ਭੀਮ ਆਰਮੀ ਦੇ ਆਗੂ ਚੰਦਰ ਸ਼ੇਖਰ ਦੇ ਹਮਲਾਵਰ ਗ੍ਰਿਫਤਾਰ ਕੀਤੇ ਜਾਣ-ਦੱਤ,ਖੰਨਾ

Spread the love

ਰਘਵੀਰ ਹੈਪੀ , ਬਰਨਾਲਾ 29 ਜੂਨ 2023

    ਉੱਤਰ ਪ੍ਰਦੇਸ਼ ‘ਚ ਸਹਾਰਨਪੁਰ ਦੇ ਦੇਵਬੰਦ ਇਲਾਕੇ ‘ਚ ਭੀਮ ਆਰਮੀ ਚੀਫ ਚੰਦਰਸ਼ੇਖਰ ‘ਤੇ ਜਾਨਲੇਵਾ ਹੋਣ ਦੀ ਘਟਨਾ ਉੱਤੇ ਇਨਕਲਾਬੀ ਕੇਂਦਰ,ਪੰਜਾਬ ਨੇ ਸਖਤ ਨਿਖੇਧੀ ਕਰਦਿਆਂ ਦੋਸ਼ੀਆਂ ਨੂੰ ਜਲਦ ਗ੍ਰਿਫਫਤਾਰ ਕਰਨ ਦੀ ਮੰਗ ਕੀਤੀ ਹੈ। ਚੰਦਰ ਸ਼ੇਖਰ ਉੱਤੇ ਇਹ ਹਮਲਾ ਉਸ ਸਮੇਂ ਹੋਇਆ ਜਦੋਂ ਉਹ ਦਿੱਲੀ ਤੋਂ ਘਰ ਜਾ ਰਿਹਾ ਸੀ। ਹਮਲਾਵਰਾਂ ਵੱਲੋਂ ਚੰਦਰਸ਼ੇਖਰ ‘ਤੇ 4 ਰਾਊਂਡ ਫਾਇਰ ਕਰਨ ਨਾਲ ਇੱਕ ਗੋਲੀ ਉਹਨਾਂ ਦੇ ਢਿੱਡ ਨੂੰ ਛੂਹ ਕੇ ਲੰਘ ਗਈ। ਚੰਦਰ ਸ਼ੇਖਰ ਅਜੇ ਐਡਵੋਕੇਟ ਦੀ ਮਾਤਾ ਦੇ ਦਿਹਾਂਤ ਕਾਰਨ ਉਸ ਦੇ ਘਰ ਦੁੱਖ ਵੰਡਾਉਣ ਗਿਆ ਸੀ। ਚੰਦਰਸ਼ੇਖਰ ਭੀਮ ਆਰਮੀ ਦੇ ਸਹਿ-ਸੰਸਥਾਪਕ ਅਤੇ ਪ੍ਰਧਾਨ ਹੈ। ਉਹ ਇੱਕ ਅੰਬੇਡਕਰਵਾਦੀ ਕਾਰਕੁਨ ਅਤੇ ਵਕੀਲ ਹੈ। ਚੰਦਰ ਸੇਖਰ ਇਸ ਸੰਸਥਾ ਸਿੱਖਿਆ ਰਾਹੀਂ ਭਾਰਤ ਵਿੱਚ ਦਲਿਤ ਹਿੰਦੂਆਂ ਦੀ ਮੁਕਤੀ ਲਈ ਕੰਮ ਕਰਦਾ ਹੈ। ਚੰਦਰ ਸ਼ੇਖਰ ਲੰਬੇ ਸਮੇਂ ਦਲਿਤ ਹਿੱਤਾਂ ਲਈ ਸਰਗਰਮ ਹੈ।

    ਇਨਕਲਾਬੀ ਕੇਂਦਰ,ਪੰਜਾਬ ਦੇ ਸੂਬਾਈ ਆਗੂਆਂ ਨਰਾਇਣ ਦੱਤ, ਕੰਵਲਜੀਤ ਖੰਨਾ, ਮੁਖਤਿਆਰ ਪੂਹਲਾ, ਜਗਜੀਤ ਲਹਿਰਾ ਮੁਹੱਬਤ ਅਤੇ ਜਸਵੰਤ ਜੀਰਖ ਨੇ ਕਿਹਾ ਕਿ ਇਹ ਘਟਨਾ ਮੋਦੀ ਹਕੂਮਤ ਦੇ ਸਭ ਤੋਂ ਚਹੇਤੇ ਮੁੱਖ ਮੰਤਰੀ ਯੋਗੀ ਦੇ ਰਾਜ ਵਿੱਚ ਵਾਪਰੀ ਹੈ, ਜਿੱਥੇ ਉਹ ਬੁਲਡੋਜਰ ਮੁਹਿੰਮ ਰਾਹੀਂ ਗੁੰਡਾਗਰਦੀ ਦਾ ਲੱਕ ਤੋੜਨ ਦਾ ਹਰ ਆਏ ਦਿਨ ਦਾਅਵਾ ਕਰਦਾ ਹੈ। ਜਿਸ ਨੇ ਝੂਠੇ ਪੁਲਿਸ ਮੁਕਾਬਲਿਆਂ ਰਾਹੀਂ ਮਾਰ ਮੁਕਾਉਣ ਦੀਆਂ ਪੁਲਿਸ ਦੀਆਂ ਵਾਂਗਾਂ ਖੁੱਲੀਆਂ ਛੱਡੀਆਂ ਹੋਈਆਂ ਹਨ। ਕਈ ਸ਼ਹਿਰਾਂ ‘ਚ ਤਥਾਕਥਿਤ ‘ਮਾਫੀਆ ਸਰਦਾਰਾਂ’ ਦੇ ਘਰ ਬੁਲਡੋਜ਼ਰਾਂ ਨਾਲ ਤੋੜੇ ਗਏ ਸਨ। ਇਸ ਤਰ੍ਹਾਂ ਕਰਨ ਨਾਲ ਯੋਗੀ ਸਰਕਾਰ ਨੂੰ ਸੂਬੇ ਦੇ ਹਿੰਦੂਆਂ ਵਲੋਂ ਪੂਰਾ ਸਮਰਥਨ ਮਿਲਿਆ ਸੀ ਅਤੇ ਯੋਗੀ ਦੂਜੀ ਵੇਰ ਇਸ ਅਧਾਰ ਉਤੇ ਉੱਤਰ ਪ੍ਰਦੇਸ਼ ਵਿੱਚ ਚੋਣਾਂ ਜਿੱਤਣ ‘ਚ ਕਾਮਯਾਬ ਹੋਏ ਕਿ ਉਹਨਾ ਸੂਬੇ ਦੀ ਕਾਨੂੰਨ ਵਿਵਸਥਾ ਥਾਂ ਸਿਰ ਕੀਤੀ ਹੈ, ਗੁੰਡਿਆਂ ਨਾਲ ਸਖ਼ਤੀ ਵਰਤੀ ਹੈ, ਗੁੰਡਾਗਰਦੀ ਨੂੰ ਨੱਥ ਪਾਈ ਹੈ। ਪਰ ਕੀ ਸੱਚ ਮੁੱਚ ਉੱਤਰ ਪ੍ਰਦੇਸ਼ ਵਿੱਚ ਕਾਨੂੰਨ ਵਿਵਸਥਾ ਚੰਗੀ ਹੋਈ ਹੈ? ਜੇਕਰ ਇਹ ਗੱਲ ਸਹੀ ਹੈ ਤਾਂ ਹਰ ਦੂਜੇ ਦਿਨ ਕਿਸੇ ਬੱਚੀ ਨਾਲ ਬਲਾਤਕਾਰ ਦੀ ਖ਼ਬਰ ਯੂ.ਪੀ. ਤੋਂ ਕਿਉਂ ਛੱਪਦੀ ਹੈ? ਉਥੋਂ ਕਿਸੇ ਦਲਿਤ ਬੱਚੇ ਉਤੇ ਅਤਿਆਚਾਰ, ਦੁਰਵਿਵਹਾਰ ਦੀ ਖ਼ਬਰ ਸੁਰਖੀਆਂ ‘ਚ ਕਿਉਂ ਆਉਂਦੀ ਹੈ? ਉਨਾਓ, ਬਹਿਰਾਮਪੁਰ ਅਤੇ ਹਾਥਰਸ ਵਰਗੀਆਂ ਅਹਿਮ ਘਟਨਾਵਾਂ ਇਸ ਦੀਆਂ ਉੱਘੜਵੀਆਂ ਉਦਾਹਰਣਾਂ ਹਨ। ਦਲਿਤਾਂ ਉੱਤੇ ਸ਼ਬੀਰਪੁਰ ਵਰਗੀਆਂ ਵਾਪਰੀਆਂ ਘਟਨਾਵਾਂ ਯੋਗੀ ਸਰਕਾਰ ਦੇ ਮੱਥੇ ਤੇ ਅਜਿਹਾ ਕਲੰਕ ਹਨ, ਜਿਸ ਨੂੰ ਕਦੇ ਵੀ ਧੋਤਾ ਨਹੀਂ ਜਾ ਸਕਦਾ।

     ਆਗੂਆਂ ਕਿਹਾ ਕਿ ਅਜਿਹਾ ਸਾਰਾ ਕੁੱਝ ਡਰਾਮਾ ਹੈ, ਅਸਲੀਅਤ ਇਹ ਹੈ ਕਿ ਯੋਗੀ ਹਕੂਮਤ ਨੇ ਗੁੰਡਾ-ਗਰੋਹਾਂ ਦੀਆਂ ਲਗਾਮਾਂ ਖੁੱਲੀਆਂ ਛੱਡੀਆਂ ਹੋਈਆਂ ਹਨ। ਉਹ ਚਾਹੇ ਚੰਦਰ ਸ਼ੇਖਰ ਵਰਗੇ ਨੌਜਵਾਨ ਦਲਿਤ ਆਗੂਆਂ ਉੱਤੇ ਹਮਲੇ ਕਰਨ ਜਾਂ ਫਿਰ ਅਤੀਕ ਅਹਿਮ ਵਰਗੇ ਬਦਮਾਸ਼ਾਂ ਨੂੰ ਯੋਗੀ ਦੀ ਪੁਲਿਸ ਦੀ ਮਿਲੀਭੁਗਤ ਨਾਲ ਉਸ ਦੀ ਹਾਜਰੀ ਵਿੱਚ ਹੀ ਮਾਰ-ਮੁਕਾਉਣ। ਆਖਣ ਨੂੰ ਭਲੇ ਹੀ ਯੋਗੀ ਆਖੇ ਕਿ ਯੂਪੀ ਅੰਦਰ ਜਮਹੂਰੀਅਤ ਦਾ ਰਾਜ ਕਾਇਮ ਹੈ, ਪਰ ਸੱਚ ਇਹ ਹੈ ਕਿ ਜਮਹੂਰੀਅਤ ਦੇ ਪਰਦੇ ਓਹਲੇ ਨੰਗੀ ਚਿੱਟੀ ਕਤਲੋਗਾਰਤ ਦਾ ਰਾਜ ਹੈ। ਮਨੂੰਵਾਦੀ ਵਿਚਾਰਾਂ ਦੀ ਧਾਰਨੀ ਯੋਗੀ ਹਕੂਮਤ ਦੇ ਰਾਜ ਵਿੱਚ ਅਖੋਤੀ ਉੱਚ ਜਾਤੀਆਂ ਵੱਲੋਂ ਕੀਤੀ ਜਾਂਦੀ ਰਾਜਕੀ ਹਿੰਸਾ ਦਾ ਸਭ ਤੋਂ ਵੱਧ ਸ਼ਿਕਾਰ ਦਲਿਤ ਅਤੇ ਔਰਤਾਂ ਹੋ ਰਹੀਆਂ ਹਨ।


Spread the love
Scroll to Top