ਵਾਹਿਗੁਰੂ ਸਿੰਘ ਦੇ ਖ਼ਿਲਾਫ਼ ਕੇਸ ਦਰਜ ਕਰਨ ਤੋਂ ਭੜ੍ਹਕੀ ਕਿਸਾਨ ਯੂਨੀਅਨ

Spread the love

ਹੰਗਾਮੀ ਮੀਟਿੰਗ 23 ਜੂਨ ਨੂੰ, ਗੁੰਡਾ-ਪੁਲਿਸ-ਸਿਆਸੀ ਗੱਠਜੋੜ ਖ਼ਿਲਾਫ਼ ਤਿੱਖਾ ਐਕਸ਼ਨ ਉਲੀਕਿਆ ਜਾਵੇਗਾ-ਉੱਪਲੀ

ਰਘਵੀਰ ਹੈਪੀ , ਬਰਨਾਲਾ 22 ਜੂਨ 2023
        ਉਲਟਾ ਚੋਰ ਕੋਤਵਾਲ ਕੋ ਡਾਂਟੇ ਵਾਲੀ ਕਹਾਵਤ ਬਰਨਾਲਾ ਪੁਲਿਸ ਤੇ ਐਨ ਢੁੱਕਦੀ ਹੈ। ਜਿਸ ਨੇ ਐਫ ਆਈ ਆਰ 274 ਮਿਤੀ 21-06-2023 ਪੁਲਿਸ ਸਟੇਸ਼ਨ ਸਿਟੀ ਬਰਨਾਲਾ ਵਿਖੇ ਅਰੁਣ ਕੁਮਾਰ ਵਾਹਿਗੁਰੂ ਸਿੰਘ ਆਸਥਾ ਕਲੋਨੀ ਬਰਨਾਲਾ ਵਿਰੁੱਧ ਧਾਰਾ 323,341,427,186,506 ਤਹਿਤ ਪਰਚਾ ਦਰਜ ਕਰ ਦਿੱਤਾ ਹੈ। ਭਾਕਿਯੂ ਏਕਤਾ ਡਕੌਂਦਾ ਦੇ ਕਾਰਕੁੰਨ ਖ਼ਿਲਾਫ਼ ਪੁਲਿਸ ਵੱਲੋਂ ਨਜਾਇਜ਼ ਪਰਚਾ ਦਰਜ  ਕਰਨ ਦਾ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਸਖ਼ਤ ਨੋਟਿਸ ਲਿਆ ਹੈ। ਯਾਦ ਰਹੇ ਕਿ ਅਰੁਣ ਕੁਮਾਰ ਵਾਹਿਗੁਰੂ ਸਿੰਘ ਆਸਥਾ ਕਲੋਨੀ ਦੇ ਮਾਲਕ ਸੋਨੀ ਵੱਲੋਂ ਮਿਉਂਸਪਲ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਕੀਤੀਆਂ ਜਾ ਰਹੀਆਂ ਬੇਨਿਯਮੀਆਂ ਖ਼ਿਲਾਫ਼ 30/08/2022 ਨੂੰ ਦਿੱਤੀ ਦਰਖਾਸਤ ਬਾਰੇ ਜਾਣਕਾਰੀ ਹਾਸਲ ਕਰਨ ਗਿਆ ਸੀ। ਮਿਉਂਸਪਲ ਕਮੇਟੀ ਅਧਿਕਾਰੀਆਂ ਸਲੀਮ ਮੁਹੰਮਦ ਜੇਈ ਅਤੇ ਹੋਰ ਕਰਮਚਾਰੀਆਂ ਨੂੰ ਨਾਲ ਲੈਕੇ ਆਸਥਾ ਕਲੋਨੀ ਬਰਨਾਲਾ ਦੇ ਕਾਲੋਨਾਈਜ਼ਰ ਸੋਨੀ ਦੀ ਸ਼ਹਿ ਤੇ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਅਤੇ ਉਸ ਦੀ ਧਾਰਮਿਕ ਆਸਥਾ ਨੂੰ ਵੀ ਠੇਸ ਪਹੁੰਚਾਈ। ਅਰੁਣ ਕੁਮਾਰ ਵਾਹਿਗੁਰੂ ਸਿੰਘ ਨੇ ਪੁਲਿਸ ਕੋਲ ਸਿਵਲ ਹਸਪਤਾਲ ਬਰਨਾਲਾ ਵਿਖੇ ਇਲਾਜ ਦੌਰਾਨ ਆਪਣਾ ਬਿਆਨ ਪੁਲਿਸ ਕੋਲ ਦਰਜ ਕਰਵਾਇਆ। 20/06/2023 ਨੂੰ ਗੁੰਡਾਗਰਦੀ ਖ਼ਿਲਾਫ਼ ਕੀਤੇ ਜਾਣ ਵਾਲੇ ਮੁਜ਼ਾਹਰੇ ਤੋਂ ਪਹਿਲਾਂ ਪੁਲਸ ਨੇ ਮਾਮੂਲੀ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਖਾਨਾ ਪੂਰਤੀ ਕਰ ਦਿੱਤੀ। ਪੁਲਿਸ ਦੇ ਇਸ ਪੱਖਪਾਤੀ ਰਵੱਈਏ ਬਾਰੇ ਪੁਲਿਸ ਅਧਿਕਾਰੀਆਂ ਨੂੰ ਜਾਣੂ ਕਰਵਾਇਆ ਅਤੇ ਮੰਗ ਕੀਤੀ ਕਿ ਸਾਰੇ ਦੋਸ਼ੀਆਂ ਨੂੰ ਬਣਦੀਆਂ ਧਾਰਾਵਾਂ ਤਹਿਤ ਗ੍ਰਿਫ਼ਤਾਰ ਕੀਤਾ ਜਾਵੇ। ਪਰ ਪੁਲਿਸ ਨੇ 21/06/2023 ਨੂੰ ਉਲਟਾ ਅਰੁਣ ਕੁਮਾਰ ਵਾਹਿਗੁਰੂ ਸਿੰਘ ਦੇ ਖ਼ਿਲਾਫ਼ ਹੀ ਉਸ ਦੀ ਕੁੱਟਮਾਰ ਕਰਨ ਵਾਲੇ ਮਿਉਂਸਪਲ ਕਮੇਟੀ ਦੇ ਜੇਈ ਦੀ ਸ਼ਿਕਾਇਤ ਤੇ ਸਖਤ ਧਾਰਾਵਾਂ ਤਹਿਤ ਝੂਠਾ ਪਰਚਾ ਦਰਜ ਕਰ ਦਿੱਤਾ ਹੈ। ਭਾਕਿਯੂ ਏਕਤਾ ਡਕੌਂਦਾ ਦੇ ਆਗੂਆਂ ਬਲਵੰਤ ਸਿੰਘ ਉੱਪਲੀ, ਕੁਲਵੰਤ ਸਿੰਘ ਭਦੌੜ, ਸਾਹਿਬ ਸਿੰਘ ਬਡਬਰ, ਜਗਰਾਜ ਸਿੰਘ ਹਰਦਾਸਪੁਰਾ, ਬਾਬੂ ਸਿੰਘ ਖੁੱਡੀ ਕਲਾਂ, ਨਾਨਕ ਸਿੰਘ ਅਮਲਾ ਸਿੰਘ ਵਾਲਾ, ਅਮਨਦੀਪ ਸਿੰਘ ਰਾਏਸਰ ਅਤੇ ਕਾਲਾ ਜੈਦ ਨੇ ਕਿਹਾ ਕਿ ਮਿਉਂਸਪਲ ਅਧਿਕਾਰੀਆਂ ਦੀ ਗੁੰਡਾਗਰਦੀ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। 23 ਜੂਨ ਨੂੰ ਜ਼ਿਲ੍ਹਾ ਪੱਧਰੀ ਮੀਟਿੰਗ ਹੰਗਾਮੀ ਬੁਲਾ ਲਈ ਗਈ ਹੈ। ਜਿਸ ਵਿੱਚ ਗੁੰਡਾ-ਪੁਲਿਸ-ਕਲੋਨਾਈਜਰਾਂ ਦੇ ਗੱਠਜੋੜ ਨੂੰ ਬੇਨਕਾਬ ਕਰਨ ਲਈ ਅਗਲੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ। ਆਗੂਆਂ ਕਿਹਾ ਕਿ ਪ੍ਰਸ਼ਾਸਨਿਕ ਅਧਿਕਾਰੀ, ਕਾਲੋਨਾਈਜ਼ਰਾਂ ਨਾਲ ਮਿਲਕੇ ਬੇਨਿਯਮੀਆਂ ਰਾਹੀਂ ਸੈਂਕੜੇ ਕਰੋੜਾਂ ਰੁਪਏ ਦਾ ਚੂਨਾ ਸਰਕਾਰ ਨੂੰ ਲਗਾ ਰਹੇ ਹਨ। ਜਿਸ ਕਰੋੜਾਂ ਰੁਪਏ ਘਪਲਿਆਂ ਦੀ ਵਿਜੀਲੈਂਸ ਤੋਂ ਜਾਂਚ ਕਰਵਾਉਣ ਬਾਰੇ ਭਾਕਿਯੂ ਏਕਤਾ ਡਕੌਂਦਾ ਵੱਲੋਂ  ਡੀਸੀ ਬਰਨਾਲਾ ਨੂੰ ਮੰਗ ਪੱਤਰ ਦਿੱਤਾ ਗਿਆ ਹੈ।

Spread the love
Scroll to Top