Online ਓ.ਪੀ.ਡੀ. ਸੇਵਾਵਾਂ ‘ਚ ਸਿਹਤ ਵਿਭਾਗ ਬਰਨਾਲਾ ਮੋਹਰੀ

Spread the love

ਟੈਲੀਮੈਡੀਸਨ ਤਹਿਤ ਮਾਹਿਰਾਂ ਦੀ ਆਨਲਾਈਨ ਸਲਾਹ ਲੈਣ ਦੀ ਸਹੂਲਤ

ਰਵੀ ਸੈਣ , ਬਰਨਾਲਾ 5 ਜੂਨ 2023
       ਸਿਹਤ ਵਿਭਾਗ ਬਰਨਾਲਾ ਵੱਲੋਂ ਆਪਣੇ ਮਰੀਜ਼ਾਂ ਨੂੰ ਉੱਤਮ ਸਿਹਤ ਸਹੂਲਤਾਂ ਦੇਣ ਲਈ ਟੈਲੀਮੈਡੀਸਨ ਸੇਵਾਵਾਂ ਦੀ ਵਰਤੋਂ ਕੀਤੀ ਜਾਂਦੀ ਹੈ। ਟੈਲੀਮੈਡੀਸਨ ਸੇਵਾ ਅਧੀਨ ਜਦੋਂ ਵੀ ਕੋਈ ਅਜਿਹਾ ਮਰੀਜ਼ ਆਉਂਦਾ ਹੈ ਜਿਸ ਦੇ ਉੱਤਮ ਇਲਾਜ ਦੀ ਪਛਾਣ ਲਈ ਮੈਡੀਕਲ ਕਾਲਜਾਂ (ਫਰੀਦਕੋਟ , ਪਟਿਆਲਾ , ਅੰਮ੍ਰਿਤਸਰ , ਪੀ.ਜੀ.ਆਈ. ਚੰਡੀਗੜ੍ਹ, ਏਮਜ਼ ਬਠਿੰਡਾ , ਆਈ.ਐਮ.ਐਚ. ਅੰਮ੍ਰਿਤਸਰ) ਦੀ ਸਲਾਹ ਆਨਲਾਈਨ ਲਈ ਜਾਂਦੀ ਹੈ।
     ਇਸ ਸਬੰਧੀ ਸਿਵਲ ਸਰਜਨ ਬਰਨਾਲਾ ਡਾ. ਜਸਬੀਰ ਸਿੰਘ ਔਲਖ ਨੇ ਦੱਸਿਆ ਕਿ ਟੈਲੀਮੈਡੀਸਨ ਮਰੀਜ਼ਾਂ ਅਤੇ ਖੁਦ ਡਾਕਟਰ ਸਾਹਿਬਾਨ ਲਈ ਇੱਕ ਉੱਤਮ ਸਿਹਤ ਸਹੂਲਤ ਹੈ, ਇਸ ਦਾ ਪ੍ਰਮੁੱਖ ਫ਼ਾਇਦਾ ਇਹ ਹੁੰਦਾ ਕਿ ਮਰੀਜ਼ ਨੂੰ ਕਿਸੇ ਮੈਡੀਕਲ ਕਾਲਜ ਵਿੱਚ ਬਿਨਾਂ ਰੈਫਰ ਕੀਤਾ ਮੈਡੀਕਲ ਕਾਲਜ ਦੀ ਬਹੁਕੀਮਤੀ ਸਲਾਹ ਆਨਲਾਈਨ ਮਿਲ ਜਾਂਦੀ ਹੈ, ਜਿਸ ਨਾਲ ਮਰੀਜ਼ ਦੀ ਖੱਜਲ-ਖੁਆਰੀ ਬਚ ਜਾਂਦੀ ਹੈ। 
     ਨੋਡਲ ਅਫਸਰ ਡਾ. ਗੁਰਮਿੰਦਰ ਔਜਲਾ ਨੇ ਦੱਸਿਆ  ਕਿ  ਸਿਹਤ ਵਿਭਾਗ ਬਰਨਾਲਾ ਵੱਲੋਂ ਜਨਵਰੀ 2023 ਤੋਂ ਮਈ 2023 ਤੱਕ ਕੁੱਲ 252 ਮਰੀਜ਼ਾਂ ਦੀ ਟੈਲੀਮੈਡੀਸਨ ਸਲਾਹ ਲਈ ਗਈ, ਜੋ ਕਿ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਤੋਂ ਵੱਧ ਹੋਣ ਕਰਕੇ ਪਹਿਲੇ ਸਥਾਨ ਦੀ ਪ੍ਰਾਪਤੀ ਹੈ। ਉਨ੍ਹਾਂ ਕਿਹਾ ਕਿ ਇਸ ਦੌਰਾਨ ਮਾਹਿਰ ਡਾਕਟਰ ਵੱਲੋਂ ਮਰੀਜ਼ ਦੀ ਬਿਮਾਰੀ ਦੇ ਇਲਾਜ ਸਮੇਂ ਵਰਤੀਆਂ ਜਾਣ ਵਾਲੀਆਂ ਦਵਾਈਆਂ ਅਤੇ ਸੰਤੁਲਿਤ ਭੋਜਨ ਬਾਰੇ ਸੰਪੂਰਨ ਜਾਣਕਾਰੀ ਦਿੱਤੀ ਜਾਂਦੀ ਹੈ।

Spread the love
Scroll to Top