਪਿਤਾ ਪ੍ਰਮਾਤਮਾ ਨੂੰ ਲੱਗਦਾ ਰਹਿੰਦਾ ਹੈ।  ਆਪ ਜੀ ਨੇ ਫਰਮਾਇਆ ਕਿ ਸਾਡੇ ਵਰਗੀ ਸੱਭਿਅਤਾ, ਜੋ ਸਾਡੇ ਗੁਰੂਆਂ-ਪੀਰਾਂ ਨੇ ਸਾਨੂੰ ਦਿੱਤੀ ਹੈ, ਉਸ ਵਰਗੀ ਵਿਸ਼ਵ ’ਚ ਕਿਧਰੇ ਵੀ ਨਹੀਂ। ਆਪ ਜੀ ਫ਼ਰਮਾਇਆ ਕਿ ਦਿਖਾਵੇ ’ਤੇ ਜੋਰ ਨਾ ਦਿਓ ਬਲਕਿ ਅਮਲਾਂ ’ਤੇ ਜੋਰ ਦਿਓ, ਅਮਲ ਕਰਨਾ ਸਿੱਖੋ। ਰੱਬ ਦਾ ਨਾਂਅ ਕੋਈ ਕਮੀਂ ਨਹੀਂ ਰੱਖਦਾ ਬੱਸ ਇਨਸਾਨ ਆਪਣੀ ਨੀਅਤ ਸਾਫ਼ ਰੱਖੇ, ਜੇਕਰ ਬਚਨ ਮੰਨੋਂਗੇ ਤਾਂ ਖੁਸ਼ੀਆਂ ਹਾਸਿਲ ਕਰੋਂਗੇ । ਆਪ ਜੀ ਨੇ ਫਰਮਾਇਆ ਕਿ ਸਭ ਨੂੰ ਮਿਹਨਤ ਕਰਨੀ ਚਾਹੀਦੀ ਹੈ, ਮਿਹਨਤ ਬਿਨ੍ਹਾਂ ਕੁੱਝ ਨਹੀਂ ਮਿਲਦਾ। ਜੇਕਰ ਰੱਬ ਨੂੰ ਪਾਉਣਾ ਹੈ ਤਾਂ ਮਿਹਨਤ ਕਰਦਿਆਂ ਬੁਰਾਈਆਂ ਦਾ ਤਿਆਗ ਕਰਨਾ ਵੀ ਮਿਹਨਤ ਹੈ। ਨਿੰਦਿਆਂ ਪ੍ਰਥਾਏ ਆਪ ਜੀ ਨੇ ਫਰਮਾਇਆ ਕਿ ਕਦੇ ਵੀ ਕਿਸੇ ਧਰਮ ਦੀ ਨਿੰਦਿਆ ਨਾ ਕਰੋ। ਆਪਣੇ ਮਾਂ-ਬਾਪ ਦੀ ਨਿੰਦਿਆ ਨਾ ਕਰੋ ਕਿਉਂਕਿ ਜੇਕਰ ਤੁਸੀਂ ਉਨ੍ਹਾਂ ਦੀ ਨਿੰਦਿਆ ਕਰੋਂਗੇ ਤਾਂ ਤੁਹਾਡੇ ਬਾਰੇ ਸੋਚਿਆ ਜਾਵੇਗਾ ਕਿ ਜੋ ਆਪਣੇ ਮਾਪਿਆਂ ਦੀ ਨਿੰਦਿਆ ਕਰ ਰਿਹਾ ਹੈ ਇਹ ਖੁਦ ਵੀ ਚੰਗਾ ਨਹੀਂ ਹੋਵੇਗਾ। ਪਤੀ-ਪਤਨੀ ਦੇ ਰਿਸ਼ਤੇ ਦਾ ਜ਼ਿਕਰ ਕਰਦਿਆਂ ਆਪ ਜੀ ਨੇ ਫ਼ਰਮਾਇਆ ਕਿ ਜੇਕਰ ਚਾਹੁੰਦੇ ਹੋ ਕਿ ਪਤਨੀ, ਤੁਹਾਡੇ ਮਾਂ-ਬਾਪ ਦੀ ਇੱਜਤ ਸਤਿਕਾਰ ਕਰੇ ਤਾਂ ਤੁਹਾਡਾ ਵੀ ਫਰਜ਼ ਬਣਦਾ ਹੈ ਕਿ ਪਤਨੀ ਦੇ ਮਾਪਿਆਂ ਦਾ ਵੀ ਓਨਾਂ ਹੀ ਸਤਿਕਾਰ ਕੀਤਾ ਜਾਵੇ। ਇਸ ਲਈ ਦੋਵੇਂ ਪਾਸੇ ਦੋਵਾਂ ਨੂੰ ਹੀ ਚਾਹੀਦਾ ਹੈ ਕਿ ਇੱਕ-ਦੂਜੇ ਦੇ ਪਰਿਵਾਰਾਂ ਦਾ ਹੀ ਨਹੀਂ ਬਲਕਿ ਸਭ ਨਾਲ ਪ੍ਰੇਮ-ਪਿਆਰ ਨਾਲ ਰਹਿਣਾ ਚਾਹੀਦਾ ਹੈ ਤੇ ਇਹੋ ਸਿੱਖਿਆ ਸਾਨੂੰ ਸਾਡੇ ਗੁਰੂਆਂ-ਪੀਰਾਂ ਨੇ ਸਿਖਾਈ ਹੈ। ਸਮਾਜ ’ਚ ਫੈਲੇ ਨਸ਼ਿਆਂ ਦੇ ਕਹਿਰ ਬਾਰੇ ਆਪ ਜੀ ਨੇ ਸਾਧ ਸੰਗਤ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਵੱਧ ਤੋਂ ਵੱਧ ਨੌਜਵਾਨਾਂ ਨੂੰ ਸਤਿਸੰਗਾਂ ’ਚ ਲਿਆਂਦਾ ਜਾਵੇ ਤਾਂ ਜੋ ਉਹ ਨਸ਼ਿਆਂ ਦਾ ਤਿਆਗ ਕਰਕੇ ਸੁਖੀ-ਸੁਖੀ ਜ਼ਿੰਦਗੀ ਬਤੀਤ ਕਰਨ।  ਆਪ ਜੀ ਨੇ ਫਰਮਾਇਆ ਕਿ ਮਾਲਕ ਦਾ ਨਾਮ ਜਪਦੇ ਹੋਏ ਸਭ ਦਾ ਭਲਾ ਮੰਗਿਆ ਤੇ ਕਰਿਆ ਕਰੋ। ਜਿੰਨ੍ਹਾਂ ਹੋ ਸਕੇ ਨੇਕੀ ਦੇ ਕੰਮ ਕਰੋ, ਯਕੀਨ ਮੰਨੋ ਮਾਲਕ ਤੁਹਾਡੇ ਅੰਦਰ ਕੋਈ ਕਮੀਂ ਨਹੀਂ ਆਉਣ ਦੇਵੇਗਾ। ਇਸ ਤੋਂ ਪਹਿਲਾਂ ਨਾਮ ਚਰਚਾ ਦੌਰਾਨ ਪੂਜਨੀਕ ਗੁਰੂ ਜੀ ਵੱਲੋਂ 29 ਅਪ੍ਰੈਲ ਨੂੰ ਭੇਜੀ ਗਈ 15ਵੀਂ ਸ਼ਾਹੀ ਚਿੱਠੀ ਵੀ ਸਾਧ ਸੰਗਤ ਨੂੰ ਪੜ੍ਹ ਕੇ ਸੁਣਾਈ ਗਈ। ਪੂਜਨੀਕ ਗੁਰੂ ਜੀ ਵੱਲੋਂ ਨਸ਼ਿਆਂ ਦੇ ਖਾਤਮੇ ਲਈ ਗਾਏ ਗਏ ਭਜਨ ‘ਜਾਗੋ ਦੇਸ਼ ਦੇ ਲੋਕੋ’ ਅਤੇ ‘ਆਸ਼ਰੀਵਾਦ ਮਾਓ ਕਾ’ ਚਲਾਏ ਗਏ ਅਤੇ ਨਸ਼ਿਆਂ ਦੇ ਖਾਤਮੇ ਲਈ ਵਿਸ਼ੇਸ਼ ਡਾਕੂਮੈਟਰੀ ਸਾਧ ਸੰਗਤ ਨੂੰ ਦਿਖਾਈ ਗਈ। ਪੂਜਨੀਕ ਗੁਰੂ ਜੀ ਵੱਲੋਂ ਨਸ਼ਿਆਂ ਖਿਲਾਫ਼ ਗਾਏ ਗਏ ਭਜਨਾਂ ਨੂੰ ਸੁਣਕੇ ਲੱਖਾਂ ਲੋਕ ਨਸ਼ਿਆਂ ਦਾ ਰਾਹ ਤਿਆਗ ਚੁੱਕੇ ਹਨ ਅਤੇ ਹੋਰ ਵੀ ਰੋਜ਼ਾਨਾ ਨਸ਼ੇ ਛੱਡਣ ਆ ਰਹੇ ਹਨ। ਨਾਮ ਚਰਚਾ ਦੀ ਸਮਾਪਤੀ ’ਤੇ ਸਾਧ ਸੰਗਤ ਨੂੰ ਕੁੱਝ ਹੀ ਮਿੰਟਾਂ ’ਚ ਲੰਗਰ ਭੋਜਨ ਛਕਾਇਆ ਗਿਆ।  


Spread the love
Scroll to Top