ਸਾਦ ਮੁਰਾਦੀ ਜਿੰਦਗੀ ਦਾ ਸਿਰਨਾਵਾਂ ਨਛੱਤਰ ਸਿੰਘ ਚਹਿਲ

Spread the love

ਅੱਜ ਭੋਗ ਤੇ ਵਿਸ਼ੇਸ਼:-

    ਆਪਣੀ ਸਖਤ ਮਿਹਨਤ ਅਤੇ ਦ੍ਰਿੜ ਇਰਾਦੇ ਨਾਲ ਜਿੰਦਗੀ ਦੇ ਬਿਖੜੇ ਰਾਹਾਂ ਨੂੰ ਖਿੜੇ ਮੱਥੇ ਪ੍ਰਵਾਨ ਕਰਨ ਵਾਲੇ ਸਰਦਾਰ ਨਛੱਤਰ ਸਿੰਘ ਚਹਿਲ ਸਾਦਗੀ ,ਸਬਰ, ਸੰਤੋਖ ਅਤੇ ਜਿੰਦਾਦਿਲੀ ਦਾ ਸਿਰਨਾਵਾ ਹੋ ਨਿੱਬੜੇ ਹਨ। ਆਪਣੀ ਸੁਚੱਜੀ ਜੀਵਨ ਸ਼ੈਲੀ ਦੀ ਮਿਸਾਲ ਉਹ ਖੁਦ ਹੀ ਸਨ। ਜਿੰਨ੍ਹਾਂ ਦੇ ਅਕਾਲ ਚਲਾਣੇ ਤੋਂ ਬਾਅਦ ਵੀ ਉਨਾਂ ਦੀ ਚਰਚਾ ਲੰਬਾ ਸਮਾਂ ਹੁੰਦੀ ਹੀ ਰਹੇਗੀ। ਸਰਦਾਰ ਨਛੱਤਰ ਸਿੰਘ ਚਹਿਲ ਦਾ ਜਨਮ ਸੰਨ 1950 ਚ ਰਾਮ ਸਿੰਘ ਚਹਿਲ ਦੇ ਘਰ ਮਾਤਾ ਗੁਰਨਾਮ ਕੌਰ ਦੀ ਕੁੱਖ ਤੋਂ ਪਿੰਡ ਅਸਪਾਲ ਕਲਾਂ ਜ਼ਿਲ੍ਹਾ ਬਰਨਾਲਾ ਵਿਖੇ ਹੋਇਆ। ਖੇਤੀਬਾੜੀ ਨਾਲ ਸੰਬੰਧਿਤ ਸ: ਰਾਮ ਸਿੰਘ ਚਹਿਲ ਦੇ ਘਰ ਤਿੰਨ ਪੁੱਤਰ ਅਤੇ ਤਿੰਨ ਧੀਆਂ ਵਿੱਚੋਂ ਸਭ ਤੋਂ ਛੋਟੀ ਭੈਣ ਤੋਂ ਵੱਡੇ ਨਛੱਤਰ ਸਿੰਘ ਚਹਿਲ ਪਿਤਾ ਸ: ਰਾਮ ਸਿੰਘ ਚਹਿਲ ਦੀ ਪ੍ਰੇਰਨਾ ਸਦਕਾ ਭਾਵੇਂ ਕਿ ਸੁਰਤ ਸੰਭਾਲਦਿਆਂ ਹੀ ਉਹ ਆਪਣੇ ਵੱਡੇ ਭਰਾਵਾਂ ਜਰਨੈਲ ਸਿੰਘ ਅਤੇ ਹਾਕਮ ਸਿੰਘ ਨਾਲ ਖੇਤੀਬਾੜੀ ਦੇ ਕੰਮ ਵਿੱਚ ਰੁੱਝ ਗਏ । ਚੰਗੀ ਖੁਰਾਕ ਖਾਣ ਦੇ ਸ਼ੌਕੀਨ ਨਛੱਤਰ ਸਿੰਘ ਚਹਿਲ ਸਰੀਰਕ ਤੌਰ ਤੇ ਬੇਹੱਦ ਜਰਵਾਣੇ ਸਨ। ਉਹਨਾ ਵਲੋਂ ਆਪਣੇ ਜੀਵਨ ਦੌਰਾਨ ਸੀਰੀ-ਸਾਂਝੀਆਂ ਨੂੰ ਨਾਲ ਲੈ ਕੇ ਕੀਤੀ ਅਣਥੱਕ ਮਿਹਨਤ ਦੀਆਂ ਅੱਜ ਵੀ ਉਨ੍ਹਾਂ ਦੇ ਜੱਦੀ ਪਿੰਡ ਤੋਂ ਇਲਾਵਾ ਨੇੜਲੇ ਪਿੰਡਾਂ ਦੀਆਂ ਸੱਥਾਂ ‘ਚ ਗੱਲਾਂ ਹੁੰਦੀਆਂ ਹਨ। ਭਾਂਵੇ ਕਿ ਉਹ ਖੇਤੀਬਾੜੀ ਚ ਰੁੱਝੇ ਹੋਣ ਕਾਰਨ ਸਕੂਲੀ ਵਿੱਦਿਆ ਤੋਂ ਵਾਂਝੇ ਹੀ ਰਹੇ,ਪਰ ਇਸ ਦੇ  ਬਾਵਜੂਦ ਉਹਨ੍ਹਾਂ ਦੀ ਕੁੱਝ ਸਿੱਖਦੇ ਰਹਿਣ ਦੀ ਚਾਹ ਕਾਰਣ ਉਹ ਆਪਣੇ ਦਸਤਖ਼ਤ ਕਰਨ ਦੇ ਨਾਲ-ਨਾਲ ਅਖ਼ਬਾਰ ਪੜਨ ਤੱਕ ਦੇ ਸਮਰੱਥ ਹੋ ਗਏ ਸਨ ।                                                                                           

    ਸਿੱਖੀ ਧਰਮ ਅੰਦਰ ਸੱਚੀ ਨਿਸਚਾ ਨਾਲ ਤਾ ਉਮਰ ਸਿੱਖੀ ‘ਚ ਦ੍ਰਿੜਤਾ ਨਾਲ ੳੜ ਨਿਭਣ ਵਾਲੇ ਨਛੱਤਰ ਸਿੰਘ ਚਹਿਲ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦ੍ਰਿੜ ਵਿਸ਼ਵਾਸ ਰੱਖਦੇ ਸਨ। ਜਿੰਦਗੀ ਦੇ ਲੰਮੇ ਪੈਂਡੇ ਤੇ ਸਿਰੜ ਅਤੇ ਅਣਥੱਕ ਮਿਹਨਤ ਨਾਲ ਬਾਬੇ ਨਾਨਕ ਦੇ ਕਿਰਤੀ ਫਲਸਫੇ ਨਾਲ-ਨਾਲ ਜੀਵਨ ਦਾ ਬਿਖੜੇ ਰਾਹਾਂ ਦੇ ਪਾਂਧੀ ਹੋਣ ਦੇ ਬਾਵਜੂਦ ਉਨ੍ਹਾਂ ਦੀ ਸਿਆਸਤ ਵਿੱਚ ਵੀ ਡੂੰਘੀ ਰੁਚੀ ਸੀ। ਜੁਆਨੀ ਦੀ ਦਹਿਲੀਜ ਤੋਂ ਲੈ ਕੇ ਉਹ ਆਖਰੀ ਦਮ ਤੱਕ ਸ਼੍ਰੋਮਣੀ ਅਕਾਲੀ ਦਲ ਨਾਲ ਹੀ ਜੁੜੇ ਰਹੇ। ਪਿੰਡ ਦੀ ਸਿਆਸਤ ਵਿੱਚ ਵਿਚਰਨ ਤੋਂ ਲੈ ਕੇ ਉਨ੍ਹਾਂ ਲੰਬਾ ਸਮਾਂ ਸਾਬਕਾ ਮੁੱਖ ਮੰਤਰੀ ਸਵ: ਸੁਰਜੀਤ ਸਿੰਘ ਬਰਨਾਲਾ, ਭਾਈ ਗੋਬਿੰਦ ਸਿੰਘ ਲੌਂਗੋਵਾਲ ਸਾਬਕਾ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਬਾਬਾ ਟੇਕ ਸਿੰਘ ਧਨੌਲਾ ਆਦਿ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨਾਲ ਕੰਮ ਕੀਤਾ । ਆਪਣੇ ਘਰੇਲੂ ਕੰਮਾਂ ਦੀ ਤਰ੍ਹਾਂ ਹੀ ਸਿਆਸੀ ਖੇਤਰ ਵਿੱਚ ਵੀ ਦ੍ਰਿੜ ਇਰਾਦੇ ਨਿਰਪੱਖ ਸਟੈਂਡ ਵਜੋਂ ਉਨ੍ਹਾਂ ਦੀ ਵਿਲੱਖਣ ਪਹਿਚਾਣ ਬਣੀ ਰਹੀ । ਜੀਵਨ ਵਿੱਚ ਵਿਚਰਦਿਆਂ ਭਾਵੇਂ ਉਹਨਾ ਜ਼ਿੰਦਗੀ ਦੇ ਕਈ ਪੜਾਵਾਂ ਤੇ ਅਨੇਕਾਂ ਸਮੱਸਿਆਵਾਂ ਅਤੇ ਆਰਥਿਕ ਪ੍ਰੇਸ਼ਾਨੀਆਂ ਦਾ ਸਾਹਮਣਾ ਕੀਤਾ । ਪਰ ਉਨ੍ਹਾਂ ਆਪਣੀਆਂ ਦੋ ਧੀਆਂ ਪਰਮਜੀਤ ਕੌਰ ਅਤੇ ਰਾਜਵਿੰਦਰ ਕੌਰ ਅਤੇ ਪੁੱਤਰ ਜਗਸੀਰ ਸਿੰਘ ਚਹਿਲ ਦੀ ਚੰਗੀ ਪਰਵਰਿਸ਼ ਕਰਦਿਆਂ ਕਦੇ ਮਾੜੇ ਹਾਲਾਤ ਮਹਿਸੂਸ ਨਾ ਹੋਣ ਦਿੱਤੇ।

     ਸਵ: ਨਛੱਤਰ ਸਿੰਘ ਚਹਿਲ ਦੀ ਸਿਆਸਤ ਪ੍ਰਤੀ ਰੁਚੀ ਦੀ ਬਦੌਲਤ ਉਨ੍ਹਾਂ ਦੇ ਸਪੁੱਤਰ ਜਗਸੀਰ ਸਿੰਘ ਚਹਿਲ ਵੀ ਸਿਆਸੀ ਖੇਤਰ ਵਿੱਚ ਕਾਫੀ ਰੁਚੀ ਰੱਖਦੇ ਆ ਰਹੇ ਹਨ। ਪਿਤਾ ਨਛੱਤਰ ਸਿੰਘ ਚਹਿਲ ਤੋਂ ਮਿਲੀ ਸਿਆਸੀ ਗੁੜਤੀ ਦੀ ਬਦੌਲਤ ਜਗਸੀਰ ਸਿੰਘ ਚਹਿਲ ਬੀਤੇ ਕਰੀਬ 17 ਸਾਲ ਤੋਂ ਪੱਤਰਕਾਰੀ ਖੇਤਰ ਵਿੱਚ ਧੜੱਲੇ ਨਾਲ ਵਿਚਰਦੇ ਆ ਰਹੇ ਹਨ। ਇੱਕ ਨਿੱਡਰ ਅਤੇ ਨਿਰਪੱਖ ਪੱਤਰਕਾਰ ਦੇ ਰੂਪ ਵਿੱਚ ਵਿਚਰ ਕੇ ਇਲਾਕੇ ਭਰ ਅੰਦਰ ਵੱਖਰੀ ਪਹਿਚਾਣ ਰੱਖਣ ਵਾਲੇ ਰੋਜ਼ਾਨਾ ਜੁਝਾਰ ਟਾਈਮਜ਼ ਦੇ ਜ਼ਿਲ੍ਹਾ ਬਰਨਾਲਾ ਦੇ ਇੰਚਾਰਜ ਜਗਸੀਰ ਸਿੰਘ ਚਹਿਲ ਚੋਂ ਉਨ੍ਹਾਂ ਦੇ ਪਿਤਾ ਦੇ ਸੁਭਾਅ ਦੀ ਝਲਕ ਮਹਿਸੂਸ ਹੁੰਦੀ ਹੈ । ਇਹ ਸੰਯੋਗ ਹੀ ਸਮਝੋ ਕਿ ਪਿੰਡ ਦੇ ਲੋਕਾਂ ਨੇ ਨਛੱਤਰ ਸਿੰਘ ਚਹਿਲ ਦੀ ਮੌਤ ਉਪਰੰਤ 23 ਜੂਨ ਨੂੰ ਉਨ੍ਹਾਂ ਦੇ ਹੋਣਹਾਰ ਸਪੁੱਤਰ ਜਗਸੀਰ ਸਿੰਘ ਚਹਿਲ ਨੂੰ ਦੀ ਅਸਪਾਲ ਕਲਾਂ ਬਹੁਮੰਤਵੀ ਸਹਿਕਾਰੀ ਖੇਤੀਬਾੜੀ ਸਰਵਿਸ ਸਭਾ ਲਿਮ: ਅਸਪਾਲ ਕਲਾਂ (ਕੋਆਪਰਟਿਵ ਸੋੋਸਾਇਟੀ ਅਸਪਾਲ ਕਲਾਂ) ਦਾ ਮੈਬਰ ਚੁਣ ਕੇ ਸਵ:ਨਛੱਤਰ ਸਿੰਘ ਚਹਿਲ ਨੂੰ ਸੱਚੀ ਸ਼ਰਧਾਂਜਲੀ ਭੇਂਟ ਕੀਤੀ ਹੈ । ਸਵ:ਨਛੱਤਰ ਸਿੰਘ ਚਹਿਲ ਜ਼ਿੰਦਗੀ ਦੇ 75 ਵਰ੍ਹੇ ਹੰਢਾ ਕੇ ਅਚਾਨਕ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿੰਦਿਆਂ ਆਪਣੇ ਵਸਦੇ-ਰਸਦੇ ਜੁਆਈ ਬਿੱਕਰ ਸਿੰਘ ਗਰੇਵਾਲ, ਸੁਖਪਾਲ ਸਿੰਘ ਪੰਧੇਰ, ਪੋਤਾ ਹਰਮਨਦੀਪ ਸਿੰਘ ਚਹਿਲ,ਦੋਹਤਾ ਕਮਲਦੀਪ ਸਿੰਘ ਗਰੇਵਾਲ ਕੈਨੇਡਾ, ਦੋਹਤੀ ਰਸਨਦੀਪ ਕੌਰ ਗਰੇਵਾਲ ਕੈਨੇਡਾ, ਦੋਹਤ ਨੂੰਹ ਮਨਦੀਪ ਕੌਰ ਗਰੇਵਾਲ ਕੈਨੇਡਾ,ਦੋਹਤੀ ਪੁਨੀਤ ਕੌਰ ਪੰਧੇਰ ਆਦਿ ਵਾਲੇ ਵੱਡੇ ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਕੇ ਗੁਰੂ ਚਰਨਾ ਵਿੱਚ ਜਾ ਬਿਰਾਜੇ ਹਨ। ਜਿੰਨ੍ਹਾਂ ਦਾ ਭੋਗ ਤੇ ਅੰਤਿਮ ਅਰਦਾਸ ਅੱਜ ਪਿੰਡ ਦੇ ਗੁਰੂਦੁਆਰਾ ਸਿੰਘਪੁਰਾ ਸਾਹਿਬ ਵਿੱਚ ਬਾਅਦ ਦੁਪਿਹਰ 12:30 ਤੋਂ 1 ਵਜੇ ਤੱਕ ਹੋਵੇਗੀ। ਇਸ ਮੌਕੇ ਸ੍ਰੀ ਦਰਬਾਰ ਸਹਿਬ ਸ੍ਰੀ ਅਮ੍ਰਿਤਸਰ ਸਾਹਿਬ ਦੇ ਹਜੂਰੀ ਰਾਗੀ ਭਾਈ ਗੁਰਸੇਵਕ ਸਿੰਘ ਜੀ ਗੁਰੂਜਸ਼ ਕਰਨ ਲਈ ਉਚੇਚੇ ਤੌਰ ਤੇ ਪਹੁੰਚ ਰਹੇ ਹਨ।

ਲਿਖਤੁਮ:-ਤਰਸੇਮ ਸਿੰਘ ਸਪਰਾਲ -90418-52260


Spread the love
Scroll to Top