ਕੈਪਟਨ ਦੀ ਦੁਖਦੀ ਰਗ ਤੇ, ਹੱਥ ਭਗਵੰਤ ਮਾਨ ਨੇ ਧਰਿਆ

Spread the love

ਅਸ਼ੋਕ ਵਰਮਾ , ਪਟਿਆਲਾ 17 ਮਈ 2023
      ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮੰਗਲਵਾਰ ਨੂੰ ਕੀਤੇ ਪਟਿਆਲਾ ਬੱਸ ਸਟੈਂਡ ਦੇ ਉਦਘਾਟਨ ਨੇ ਭਾਜਪਾ ਆਗੂ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਿਆਸੀ ਫੱਟ ਹਰੇ ਕਰ ਦਿੱਤੇ ਹਨ। ਇਹ ਉਹੀ ਬੱਸ ਅੱਡਾ ਹੈ ਜਿਸ ਦਾ ਨੀਂਹ ਪੱਥਰ ਅਕਤੂਬਰ 2020 ਵਿੱਚ ਆਪਣੇ ਰਾਜ ਭਾਗ ਦੌਰਾਨ ਕੈਪਟਨ ਨੇ ਪੂਰੇ ਢੋਲ ਢਮੱਕੇ  ਨਾਲ ਰੱਖਿਆ ਸੀ। ਹੁਣ ਇਹ ਪਹਿਲੀ ਵਾਰ ਹੋਇਆ ਹੈ ਕਿ ਪਟਿਆਲਾ  ਵਿੱਚ ਕੈਪਟਨ ਪਰਿਵਾਰ ਮਨਫ਼ੀ ਹੋਇਆ ਹੋਵੇ ਨਹੀਂ ਤਾਂ ਹੁਣ ਤੱਕ ਆਪਣਾ ਰਾਜ ਭਾਗ ਤਾਂ ਇਕ ਪਾਸੇ ਹੋਰਨਾਂ ਸਰਕਾਰਾਂ ਦੌਰਾਨ ਵੀ ਮਹਾਰਾਜਾ ਪਰਿਵਾਰ ਦੀ ਤੂਤੀ ਬੋਲਦੀ ਰਹੀ ਹੈ।                             
      ਕੈਪਟਨ ਪਰਿਵਾਰ ਦਾ ਦਰਦ ਹੁਣ ਦੋ ਵੱਖ-ਵੱਖ ਪ੍ਰੈੱਸ ਬਿਆਨਾਂ ਰਾਹੀਂ ਸਾਹਮਣੇ ਆਇਆ ਹੈ। ਕਰੀਬ ਪੌਣੇ ਪੰਜ ਸਾਲ ਸੱਤਾ ‘ਚ  ਰਹਿਣ ਤੋਂ ਬਾਅਦ ਕੈਪਟਨ ਨੂੰ ਹਟਾ ਦਿੱਤਾ ਗਿਆ ਸੀ ।ਇਹ ਨਹੀਂ ਕਿ  ਕਾਂਗਰਸ ਸਰਕਾਰ ਵਿੱਚ ਕੈਪਟਨ ਦੇ ਇਸ ਡਰੀਮ ਪ੍ਰੋਜੈਕਟ ਨੂੰ ਮੁਕੰਮਲ ਕਰਵਾਉਣ ਦੀ ਕੋਸ਼ਿਸ਼ ਨਹੀਂ ਕੀਤੀ , ਬਲਕਿ ਇਸ ਬੱਸ ਅੱਡੇ  ਦੀ ਉਸਾਰੀ ਜੰਗੀ ਪੱਧਰ ਤੇ ਚੱਲੀ ਫਿਰ ਵੀ ਇਹ ਨੇਪਰੇ ਨਾ ਚੜ੍ਹ ਸਕਿਆ। ਕੈਪਟਨ ਚਾਹੁੰਦੇ ਸਨ ਕਿ ਆਪਣੇ ਸ਼ਾਹੀ ਸ਼ਹਿਰ ਦਾ ਨਵਾਂ ਬੱਸ ਅੱਡਾ  ਜਲਦੀ ਤੋਂ ਜਲਦੀ ਮੁਕੰਮਲ ਹੋਵੇ  ਤਾਂਕਿ ਉਹ ਇਹ ਪ੍ਰੋਜੈਕਟ ਪਟਿਆਲਾ ਦੇ ਲੋਕਾਂ ਨੂੰ ਸਮਰਪਿਤ ਕਰ ਸਕਣ। ਕੈਪਟਨ ਤੋਂ ਬਾਅਦ ਬਣੀ ਚਰਨਜੀਤ ਸਿੰਘ ਚੰਨੀ ਸਰਕਾਰ  ਦੇ  ਕਾਰਜਕਾਲ ਦੌਰਾਨ ਵੀ ਪਟਿਆਲਾ ਬੱਸ ਅੱਡੇ ਦੀ ਉਸਾਰੀ ਨੂੰ ਖੰਭ ਨਹੀਂ ਲੱਗ ਸਕੇ।
    ਪਿਛਲੀਆਂ ਚੋਣਾਂ ਦੌਰਾਨ ਕਾਂਗਰਸ ਨੂੰ ਸਫ਼ਲਤਾ ਨਹੀਂ ਮਿਲੀ ਅਤੇ ਅਤੇ ਕੈਪਟਨ ਦੀ ਪੰਜਾਬ ਲੋਕ ਕਾਂਗਰਸ ਵੀ ਸਿਆਸੀ ਜਲਵਾ ਨਹੀਂ ਦਿਖਾ ਸਕੀ। ਖਾਸ ਤੌਰ ਤੇ ਕੈਪਟਨ ਅਮਰਿੰਦਰ ਸਿੰਘ ਨੂੰ ਆਪਣੇ ਜੱਦੀ ਸ਼ਹਿਰ ਪਟਿਆਲਾ ਵਿੱਚ ਵੀ ਜਿੱਤ ਨਸੀਬ ਨਹੀਂ ਹੋਈ। ਅੰਤ ਨੂੰ ਕੈਪਟਨ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ । ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੇ ਸੱਤਾ ਤੇ ਕਾਬਜ਼ ਹੋ ਗਈ।
    ਹੁਣ ਨਵੀਂ ਸਰਕਾਰ ਨੇ ਕਾਂਗਰਸ ਦੇ ਰਾਜ ਵੇਲੇ ਸ਼ੁਰੂ ਹੋਏ ਪ੍ਰਾਜੈਕਟਾਂ ਦੇ ਉਦਘਾਟਨ ਕਰਨੇ ਸ਼ੁਰੂ ਕੀਤੇ ਹਨ । ਇਸ ਤਹਿਤ ਮੁੱਖ ਮੰਤਰੀ ਭਗਵੰਤ ਮਾਨ ਨੇ ਮੰਗਲਵਾਰ ਨੂੰ ਪਟਿਆਲਾ ਬੱਸ ਅੱਡਾ ਆਮ ਲੋਕਾਂ ਨੂੰ ਸਮਰਪਿਤ  ਕੀਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਅਜਿਹੇ ਲੋਕ ਮਹੱਤਵ ਵਾਲੇ ਸਮਾਰੋਹ ਪਿਛਲੀਆਂ ਸਰਕਾਰਾਂ ਦੌਰਾਨ ਕਾਫ਼ੀ ਮੁਸ਼ਕਲ ਨਾਲ ਹੁੰਦੇ ਸਨ। ਹੁਣ ਅਜਿਹੇ ਪ੍ਰਾਜੈਕਟ ਲਗਾਤਾਰ ਲੋਕਾਂ ਨੂੰ ਸਮਰਪਿਤ ਕੀਤੇ ਜਾ ਰਹੇ ਹਨ। 
  
 ਕੈਪਟਨ ਦੀ ਪ੍ਰਾਪਤੀ:-  ਜੈਇੰਦਰ ਕੌਰ 
   ਕੈਪਟਨ ਅਮਰਿੰਦਰ ਸਿੰਘ  ਦੀ ਲੜਕੀ ਜੈ ਇੰਦਰ ਕੌਰ ਨੇ ਪਟਿਆਲਾ ਬੱਸ ਅੱਡੇ ਨੂੰ ਕੈਪਟਨ ਦੀ ਪ੍ਰਾਪਤੀ ਕਰਾਰ ਦਿੰਦਿਆਂ ਕਿਹਾ ਕਿ ਇਹ  ਸਾਬਕਾ ਮੁੱਖ ਮੰਤਰੀ ਦਾ  ਸੁਪਨਮਈ ਪ੍ਰੋਜੈਕਟ ਸੀ ਜੋ ਅਕਤੂਬਰ 2020 ਵਿੱਚ ਉਹਨਾਂ ਦੇ ਕਾਰਜਕਾਲ ਦੌਰਾਨ ਪਟਿਆਲਾ ਨੂੰ ਭੀੜ-ਭੜੱਕੇ ਤੋਂ ਮੁਕਤ ਕਰਨ ਲਈ 60.97 ਕਰੋੜ ਰੁਪਏ ਦੀ ਲਾਗਤ ਨਾਲ ਸ਼ੁਰੂ ਕੀਤਾ ਅਤੇ  6.10 ਕਰੋੜ ਰੁਪਏ ਹੋਰ ਵੀ ਭੇਜੇ  ਸਨ। ਇਸ ਪ੍ਰੋਜੈਕਟ ਲਈ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕਰਦਿਆਂ  ਮੁੱਖ ਮੰਤਰੀ ਨੂੰ  ਫਰਜ਼ੀ ਕ੍ਰੈਡਿਟ ਲੈਣ ਦੀ ਥਾਂ ਕੈਪਟਨ  ਵੱਲੋਂ ਪਟਿਆਲਾ ਲਈ ਕੀਤੇ ਕੰਮਾਂ ਨੂੰ ਮਾਨਤਾ ਦੇਣ ਦੀ ਨਸੀਹਤ ਦਿੱਤੀ ਹੈ।
ਕੈਪਟਨ ਨੇ ਕਿਹਾ ! ਕੰਮ ਕਰਕੇ ਦਿਖਾਉਣ ਮੁੱਖ ਮੰਤਰੀ ਭਗਵੰਤ ਮਾਨ
      ਕੈਪਟਨ  ਅਮਰਿੰਦਰ ਸਿੰਘ ਨੇ ਪ੍ਰੈੱਸ ਬਿਆਨ ਰਾਹੀਂ ਕਿਹਾ ਕਿ ਬਤੌਰ ਮੁੱਖ ਮੰਤਰੀ ਭਗਵੰਤ ਮਾਨ ਨੇ ਪਟਿਆਲਾ ਦੇ ਬੱਸ ਸਟੈਂਡ ਦਾ ਉਦਘਾਟਨ ਕੀਤਾ, ਜੋ ਮੇਰੇ ਸਮੇਂ ਦੌਰਾਨ ਸ਼ੁਰੂ ਹੋਇਆ ਸੀ।ਉਨ੍ਹਾਂ ਨੂੰ  ਸਾਡੀ ਸਰਕਾਰ ਵੱਲੋਂ ਕੀਤੇ ਕੰਮਾਂ ਦਾ ਸਿਹਰਾ ਲੈਣ ਦੀ ਬਜਾਏ ਆਪਣੇ ਪੱਧਰ ‘ਤੇ ਕੁਝ ਕਰਕੇ ਦਿਖਾਉਣਾ ਚਾਹੀਦਾ ਹੈ।” ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਇਹ ਉਹਨਾਂ ਬਹੁਤ ਸਾਰੀਆਂ ਉਦਾਹਰਣਾਂ ਵਿੱਚੋਂ ਇੱਕ ਹੈ , ਜਿੱਥੇ ਪਿਛਲੀ ਸਰਕਾਰ ਵੱਲੋਂ ਕੀਤੇ ਕੰਮਾਂ ਦਾ ਸਿਹਰਾ ਆਪ ਸਰਕਾਰ ਲੈਣ ਦੀ ਕੋਸ਼ਿਸ਼ ਕਰ ਰਹੀ ਹੈ। ਕੈਪਟਨ  ਨੇ ਕਿਹਾ ਕਿ ਇਹ ਸਰਕਾਰ ਬਦਲਾਅ ਅਤੇ ਤਰੱਕੀ ਦੇ ਫਰਜ਼ੀ ਬਿਆਨਬਾਜ਼ੀ ਤੋਂ ਅਜੇ ਤੱਕ ਬਾਹਰ ਨਹੀਂ ਆਈ ਹੈ , ਕਿਉਂਕਿ ਜ਼ਮੀਨ ‘ਤੇ ਬਦਲਾਅ ਜਾਂ ਤਰੱਕੀ ਕੁਝ ਵੀ ਨਜ਼ਰ ਨਹੀਂ ਆ ਰਿਹਾ ਹੈ।

Spread the love
Scroll to Top