ਸਿੱਧੂ ਮੂਸੇ ਵਾਲਾ:’ਏਤੀ ਮਾਰ ਪਈ ਕੁਰਲਾਣੈ ਤੋਂ ਕੀ ਦਰਦ ਨਾਂ ਆਇਆ’

Spread the love

ਅਸ਼ੋਕ ਵਰਮਾ , ਬਠਿੰਡਾ, 28 ਮਈ 2023  
          ਏਤੀ ਮਾਰ ਪਈ ਕੁਰਲਾਣੈ ਤੋਂ ਕੀ ਦਰਦ ਨਾਂ ਆਇਆ’।  ਪੰਜ ਸੌ ਸਾਲ ਪਹਿਲਾਂ ਮੁਗਲ ਬਾਦਸ਼ਾਹ ਬਾਬਰ ਨੇ ਏਮਨਾਬਾਦ ਤੇ ਹਮਲਾ ਕਰਕੇ ਮਨੁੱਖਤ ਦਾ ਕਤਲੇਆਮ ਕੀਤਾ ਅਤੇ ਗਲੀਆਂ ਵਿੱਚ ਖੂਨ ਦੀਆਂ ਨਦੀਆਂ ਵਹਾਈਆਂ ਤਾਂ ਉਸ ਵਕਤ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਰੱਬ ਨੂੰ ਇਹ ਮਿਹਣਾ ਮਾਰਿਆ ਸੀ। ਇਹੀ ਉਲਾਂਭਾ ਹੁਣ ਲੋਕ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਦੇ ਸਾਲ ਬਾਅਦ  ਪਿੰਡ ਮੂਸਾ ਦੇ ਲੋਕ   ਰੱਬ ਨੂੰ ਦੇ ਰਹੇ ਹਨ । ਪਿੰਡ ਮੂਸਾ ਦੇ ਬਲਕਾਰ ਸਿੰਘ ਸਿੱਧੂ ਅਤੇ ਚਰਨਜੀਤ ਕੌਰ ਦੇ ਇਕਲੌਤੇ ਪੁੱਤ ਨੌਜਵਾਨ ਗਾਇਕ ਸ਼ੁਭਦੀਪ ਸਿੰਘ ਉਰਫ ਸਿੱਧੂ ਮੂਸੇਵਾਲਾ ਨੂੰ  ਇੱਕ ਸਾਲ ਪਹਿਲਾਂ  ਗੋਲੀਆਂ ਮਾਰ ਕਤਲ ਕਰ ਦਿੱਤਾ ਗਿਆ ਸੀ।
                  ਸਿੱਧੂ ਮੂਸੇਵਾਲਾ ਦੇ ਪਿਤਾ ਸਾਬਕਾ ਫੌਜੀ ਸਨ ਜੋ ਹਾਲ ਹੀ ਵਿੱਚ ਫਾਇਰ ਬ੍ਰਿਗੇਡ ਮਾਨਸਾ ਵਿੱਚੋਂ ਰਿਟਾਇਰ ਹੋਏ ਹਨ  ਜਦੋਂ ਕਿ ਮਾਤਾ  ਪਿੰਡ ਦੀ ਸਰਪੰਚ ਹੈ। ਕੌਮਾਂਤਰੀ ਪੱਧਰ ਤੇ ਨਾਮਣਾ ਖੱਟਣ ਦੇ ਬਾਵਜੂਦ ਆਪਣੇ ਸਿੱਧੂ ਮੂਸੇਵਾਲਾ ਨੇ ਪਿੰਡ ਵਿਚ ਰਹਿਣ ਨੂੰ ਤਰਜੀਹ ਦਿੱਤੀ ਸੀ।ਸਿੱਧੂ ਮੂਸੇਵਾਲਾ ਜਿੰਦਗੀ ਦੇ ਅੰਤ ਤੱਕ ਪੇਂਡੂ ਜ਼ਿੰਦਗੀ ਦਾ ਕਾਇਲ ਰਿਹਾ ।5911 ਟਰੈਕਟਰ ਨਾਲ ਉਸ ਦੀ ਦਿਲੀ ਸਾਂਝ ਸੀ ਜੋ ਅੱਜ ਵੀ ਉਸਦੇ ਘਰ ਖਲੋਤਾ ਹੈ।
ਪਿੰਡ  ਦਾ ਮੋਹ ਸੀ ਕਿ ਉਸ ਨੇ ਆਪਣੀ  ਹਵੇਲੀ ਦੀ ਪਿੰਡ ਵਿੱਚ  ਉਸਾਰੀ ਕਰਵਾਈ। ਸਿੱਧੂ ਮੂਸੇਵਾਲਾ ਨੇ ਚੋਣ ਪ੍ਰਚਾਰ ਦੌਰਾਨ ਆਖਿਆ ਸੀ, ‘ਮੈਂ ਇੱਥੇ ਪਿੰਡ ’ਚ ਜੰਮਿਆ, ਪਿੰਡ ’ਚ ਹੀ ਰਹਿਣੈ ਤੇ ਏਥੇ ਹੀ ਮਰਨਾ ਹੈ।
ਸਹਿਜ ਸੁਭਾਅ ਮੂੰਹੋਂ ਬੋਲੇ ਇਹ ਬੋਲ ਏਦਾਂ ਸੱਚ ਹੋ ਜਾਣਗੇ ਕਿਸੇ ਨੇ ਸੋਚਿਆ ਵੀ ਨਹੀਂ ਸੀ ‌‌‌‌।
                    ਭਾਵੇਂ ਇਸ ਅਣਹੋਣੀ ਨੂੰ ਵਾਪਰਿਆਂ  ਸਾਲ ਲੰਘ ਗਿਆ ਹੈ ਪਰ ਪਿੰਡ ਮੂਸਾ ਦੇ ਫੱਟ ਹਾਲੇ ਤੱਕ ਅੱਲੇ ਹਨ।  ਪਿੰਡ ਦੇ ਹਰ ਤਰਫ ਉਦਾਸੀ ਦਾ ਪਹਿਰਾ ਉਸੇ ਤਰ੍ਹਾਂ ਬਣਿਆ ਹੋਇਆ  ਹੈ। ਪਿੰਡ ਦੀ  ਚੁੱਪ ਕਦੋਂ ਟੁੱਟਦੀ ਹੈ ਇਸ ਬਾਰੇ ਤਾਂ ਯਕੀਨੀ ਤੌਰ ਤੇ ਕੋਈ  ਕੁੱਝ ਵੀ ਨਹੀਂ ਕਹਿ ਸਕਦਾ ਹੈ। ਦਰਅਸਲ  ਮੂਸਾ ਪੰਜਾਬ ਦੇ ਹੋਰਨਾਂ ਪਿੰਡਾਂ ਵਾਂਗ ਇੱਕ ਸਧਾਰਨ ਜਿਹਾ ਹੀ ਪਿੰਡ ਹੀ  ਸੀ। ਇਸ ਪਿੰਡ ਨੂੰ ਇੱਕ ਮੁੱਛ-ਫ਼ੁੱਟ ਗੱਭਰੂ ਨੇ  ਕੌਮਾਂਤਰੀ ਸਫਾਂ ਵਿੱਚ ਗੂੰਜਣ ਲਾਇਆ  ਉਹ ਵੀ ਉਸ ਵਕਤ ਜਦੋਂ ਉਸ ਦੀ ਉਮਰ ਸਿਰਫ 28- 29 ਸਾਲ ਦੀ ਸੀ। ਸਿੱਧੂ ਕਾਰਨ ਹੀ ਪਿੰਡ ਮੂਸਾ ਦੀਆਂ ਹੱਟੀਆਂ ਭੱਠੀਆਂ ਤੇ ਗੱਲਾਂ ਹੋਣ ਲੱਗੀਆਂ ਸਨ।ਜਿੰਨਾ ਵੱਡਾ ਮਾਣ ਪਿੰਡ ਦੇ ਹਿੱਸੇ ਆਇਆ  ਓਨੇ ਵੱਡੇ ਦੁੱਖ ਵੀ ਝੋਲੀ ਵਿੱਚ ਪਏ ਹਨ।
                    ਸਿੱਧੂ ਮੁੂਸੇ ਵਾਲਾ ਦੇ ਕਤਲ ਦੀ ਇਸ ਤਰ੍ਹਾਂ ਖਬਰ ਮਿਲੇਗੀ, ਇਹ ਸੋਚ ਕੇ ਪਿੰਡ ਵਾਸੀਆਂ ਨੂੰ ਅੱਜ ਵੀ ਹੈਰਾਨੀ ਹੁੰਦੀ ਹੈ।  ਇੱਕ ਬੰਦੂਕ ਨੇ ਨੌਜਵਾਨ ਗਾਇਕ ਨੂੰ ਸਦਾ ਦੀ ਨੀਂਦ ਸੁਆ ਦਿੱਤਾ ਜਿਸ ਨੇ ਲੰਮਾ ਸਮਾਂ ਆਪਣੀ ਗਾਇਕੀ ਦੀ ਮਹਿਕ ਖਿਲਾਰਨੀ ਸੀ। ਸਿੱਧੂ ਮੂਸੇਵਾਲਾ ਦੀ ਉਮਰ ਕੋਈ ਬਹੁਤੀ ਨਹੀਂ ਸੀ ਤੇ ਏਨੀ ਛੋਟੀ ਉਮਰ ਵਿੱਚ ਪ੍ਰਸਿੱਧੀ  ਵੀ ਹਰ ਕਿਸੇ ਦੇ ਹਿੱਸੇ ਨਹੀਂ ਆਉਂਦੀ। ਸਿੱਧੂ ਮੂਸੇਵਾਲਾ ਦੇ ਚਲੇ ਜਾਣ ਤੋਂ ਬਾਅਦ ਵੀ ਉਸ ਦੇ ਗੀਤਾਂ ਨੂੰ ਭਰਵਾਂ ਪਿਆਰ ਮਿਲਿਆ ਹੈ। ਪ੍ਰਸੰਸਕਾਂ ਦੇ ਨਾਲ ਨਾਲ ਉਸ ਦੇ ਗੀਤਾਂ ਦੀ ਆਲੋਚਨਾ ਕਰਨ ਵਾਲਿਆਂ ਨੂੰ ਵੀ ਇਸ ਬੇਵਕਤੀ ਮੌਤ ਨੇ ਦੁੱਖ ਪਹੁੰਚਾਇਆ । ਉਸ ਦੀ ਮੌਤ ’ਤੇ ਸਭ ਵਰਗਾਂ ਨੇ ਨਿੱਜੀ ਵਿਤਕਰਿਆਂ ਤੋਂ ਉੱਪਰ ਉੱਠ ਕੇ ਸੋਗ ਮਨਾਇਆ ਜੋ ਸਾਲ ਬਾਅਦ ਵੀ ਜਾਰੀ  ਹੈ।
ਮੂਸੇਵਾਲਾ ਨੇ ਵਿਧਾਨ ਸਭਾ ਚੋਣ ਲੜੀ
ਸਿੱਧੂ ਮੂਸੇਵਾਲਾ ਆਪਣੀ ਬੇਬਾਕ ਗਾਇਕੀ ਅਤੇ ਲੇਖਣੀ ਕਾਰਨ ਆਮ ਲੋਕਾਂ ਖਾਸ ਤੌਰ ਤੇ ਨੌਜਵਾਨ ਵਰਗ ਵਿੱਚ ਬੇਹੱਦ ਹਰਮਨ-ਪਿਆਰਾ ਸੀ। ਹਾਲਾਂਕਿ ਉਸ ਦਾ ਕੋਈ ਬਹੁਤਾ ਸਿਆਸੀ ਤਜਰਬਾ ਨਹੀਂ ਸੀ ਫਿਰ ਵੀ ਉਸ ਦੀ ਪ੍ਰਸਿੱਧੀ ਨੂੰ ਦੇਖਦਿਆਂ ਸਿਆਸੀ ਪਾਰਟੀਆਂ ਉਸਨੂੰ ਆਪਣੇ ਨਾਲ ਜੋੜਨ ਲਈ ਚਾਹਵਾਨ ਸਨ।  ਸਿੱਧੂ ਮੂਸੇਵਾਲਾ ਨੇ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਵਿੱਚ ਸ਼ਮੂਲੀਅਤ ਕਰ ਲਈ ਅਤੇ  ਵਿਧਾਨ ਸਭਾ ਹਲਕਾ ਮਾਨਸਾ ਤੋਂ ਕਾਂਗਰਸ ਦੀ ਟਿਕਟ ਉਤੇ ਚੋਣ ਲੜੀ । ਇਸ ਮੌਕੇ ਉਹ ‘ਆਪ’ ਉਮੀਦਵਾਰ ਡਾ. ਵਿਜੈ ਸਿੰਗਲਾ ਕੋਲੋਂ 63 ਹਜ਼ਾਰ ਵੋਟਾਂ ਨਾਲ ਹਾਰ ਗਏ ਸਨ।
ਇਨਸਾਫ਼ ਦੀ ਉਡੀਕ ‘ਚ ਪਰਿਵਾਰ
  ਪੰਜਾਬੀ ਗਾਇਕ  ਸਿੱਧੂ ਮੂਸੇਵਾਲਾ ਦੇ ਪਰਿਵਾਰ ਨੂੰ ਸਾਲ ਬਾਅਦ ਵੀ  ਇਨਸਾਫ਼ ਦੀ ਉਡੀਕ ਬਣੀ ਹੋਈ ਹੈ। ਗੈਂਗਸਟਰ ਗਿਰੋਹਾਂ  ਨੇ ਪਿਛਲੇ ਸਾਲ 29 ਮਈ ਨੂੰ ਅੰਨ੍ਹੇਵਾਰ ਫਾਇਰਿੰਗ ਕਰਕੇ ਸਿੱਧੂ ਮੂਸੇਵਾਲਾ ਹੱਤਿਆ ਕਰ ਦਿੱਤੀ ਸੀ। ਸਿੱਧੂ ਮੂਸੇਵਾਲੇ ਮਾਨਸਾ ਨੇੜਲੇ ਪਿੰਡ ਜਵਾਹਰਕੇ ਤੋਂ ਆਪਣੇ ਅੱਧੀ ਦਰਜਨ ਤੋਂ ਵੱਧ ਸਾਥੀਆਂ ਨਾਲ ਥਾਰ  ਤੇ ਵਾਪਿਸ ਘਰ ਪਰਤ ਰਿਹਾ ਸੀ।ਇਸ ਮੌਕੇ  ਗੱਡੀਆਂ  ਤੇ ਆਏ ਹਮਲਾਵਰਾਂ ਨੇ ਸਿੱਧੂ ਮੂਸੇਵਾਲਾ ਨੂੰ ਨਿਸ਼ਾਨਾ ਬਣਾਕੇ ਗੋਲੀਆਂ ਚਲਾ ਦਿੱਤੀਆਂ ਜਿਸ ਦੇ ਸਿੱਟੇ ਵਜੋਂ ਸਿੱਧੂ ਮੂਸੇ ਵਾਲਾ ਮਾਰਿਆ ਗਿਆ । ਗੈਂਗਸਟਰ ਗੋਲਡੀ ਬਰਾੜ ਨੇ  ਕਤਲ ਦੀ ਜਿੰਮੇਵਾਰੀ ਲਈ ਸੀ। ਇਸ  ਮਾਮਲੇ ‘ਚ ਗੈਂਗਸਟਰ ਲਾਰੈਂਸ ਬਿਸ਼ਨੋਈ ਸਮੇਤ ਵੱਡੀ ਗਿਣਤੀ ਸ਼ਾਰਪ ਸ਼ੂਟਰਾਂ  ਨੂੰ ਗ੍ਰਿਫਤਾਰ ਕਰਕੇ ਅਦਾਲਤ ਵਿਚ ਚਾਲਾਨ ਪੇਸ਼ ਕੀਤਾ ਹੋਇਆ ਹੈ।

Spread the love
Scroll to Top