BARNALA ਦੀ ਨਾਮੀ ਕਲੋਨੀ ‘ਚ ਪੁਲਿਸ ਦੀ ਵੱਡੀ ਰੇਡ, ਧੂਰੀ ਪੁਲਿਸ ਦੇ ਹੱਥੇ ਚੜ੍ਹੇ ਕ੍ਰਿਕਟ ਬੁੱਕੀ ਦੇ 2 ਕਰੀਬੀ ਸਾਥੀ

Spread the love

ਕਾਂਗਰਸੀ ਆਗੂ ਨੂੰ ਬਚਾਉਣ ਲਈ ਆਪ ਆਗੂ ਪੱਬਾਂ ਭਾਰ, ਗਿਰਫਤਾਰੀ ਦੀ ਲਟਕੀ ਸਿਰ ਤੇ ਤਲਵਾਰ

ਬਰਾਮਦ ਹੋਏ ਮੋਬਾਇਲਾਂ ਤੇ ਲੈਪਟੌਪਾਂ ਨੇ ਕੀਤੀਆਂ ਸ਼ਹਿਰ ਦੇ ਨਾਮੀਂ ਵਪਾਰੀਆਂ ਦੀਆਂ ਧੜਕਣਾਂ ਤੇਜ਼

ਹਰਿੰਦਰ ਨਿੱਕਾ , ਬਰਨਾਲਾ 27 ਮਈ 2023

   ਆਈ.ਪੀ.ਐਲ. ਮੈਚਾਂ ਤੇ ਸੱਟਾ ਲਵਾਉਣ ਦੇ ਜ਼ੁਰਮ ਵਿੱਚ ਧੂਰੀ ਪੁਲਿਸ ਦੇ ਹੱਥੇ ਚੜ੍ਹੇ ਬਰਨਾਲਾ ਦੇ ਦੋ ਵਿਅਕਤੀਆਂ ਦੀ ਗਿਰਫਤਾਰੀ ਦੀ ਧਮਕ ਬਰਨਾਲਾ ਸ਼ਹਿਰ ਅੰਦਰ ਵੀ ਸੁਣਨ ਨੂੰ ਮਿਲੀ। ਭਾਰੀ ਸੰਖਿਆ ਵਿੱਚ ਪਹੁੰਚੀ ਧੂਰੀ ਪੁਲਿਸ ਨੇ ਸ਼ਹਿਰ ਦੀ ਇੱਕ ਨਾਮੀ ਕਲੋਨੀ ਵਿੱਚ ਰਹਿੰਦੇ ਸਾਬਕਾ ਕਾਂਗਰਸੀ ਕੌਸਲਰ ਦੀ ਕੋਠੀ ਵਿੱਚ ਛਾਪਾ ਮਾਰਿਆ। ਬੇਸ਼ੱਕ ਪੁਲਿਸ ਪਾਰਟੀ ਨੂੰ ਸੱਤਾਧਾਰੀ ਧਿਰ ਦੇ ਇੱਕ ਵੱਡੇ ਆਗੂ ਦੇ ਫੋਨ ਦੀ ਘੰਟੀ ਖੜਕਣ ਤੋਂ ਬਾਅਦ, ਉਨ੍ਹੀਂ ਪੈਰੀਂ ਬਰੰਗ ਮੁੜਨਾ ਪੈ ਗਿਆ। ਪਰੰਤੂ ਹਾਲੇ ਵੀ ਸਾਬਕਾ ਕਾਂਗਰਸੀ ਕੌਂਸਲਰ ਦੇ ਸਿਰ ਤੇ ਕੇਸ ਦਰਜ਼ ਹੋਣ ਅਤੇ ਗਿਰਫਤਾਰੀ ਦੀ ਤਲਵਾਰ ਲਟਕਦੀ ਸਾਫ ਦਿਖਾਈ ਦੇ ਰਹੀ ਹੈ। ਹੈਰਾਨੀ ਦੀ ਗੱਲ ਇਹ ਸਾਹਮਣੇ ਆਈ ਕਿ ਸਾਬਕਾ ਕਾਂਗਰਸੀ ਆਗੂ ਦੇ ਕਥਿਤ ਤੌਰ ਤੇ ਦੋਗਲੇ ਰਾਜਸੀ ਕਿਰਦਾਰ ਕਰਕੇ, ਕੋਈ ਕਾਂਗਰਸੀ ਤਾਂ ਉਸ ਦੀ ਪੈਰਵੀ ਕਰਨ ਲਈ ਨਹੀਂ ਪਹੁੰਚਿਆਂ, ਪਰੰਤੂ ਸੱਤਾਧਾਰੀ ਧਿਰ ਦੇ ਕਈ ਕੌਂਸਲਰ, ਉਸ ਨੂੰ ਬਚਾਉਣ ਲਈ , ਧੂਰੀ ਪਹੁੰਚ ਕੇ ਯਤਨ ਕਰਦੇ ਰਹੇ। ਥਾਣਾ ਸਿਟੀ ਧੂਰੀ ਦੇ ਐਸ.ਐਚ.ੳ. ਰਮਨਦੀਪ ਸਿੰਘ ਨੇ ਬਰਨਾਲਾ ਦੇ ਦੋ ਸਟੋਰੀਆਂ ਦੀ ਗਿਰਫਤਾਰੀ ਦੀ ਪੁਸ਼ਟੀ ਤਾਂ ਕਰ ਦਿੱਤੀ। ਪਰ ਉਨਾਂ ਕਾਂਗਰਸੀ ਕੌਂਸਲਰ ਦੇ ਘਰ ਛਾਪਾ ਮਾਰੀ ਬਾਰੇ,ਖੁਦ ਨੂੰ ਕੋਈ ਜਾਣਕਾਰੀ ਹੋਣ ਦੇ ਸਵਾਲ ਤੋਂ ਪੱਲਾ ਝਾੜ ਲਿਆ।

ਮੋਬਾਇਲ ਫੋਨਾਂ ਨੇ ਖੋਲ੍ਹਿਆ ਬੁੱਕੀ ਦਾ ਭੇਦ! 

    ਪ੍ਰਾਪਤ ਜਾਣਕਾਰੀ ਅਨੁਸਾਰ ਧੂਰੀ ਥਾਣੇ ਦੀ ਪੁਲਿਸ ਨੇ ਪੁਖਤਾ ਅਤੇ ਭਰੋਸੇਯੋਗ ਇਤਲਾਹ ਦੇ ਅਧਾਰ ਪਰ, ਪ੍ਰੀਤ ਨਗਰ ਧੂਰੀ ਦੇ ਖੇਤਰ ਵਿੱਚ ਆਈਪੀਐਲ ਦੇ ਸੈਮੀਫਾਈਨਲ ਮੈਚ ਤੇ ਸੱਟਾ ਲੁਆ ਰਹੇ, ਦੋ ਸਟੋਰੀਆਂ ਨੂੰ ਹਜ਼ਾਰਾਂ ਰੁਪਏ ਦੀ ਨਗਦੀ ਸਣੇ ਗ੍ਰਿਫਤਾਰ ਕਰ ਲਿਆ। ਜਿੰਨਾਂ ਦੀ ਪਹਿਚਾਣ ਮਨੀਸ਼ ਕੁਮਾਰ ਕਾਕਾ ਵਾਸੀ ਨੇੜੇ ਮਾਲਵਾ ਫੈਕਟਰੀ, ਰਾਏਕੋਟ ਰੋਡ ਬਰਨਾਲਾ ਅਤੇ ਆਂਚਲ ਕੁਮਾਰ ਵਾਸੀ ਅਕਾਲਗੜ੍ਹ ਬਸਤੀ ਬਰਨਾਲਾ ਦੇ ਤੌਰ ਤੇ ਹੋਈ। ਪੁਲਿਸ ਨੇ ਦੋਵਾਂ ਨਾਮਜ਼ਦ ਦੋਸ਼ੀਆਂ ਦੇ ਕਬਜ਼ੇ ਵਿੱਚੋਂ ਕੁੱਝ ਮੋਬਾਇਲ/ਲੈਪਟੌਪ ਤੇ ਹੋਰ ਸਮਾਨ ਵੀ ਬਰਾਮਦ ਕਰਨ ਦੀ ਕਨਸੋਅ ਮਿਲੀ ਹੈ। ਪਤਾ ਇਹ ਵੀ ਲੱਗਿਆ ਹੈ ਦੋਸ਼ੀਆਂ ਦੇ ਮੋਬਾਇਲ ਫੋਨਾਂ ਵਿੱਚੋਂ ਮਿਲੇ ਸੁਰਾਗ ਦੇ ਅਧਾਰ ਤੇ ਧੂਰੀ ਪੁਲਿਸ ਫੋਰਸ ਦੀ ਵੱਡੀ ਟੀਮ ਨੇ ਸ਼ਹਿਰ ਦੀ ਨਾਮੀ ਕਲੋਨੀ ‘ਚ ਰਹਿੰਦੇ ਸਾਬਕਾ ਕਾਂਗਰਸੀ ਕੌਂਸਲਰ ਦੀ ਕੋਠੀ ਵਿੱਚ ਛਾਪਾ ਮਾਰਿਆ। ਪੁਲਿਸ ਰੇਡ ਦੀ ਭਿਣਕ ਪੈਂਦਿਆਂ ਹੀ ਸੱਤਾਧਾਰੀ ਧਿਰ ਦੇ ਆਗੂਆਂ ਦੀ ਦੇ ਫੋਨਾਂ ਦੀਆਂ ਘੰਟੀਆਂ ਪੁਲਿਸ ਨੂੰ ਖੜਕਣ ਲੱਗ ਪਈਆਂ। ਨਤੀਜੇ ਵਜੋਂ ਪੁਲਿਸ ਪਾਰਟੀ ਨੂੰ ਦੱਬੇ ਪੈਰੀਂ ਵਾਪਿਸ ਮੁੜਨ ਲਈ ਮਜਬੂਰ ਹੋਣਾ ਪਿਆ। ਤਾਰਿਆਂ ਦੀ ਛਾਂ ਹੇਠ ਬੁੱਕੀ ਦੇ ਘਰ ਪਹੁੰਚੀ ਪੁਲਿਸ ਨਿੰਮੋਝੂਣੀ ਹੋ ਕੇ ਮੁੜ ਗਈ। ਪਰੰਤੂ ਆਮ ਆਦਮੀ ਪਾਰਟੀ ਦੇ ਕੁੱਝ ਕੌਂਸਲਰ , ਆਪ ਵੱਲ ਝੁਕਾਅ ਰੱਖਣ ਵਾਲੇ ਕਾਂਗਰਸੀ ਆਗੂ ਨੂੰ ਬਚਾਉਣ ਲਈ, ਪੁਲਿਸ ਥਾਣਾ ਧੂਰੀ ਜਾ ਧਮਕੇ, ਪਰੰਤੂ ਖਬਰ ਲਿਖੇ ਜਾਣ ਤੱਕ, ਉਨਾਂ ਦੀਆਂ ਕੋਸ਼ਿਸ਼ਾਂ ਨੂੰ ਬਹੁਤਾ ਬੂਰ ਨਹੀਂ ਪਿਆ। ਪੁਲਿਸ ਸੂਤਰਾਂ ਦਾ ਕਹਿਣਾ ਹੈ ਕਿ ਬੇਸ਼ੱਕ ਮੁੱਖ ਮੰਤਰੀ ਭਗਵੰਤ ਮਾਨ ਦਾ ਵਿਧਾਨ ਸਭਾ ਹਲਕਾ ਹੋਣ ਕਾਰਣ, ਪੁਲਿਸ ਬੁੱਕੀ ਨੂੰ ਸਪੇਅਰ ਕਰਨ ਦੇ ਰੌਂਅ ਵਿੱਚ ਤਾਂ ਨਹੀਂ, ਪਰ ਪੁਲਿਸ, ਉਸ ਦੀ ਗਿਰਫਤਾਰੀ ਦੀ ਬਜਾਏ, ਉਸ ਨੂੰ ਅਗਾਉਂ ਜਮਾਨਤ ਲੈਣ ਜੋਗੀ ਰਾਹਤ ਜਰੂਰ ਦੇ ਸਕਦੀ ਹੈ। 

ਬੁੱਕੀ ਦਾ ਕਰੀਬੀ ਚਲਾ ਰਿਹੈ ਆਪਣਾ ਸੌਫਟਵੇਅਰ!

   ਪੁਖਤਾ ਸੂਤਰਾਂ ਅਨੁਸਾਰ ਪੁਲਿਸ ਦੇ ਹੱਥੇ ਚੜ੍ਹਿਆਂ ਇੱਕ ਦੋਸ਼ੀ , ਸ਼ਹਿਰ ਦੇ ਵੱਡੇ ਸ਼ਾਹੂਕਾਰਾਂ ਦੀ ਆਈ.ਡੀ. ਯਾਨੀ (ਮੈਚਾਂ ਤੇ ਸੱਟਾ ਲਾਉਣ ਲਈ ਲਿਮਟ) ਤਿਆਰ ਕਰਕੇ ਦਿੰਦਾ ਹੈ। ਜਿਸ ਦੇ ਅਧਾਰ ਤੇ ਸ਼ਾਹੂਕਾਰ ਲੱਖਾਂ ਰੁਪਏ ਬੋਲ ਕੇ ਕ੍ਰਿਕਟ ਮੈਚਾਂ ਤੇ ਸੱਟਾ ਖੇਡਦੇ ਹਨ। ਪਤਾ ਇਹ ਵੀ ਲੱਗਿਆ ਹੈ ਕਿ ਇਸ ਦੋਸ਼ੀ ਨੇ ਆਪਣਾ ਸੌਫਟਵੇਅਰ ਈਜ਼ਾਦ ਕਰ ਰੱਖਿਆ ਹੈ। ਜਿਸ ਵਿੱਚ 50 ਤੋਂ ਲੈ ਕੇ 100 ਆਈਡੀਜ ਚੱਲਦੀਆਂ ਹਨ। ਇਸ ਦੇ ਬਦਲੇ ਇਸ ਵਿਅਕਤੀ ਨੂੰ 10 % ਕਮਿਸ਼ਨ ਅਲੱਗ ਤੋਂ ਮਿਲਦਾ ਹੈ। ਥਾਣਾ ਧੂਰੀ ਸਿਟੀ ਦੇ ਐਸਐਚੳ ਰਮਨਦੀਪ ਸਿੰਘ ਨੇ ਦੋਵਾਂ ਦੋਸ਼ੀਆਂ ਮੁਨੀਸ਼ ਕਾਕਾ ਅਤੇ ਆਂਚਲ ਦੀ ਗਿਰਫਤਾਰੀ ਦੀ ਪੁਸ਼ਟੀ ਕੀਤੀ ਹੈ, ਪਰੰਤੂ ਬਰਨਾਲਾ ਦੇ ਸਾਬਕਾ ਕਾਂਗਰਸੀ ਕੌਂਸਲਰ ਦੇ ਘਰ ਰੇਡ ਹੋਣ ਸਬੰਧੀ, ਖੁਦ ਨੂੰ ਕੋਈ ਜਾਣਕਾਰੀ ਨਾ ਹੋਣ ਬਾਰੇ ਦੱਸਿਆ। ਸੰਗਰੂਰ ਦੇ ਇੱਕ ਹੋਰ ਵੱਡੇ ਪੁਲਿਸ ਅਧਿਕਾਰੀ ਨੇ ਕਿਹਾ ਕਿ ਦੋਸ਼ੀ ਕੋਈ ਵੀ ਹੋਵੇ, ਮੁੱਖ ਮੰਤਰੀ ਸਾਬ੍ਹ ਦੇ ਸਾਫ ਹੁਕਮ ਹਨ ਕਿ ਕਿਸੇ ਵੀ ਅਪਰਾਧ ਵਿੱਚ ਸ਼ਾਮਿਲ ਦੋਸ਼ੀ ਨੂੰ ਨਹੀਂ ਬਖਸ਼ਣਾ। ਇਸ ਲਈ, ਜੇਕਰ ਕਿਸੇ ਹੋਰ ਵਿਅਕਤੀ ਦੀ ਭੂਮਿਕਾ ਕ੍ਰਿਕਟ ਮੈਚਾਂ ਦੇ ਸੱਟੇ ਵਿੱਚ ਸਾਹਮਣੇ ਆਉਂਦੀ ਹੈ ਤਾਂ ਉਸ ਦੇ ਖਿਲਾਫ ਵੀ ਸਖਤ ਕਾਨੂੰਨੀ ਕਾਰਵਾਈ ਤੋਂ ਪਾਸਾ ਨਹੀਂ ਵੱਟਿਆ ਜਾਵੇਗਾ। 


Spread the love
Scroll to Top