BKU ਡਕੌਂਦਾ ਦਾ ਵੱਡਾ ਐਲਾਨ-ਗੁੰਡਾ-ਪੁਲਿਸ-ਸਿਆਸੀ ਗੱਠਜੋੜ ਦਾ ਦਿਆਂਗੇ ਮੂੰਹ ਤੋੜਵਾਂ ਜਵਾਬ

Spread the love

ਰਘਵੀਰ ਹੈਪੀ , ਬਰਨਾਲਾ 1 ਜੁਲਾਈ 2023
        ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਸੂਬਾਈ ਮੀਟਿੰਗ, ਗੁਰਦੁਆਰਾ ਬਾਬਾ ਕਾਲਾ ਮਹਿਰ ਬਰਨਾਲਾ ਵਿਖੇ, ਮਨਜੀਤ ਸਿੰਘ ਧਨੇਰ ਦੀ ਪ੍ਰਧਾਨਗੀ ਹੇਠ ਹੋਈ। ਇਸ ਵਿੱਚ ਸੂਬਾ ਕਮੇਟੀ ਮੈਂਬਰਾਂ ਤੋਂ ਇਲਾਵਾ 13 ਜ਼ਿਲਿਆਂ ਦੇ ਆਗੂ ਸ਼ਾਮਲ ਹੋਏ। ਸੂਬਾ ਜਨਰਲ ਸਕੱਤਰ ਹਰਨੇਕ ਸਿੰਘ ਮਹਿਮਾ ਨੇ ਮੀਟਿੰਗ ਤੋਂ ਬਾਅਦ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ  ਮੀਟਿੰਗ ਵਿੱਚ ਹੋਰ ਮਸਲਿਆਂ ਤੋਂ ਇਲਾਵਾ ਪਿੰਡ ਕੁੱਲਰੀਆਂ ਜ਼ਿਲ੍ਹਾ ਮਾਨਸਾ ਵਿਖੇ ਆਬਾਦਕਾਰਾਂ ਤੋਂ ਜ਼ਮੀਨ ਖੋਹਣ ਦੀਆਂ ਕੋਸ਼ਿਸ਼ਾਂ ਦਾ ਸਖ਼ਤ ਨੋਟਿਸ ਲਿਆ ਗਿਆ। ਸੂਬਾ ਕਮੇਟੀ ਮੈਂਬਰ ਕੁਲਵੰਤ ਸਿੰਘ ਕਿਸ਼ਨਗੜ੍ਹ ਅਤੇ ਮਹਿੰਦਰ ਸਿੰਘ ਦਿਆਲਪੁਰਾ ਨੇ ਦੱਸਿਆ ਕਿ ਇਸ ਪਿੰਡ ਦੇ ਕਿਸਾਨ ਜਿਹੜੀ ਜਮੀਨ ਨੂੰ ਪਿਛਲੇ 65 ਸਾਲਾਂ ਤੋਂ ਵਾਹੁੰਦੇ ਆ ਰਹੇ ਹਨ, ਉਸ ਦੀਆਂ ਗਿਰਦਾਵਰੀਆਂ ਤੋੜ ਕੇ ਪੰਚਾਇਤ ਦੇ ਨਾਮ ਕਰ ਦਿੱਤੀਆਂ ਹਨ ਅਤੇ ਜ਼ਮੀਨਾਂ ਪੰਚਾਇਤ ਵੱਲੋਂ ਖੋਹਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਥੇਬੰਦੀ ਦੀ ਜ਼ਿਲ੍ਹਾ ਮਾਨਸਾ ਕਮੇਟੀ ਨੇ ਇਹ ਘੋਲ ਆਪਣੇ ਹੱਥ ਲਿਆ ਹੋਇਆ ਹੈ। ਸੂਬਾ ਕਮੇਟੀ ਨੇ ਸਾਰੇ ਮਸਲੇ ਨੂੰ ਗੰਭੀਰਤਾ ਨਾਲ ਵਿਚਾਰ ਕੇ ਐਲਾਨ ਕੀਤਾ ਕਿ ਸਮੁੱਚੀ ਜਥੇਬੰਦੀ ਪਿੰਡ ਕੁੱਲਰੀਆਂ ਦੇ ਕਿਸਾਨਾਂ ਦੀ ਪਿੱਠ ਤੇ ਖੜ੍ਹੇਗੀ। ਜ਼ਮੀਨ ਤੇ ਆਬਾਦਕਾਰਾਂ ਦਾ ਕਬਜ਼ਾ ਬਰਕਰਾਰ ਰੱਖ ਕੇ ਫਸਲਾਂ ਬੀਜੀਆਂ ਜਾਣਗੀਆਂ।                                                     
       ਇਸ ਤੋਂ ਇਲਾਵਾ ਬਰਨਾਲਾ ਵਿਖੇ ਕੋਲੋਨਾਈਜਰ ਦੀ ਸ਼ਹਿ ਤੇ ਮਿਉਂਸਪਲ ਅਧਿਕਾਰੀ ਸਲੀਮ ਮੁਹੰਮਦ ਵੱਲੋਂ ਭਾਕਿਯੂ ਏਕਤਾ ਡਕੌਂਦਾ ਦੇ ਸਰਗਰਮ ਕਾਰਕੁੰਨ ਅਰੁਣ ਕੁਮਾਰ ਵਾਹਿਗੁਰੂ ਸਿੰਘ ਤੇ ਹਮਲਾ ਕਰ ਕੇ ਉਲਟਾ ਕ੍ਰਾਸ ਕੇਸ ਬਣਾਉਣ ਦਾ ਮਸਲਾ ਵਿਚਾਰਿਆ ਗਿਆ । ਬਰਨਾਲਾ ਜ਼ਿਲਾ ਕਮੇਟੀ ਨੇ ਇਹ ਘੋਲ ਆਪਣੇ ਹੱਥ ਲਿਆ ਹੋਇਆ ਹੈ। ਸੂਬਾ ਕਮੇਟੀ ਨੇ ਨੋਟ ਕੀਤਾ ਕਿ ਇਸ ਮਸਲੇ ਵਿੱਚ ਗੁੰਡਾ-ਪੁਲਿਸ ਅਤੇ ਸਿਆਸੀ ਗੱਠਜੋੜ ਮਿਲ ਕੇ ਧੱਕੇਸ਼ਾਹੀ ਕਰ ਰਹੇ ਹਨ। ਬਰਨਾਲਾ ਦੀ ਧਰਤੀ ਤੇ ਪਹਿਲਾਂ ਵੀ ਇਸ ਤਰਾਂ ਦੇ ਗੱਠਜੋੜਾਂ ਖਿਲਾਫ ਘੋਲ ਲੜੇ ਗਏ ਹਨ। ਸੂਬਾ ਕਮੇਟੀ ਇਸ ਮਸਲੇ ਤੇ ਪਲ ਪਲ ਦੀ ਜਾਣਕਾਰੀ ਲੈ ਰਹੀ ਹੈ। ਇਸ ਗੁੰਡਾਗਰਦੀ ਦਾ ਡਟ ਕੇ ਟਾਕਰਾ ਕੀਤਾ ਜਾਵੇਗਾ।
       ਤਿੰਨ ਜੁਲਾਈ ਨੂੰ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਲੁਧਿਆਣਾ ਵਿਖੇ ਹੋ ਰਹੀ ਹੈ। ਉਸ ਵਿੱਚ ਮੱਕੀ, ਮੂੰਗੀ ਅਤੇ ਬਾਸਮਤੀ ਦੀ ਐੱਮ ਐੱਸ ਪੀ ਬਾਰੇ ਅਤੇ ਹੋਰ ਅਜੰਡੇ ਵਿਚਾਰੇ ਜਾਣਗੇ। ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਉਸ ਮੀਟਿੰਗ ਦੇ ਫੈਸਲਿਆਂ ਨੂੰ ਵੱਧ ਚੜ੍ਹ ਕੇ ਲਾਗੂ ਕਰੇਗੀ। ਸੂਬਾ ਕਮੇਟੀ ਮੈਂਬਰ ਅੰਮ੍ਰਿਤ ਪਾਲ ਕੌਰ ਨੇ ਡਾਕਟਰ ਨਵਸ਼ਰਨ ਨੂੰ ਕੇਂਦਰ ਸਰਕਾਰ ਦੀਆਂ ,ਏਜੰਸੀਆਂ ਵੱਲੋਂ ਤੰਗ ਪ੍ਰੇਸ਼ਾਨ ਕਰਨ ਦੀ ਨਿਖੇਧੀ ਕੀਤੀ। ਜਥੇਬੰਦੀ ਦੀ ਮੈਂਬਰਸ਼ਿਪ ਦਾ ਜਾਇਜ਼ਾ ਲਿਆ ਗਿਆ। ਜਲਦੀ ਤੋਂ ਜਲਦੀ ਮੈਂਬਰਸ਼ਿਪ ਮੁਕੰਮਲ ਕਰ ਕੇ ਚੋਣਾਂ ਕਰਵਾਈਆਂ ਜਾਣਗੀਆਂ।
      ਸੂਬਾ ਸੀਨੀਅਰ ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ ਨੇ ਕਿਹਾ ਕਿ ਮਸਤੂਆਣਾ ਵਿਖੇ ਸਰਕਾਰੀ ਮੈਡੀਕਲ ਕਾਲਜ ਨੂੰ ਜ਼ਮੀਨ ਦੇਣ ਬਾਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਟੇਅ ਲ਼ੈ ਕੇ ਕਾਲਜ ਦੀ ਉਸਾਰੀ ਰੋਕਣ ਖਿਲਾਫ ਘੋਲ ਦੀ ਡਟਵੀਂ ਹਮਾਇਤ ਕੀਤੀ ਜਾਵੇਗੀ।

Spread the love
Scroll to Top